ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਹਰ ਧਿਰ ਪੂਰੀ ਸਰਗਰਮ ਹੈ, ਓਥੇ ਸੱਤਾਧਾਰੀ ਕਾਂਗਰਸ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰ ਰਹੀ ਹੈ, ਲਗਾਤਾਰ ਪਾਰਟੀ ਦੇ ਸੀਨੀਅਰ ਆਗੂ ਬਗਾਵਤ ਕਰ ਰਹੇ ਹਨ, ਹਾਲਤ ਇਹੋ ਜਿਹੇ ਬਣੇ ਹੋਏ ਹਨ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੁਦ ਇਹ ਕਹਿ ਦਿਤਾ ਹੈ ਕਿ ਕਾਂਗਰਸ ਨੂੰ ਹੋਰ ਕੋਈ ਨਹੀਂ ਹਰਾ ਸਕਦਾ, ਕਾਂਗਰਸ ਹੀ ਹਰਾਵੇਗੀ।
ਕਾਂਗਰਸ ਦੇ ਆਗੂ ਲਗਾਤਾਰ ਪਾਰਟੀ ਛੱਡ ਕੇ ਜਾ ਰਹੇ ਹਨ, ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਕਾਂਗਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਚੋਣ ਜਾਬਤਾ ਲੱਗਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਦੋ ਦਿੱਗਜ ਆਗੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ। ਅੱਜ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹੇ ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ ‘ਚ ਸਾਮਲ ਹੋ ਗਏ। ਉਨਾਂ ਦੇ ਨਾਲ ਉਨਾਂ ਦੇ ਦੋਵੇਂ ਬੇਟੇ ਯਾਦਵਿੰਦਰ ਸਿੰਘ ਕੰਗ ਉਰਫ ਬਨੀ ਕੰਗ ਅਤੇ ਅਮਰਿੰਦਰ ਸਿੰਘ ਕੰਗ ਵੀ ‘ਆਪ’ ਵਿੱਚ ਸ਼ਾਮਲ ਹੋ ਗਏ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਇਹ ਤਿੰਨੇ ਨੇਤਾ ‘ਆਪ’ ਵਿੱਚ ਸਾਮਲ ਹੋਏ।ਜਗਮੋਹਨ ਸਿੰਘ ਕੰਗ ਪੰਜਾਬ ਕਾਂਗਰਸ ਪ੍ਰਦੇਸ ਕਮੇਟੀ ਦੇ ਮੀਤ ਪ੍ਰਧਾਨ ਦੇ ਅਹੁਦੇ ‘ਤੇ ਸਨ। ਉਹ 1992-97, 2002 ਤੋਂ 2007 ਅਤੇ 2012 ਤੋਂ 2017 ਤੱਕ ਤਿੰਨ ਵਾਰ ਵਿਧਾਇਕ ਰਹੇ ਅਤੇ 1992 ਤੋਂ 1995 ਤੱਕ ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ। ਕੰਗ ਨੂੰ ਪੰਜਾਬ ਵਿਚ ਕਾਂਗਰਸ ਦਾ ਵੱਡਾ ਨੇਤਾ ਮੰਨਿਆ ਜਾਂਦਾ ਹੈ ਅਤੇ ਖਰੜ ਅਤੇ ਆਨੰਦਪੁਰ ਸਾਹਿਬ ਖੇਤਰ ਦੇ ਲੋਕਾਂ ਵਿਚ ਉਨਾਂ ਦੀ ਡੂੰਘੀ ਪਕੜ ਹੈ। ਉਨਾਂ ਦਾ ਛੋਟਾ ਪੁੱਤਰ ਅਮਰਿੰਦਰ ਸਿੰਘ ਕੰਗ ਪੰਜਾਬ ਕਾਂਗਰਸ ਦੇ ਸੋਸਲ ਮੀਡੀਆ ਵਿੰਗ ਦਾ ਸੂਬਾ ਜਨਰਲ ਸਕੱਤਰ ਸੀ। ਉਨਾਂ ਨੇ ਦੇਸ ਦੇ ਪ੍ਰਸਿੱਧ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਇੰਜਨੀਅਰਿੰਗ ਦੀ ਪੜਾਈ ਕੀਤੀ ਹੈ ਅਤੇ ਖਰੜ ਵਿਧਾਨ ਸਭਾ ਅਤੇ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਰਾਜਨੀਤੀ ਵਿੱਚ ਪਿਛਲੇ 19 ਸਾਲਾਂ ਤੋਂ ਸਰਗਰਮ ਹਨ। ਇਸ ਦੇ ਨਾਲ ਹੀ ਉਨਾਂ ਦਾ ਵੱਡਾ ਪੁੱਤਰ ਯਾਦਵਿੰਦਰ ਸਿੰਘ ਕੰਗ ਜਲਿਾ ਪ੍ਰੀਸਦ (ਖਿਜਰਾਬਾਦ) ਦਾ ਮੈਂਬਰ ਹੈ ਅਤੇ ਇਲਾਕੇ ਦਾ ਸਰਗਰਮ ਕਾਂਗਰਸੀ ਨੇਤਾ ਹੈ। ਆਮ ਆਦਮੀ ਪਾਰਟੀ ਵਿੱਚ ਸਾਮਲ ਹੋਣ ਤੋਂ ਬਾਅਦ ਜਗਮੋਹਨ ਕੰਗ ਨੇ ਕਿਹਾ ਕਿ ਕਾਂਗਰਸ ਦੀ ਆਪਸੀ ਫੁੱਟ ਤੋਂ ਪੰਜਾਬ ਦੇ ਲੋਕ ਤੰਗ ਆ ਚੁੱਕੇ ਹਨ। ਕਾਂਗਰਸ ਹੁਣ ਮੌਕਾਪ੍ਰਸਤ ਅਤੇ ਸੱਤਾ ਦੇ ਲਾਲਚੀ ਲੋਕਾਂ ਦੀ ਪਾਰਟੀ ਬਣ ਗਈ ਹੈ। ਕੁਰਸੀ ਲਈ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਦਾ ਖਮਿਆਜਾ ਪੰਜਾਬ ਦੇ ਗਰੀਬਾਂ ਅਤੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਕਾਂਗਰਸ ਪੂਰੀ ਤਰਾਂ ਨਾਲ ਆਪਣੇ ਆਦਰਸਾਂ ਅਤੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ।
ਬਾਵਾ ਤੇ ਟਿੱਕਾ ਨੇ ਵੀ ਦਿੱਤਾ ਅਸਤੀਫਾ
ਗੁਰਪ੍ਰੀਤ ਗੋਗੀ ਤੇ ਜਸਬੀਰ ਸਿੰਘ ਜੱਸੀ ਖੰਗੂੜਾ ਦੇ ਅਸਤੀਫੇ ਤੋਂ ਬਾਅਦ ਸੀਨੀਅਰ ਆਗੂ ਕੇਕੇ ਬਾਵਾ ਤੇ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ 10 ਸਾਲ ਤਕ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਹੇ ਗੁਰਪ੍ਰੀਤ ਗੋਗੀ ਲੁਧਿਆਣਾ ਦੱਖਣੀ ਤੋਂ ਟਿਕਟ ਨਾ ਮਿਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਉਹ ਲੁਧਿਆਣਾ ਪੱਛਮੀ ਤੋਂ ‘ਆਪ’ ਦੀ ਟਿਕਟ ‘ਤੇ ਮੰਤਰੀ ਆਸ਼ੂ ਖਿਲਾਫ਼ ਚੋਣ ਲੜ ਚੁੱਕੇ ਹਨ। ਜਗਰਾਉਂ ਦੇ ਅਵਤਾਰ ਸਿੰਘ ਚੀਮਾ ਮੀਨਾਕਸ਼ੀ ਲੇਖੀ ਦੀ ਹਾਜ਼ਰੀ ‘ਚ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਸਾਹਨੇਵਾਲ ਤੋਂ ਸਤਵਿੰਦਰ ਕੌਰ ਬਿੱਟੀ, ਜਗਰਾਉਂ ਤੋਂ ਅਵਤਾਰ ਸਿੰਘ ਚੀਮਾ ਸਮੇਤ ਛੇ ਆਗੂ ਬਾਗੀ ਹੋ ਚੁੱਕੇ ਹਨ। ਸਮਰਾਲਾ ਤੋਂ ਚਾਰ ਵਾਰ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ, ਜਦਕਿ ਕਿਲਾ ਰਾਏਪੁਰ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਪਹਿਲਾਂ ਹੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ। ਅਜਿਹੇ ‘ਚ ਕਾਂਗਰਸ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੱਖਣੀ ਤੋਂ ਸੀਟ ਨਾ ਮਿਲਣ ‘ਤੇ ਤੁਰੰਤ ਗੁੱਸਾ ਜ਼ਾਹਰ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਕੇ.ਕੇ ਬਾਵਾ ਨੇ ਆਪਣੀ ਹੀ ਪਾਰਟੀ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਰੁੱਧ ਚੋਣ ਲੜਨ ਦਾ ਐਲਾਨ ਕੀਤਾ ਹੈ। ਬਾਵਾ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਲੁਧਿਆਣਾ ਪੱਛਮੀ ਤੋਂ ਨਾਮਜ਼ਦਗੀ ਦਾਖ਼ਲ ਕਰਨਗੇ। ਇੱਕ ਦਿਨ ਪਹਿਲਾਂ ਹੀ ਦੈਨਿਕ ਜਾਗਰਣ ਨੇ ਸੰਭਾਵਨਾ ਜਤਾਈ ਸੀ ਕਿ ਨਾਰਾਜ਼ ਬਾਵਾ ਆਪਣੇ ਮੰਤਰੀ ਖ਼ਿਲਾਫ਼ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਬਾਵਾ ਨੇ ਕਿਹਾ ਕਿ ਪਾਰਟੀ ‘ਚ ਪੈਸੇ ਅਤੇ ਪਹੁੰਚ ਦੇ ਆਧਾਰ ‘ਤੇ ਟਿਕਟਾਂ ਵੰਡੀਆਂ ਗਈਆਂ ਹਨ ਭਾਵੇਂ ਕਿ ਉਹ 40 ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰ ਰਹੇ ਹਨ।
ਕੇਪੀ ਨਹੀਂ ਕੋਟਲੀ ਹੋਣਗੇ ਆਦਮਪੁਰ ਤੋਂ ਉਮੀਦਵਾਰ
ਆਦਮਪੁਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੂੰ ਲੈ ਕੇ ਬਣਿਆਂ ਭੰਬਲਭੂਸਾ ਅਖੀਰ ਖਤਮ ਹੋ ਗਿਆ। ਇਸ ਹਲਕੇ ਤੋਂ ਪਹਿਲਾਂ ਐਲਾਨੇ ਗਏ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਉਪਰ ਹੀ ਪਾਰਟੀ ਨੇ ਭਰੋਸਾ ਪ੍ਰਗਟਾਇਆ ਹੈ ਹਾਲਾਂਕਿ ਸਵੇਰੇ ਤੜਕੇ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਦੇ ਨਾਰਾਜ਼ ਆਗੂ ਮੋਹਿੰਦਰ ਸਿੰਘ ਕੇਪੀ ਇਥੋਂ ਕੋਟਲੀ ਦੀ ਟਿਕਟ ਕਟਵਾਉਣ ਵਿਚ ਕਾਮਯਾਬ ਹੋ ਸਕਦੇ ਹਨ। ਦੁਪਹਿਰ ਤਕ ਦੋਵੇਂ ਹੀ ਕਾਂਗਰਸੀ ਆਗੂ ਨਗਰ ਨਿਗਮ ਵਿਚ ਬਣੇ ਰਿਟਰਨਿੰਗ ਅਫ਼ਸਰ ਦੇ ਦਫਤਰ ਬਾਹਰ ਬੈਠੇ ਹੋਏ ਸਨ ਅਤੇ ਪਾਰਟੀ ਹਾਈਕਮਾਨ ਵੱਲੋਂ ਕਿਸ ਨੂੰ ਉਮੀਦਵਾਰ ਬਣਾਇਆ ਜਾਵੇਗਾ, ਉਸ ਚਿੱਠੀ ਦੀ ਉਡੀਕ ਕਰ ਰਹੇ ਸਨ। ਅਖੀਰ ਦੋ ਵਜੇ ਤੋਂ ਬਾਅਦ ਮੋਹਿੰਦਰ ਸਿੰਘ ਕੇਪੀ ਨਗਰ ਨਿਗਮ ਦਫ਼ਤਰ ਵਿਚੋਂ ਚੁਪਚਾਪ ਚਲੇ ਗਏ ਜਦੋਕਿ ਸੁਖਵਿੰਦਰ ਸਿੰਘ ਕੋਟਲੀ ਉਥੇ ਹੀ ਰਹੇ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਪਾਰਟੀ ਹਾਈਕਮਾਨ ਵੱਲੋਂ ਜਿਹੜੀ ਚਿੱਠੀ ਭੇਜੀ ਗਈ ਹੈ, ਉਸ ਵਿਚ ਸੁਖਵਿੰਦਰ ਕੋਟਲੀ ਦੇ ਨਾਮ ਉਤੇ ਮੋਹਰ ਲਾਈ ਗਈ ਹੈ।
Comment here