ਜਲੰਧਰ-ਪੰਜਾਬ ਕਾਂਗਰਸ ’ਚ ਧੜੇਬੰਦੀ ਨੂੰ ਲੈ ਕੇ ਟਿਕਟਾਂ ਦੇ ਐਲਾਨ ’ਚ ਦੇਰੀ ਨਾਲ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ’ਚ ਅਜੇ ਇਕ ਹਫਤੇ ਦਾ ਹੋਰ ਸਮਾਂ ਲੱਗ ਸਕਦਾ ਹੈ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਸ ਮਾਮਲੇ ’ਚ ਅੱਗੇ ਹਨ ਅਤੇ ਐਲਾਨੇ ਗਏ ਉਮੀਦਵਾਰਾਂ ਵੱਲੋਂ ਪ੍ਰਚਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਅਕਾਲੀ ਅਤੇ ‘ਆਪ’ ਉਮੀਦਵਾਰਾਂ ਨੂੰ ਰੁੱਸਿਆਂ ਨੂੰ ਮਨਾਉਣ ਦਾ ਸਮਾਂ ਵੀ ਮਿਲ ਗਿਆ ਹੈ ਅਤੇ ਕਾਂਗਰਸ ਲਈ ਅਜੇ ਉਮੀਦਵਾਰਾਂ ਦੇ ਨਾਂ ਪੱਕੇ ਕਰਨ ’ਚ ਹੀ ਪਸੀਨੇ ਛੁੱਟ ਰਹੇ ਹਨ। ਕਮਜ਼ੋਰ ਲੀਡਰਸ਼ਿਪ ਕਾਰਨ ਕਾਂਗਰਸ ’ਚ ਟਿਕਟ ਕੱਟਣ ਦਾ ਫੈਸਲਾ ਵੀ ਨਹੀਂ ਲਿਆ ਜਾ ਰਿਹਾ ਹੈ। ਕਾਂਗਰਸ ਸੂਤਰਾਂ ਅਨੁਸਾਰ ਨਾਂ ਪੱਕੇ ਕਰਨ ਤੋਂ ਪਹਿਲਾਂ ਪਾਰਟੀ ਇਕ ਹੋਰ ਸਰਵੇ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਜਿੱਥੇ ਉਮੀਦਵਾਰ ਬਦਲਣ ਲਈ ਦਬਾਅ ਹੈ, ਜਿੱਥੇ ਨਵੇਂ ਸੰਭਾਵਿਤ ਚਿਹਰਿਆਂ ਸਬੰਧੀ ਵਿਸ਼ੇਸ਼ ਸਰਵੇ ਕਰਵਾਇਆ ਜਾ ਰਿਹਾ ਹੈ। ਕਾਂਗਰਸੀ ਟਿਕਟ ਲਈ ਜਲੰਧਰ ਸੈਂਟਰਲ, ਨਕੋਦਰ ’ਚ ਸੱਭ ਤੋਂ ਵੱਧ ਦਾਅਵੇਦਾਰ ਹਨ। ਸੈਂਟਰਲ ਹਲਕੇ ’ਚ ਮੇਅਰ ਜਗਦੀਸ਼ ਰਾਜਾ ਅਤੇ ਮਹਿਲਾ ਕਾਂਗਰਸ ਪ੍ਰਧਾਨ ਡਾ. ਜਸਲੀਨ ਸੇਠੀ ਸਮੇਤ ਕਰੀਬ 18 ਆਗੂ ਟਿਕਟ ਦੇ ਚਾਹਵਾਨ ਹਨ। ਵੈਸਟ ਹਲਕੇ ’ਚੋਂ ਮਹਿੰਦਰ ਸਿੰਘ ਕੇਪੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਵੀ ਟਿਕਟ ਲਈ ਦੌੜ ਲਾ ਰਹੇ ਹਨ।
ਸਿਆਸੀ ਕਾਰਨਾਂ ਕਰ ਕੇ ਟਿਕਟ ਲਟਕਾਉਣ ਦੀ ਕੋਸ਼ਿਸ਼
ਕੁਝ ਟਿਕਟਾਂ ਨੂੰ ਸ਼ਿਆਸੀ ਧੜੇਮੰਦੀ ਕਾਰਨ ਲਟਕਾਇਆ ਜਾ ਰਿਹਾ ਹੈ। ਜਿੱਥੇ ਸਿਆਸਤ ਹਾਵੀ ਹੈ, ਉਨ੍ਹਾਂ ਸੀਟਾਂ ਦੇ ਉਮੀਦਵਾਰਾਂ ਦਾ ਨਾਂ ਪਹਿਲੀ ਸੂਚੀ ’ਚ ਨਾ ਪਾਏ ਜਾਣ ਦੀ ਗੱਲ ਵੀ ਚੱਲ ਰਹੀ ਹੈ। ਸਥਾਨਕ ਆਗੂਆਂ ਦੇ ਵੱਡੇ ਕੁਨੈਕਸ਼ਨ ਟਿਕਟ ਦਾ ਐਲਾਨ ਕਰਨ ’ਚ ਦੇਰੀ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਹਨ। ਹਾਲਾਂਕਿ ਗੁਪਤਚਰ ਵਿਭਾਗ ਦੀ ਰਿਪੋਰਟ ’ਚ ਜਲੰਧਰ ਸ਼ਹਿਰ ਦੀਆਂ ਜ਼ਿਆਦਾਤਰ ਸੀਟਾਂ ’ਤੇ ਕਾਂਗਰਸ ਦਾ ਹੱਥ ਮਜ਼ਬੂਤ ਦੱਸਿਆ ਜਾ ਰਿਹਾ ਹੈ ਅਤੇ ਦਿਹਾਤ ਦੀਆਂ ਕੁਝ ਸੀਟਾਂ ’ਤੇ ਬਦਲਾਅ ਦੀ ਗੱਲ ਕਹੀ ਜਾ ਰਹੀ ਹੈ ਪਰ ਸ਼ਹਿਰ ’ਚ ਵੀ ਸੀਟਾਂ ’ਤੇ ਉਮੀਦਵਾਰ ਬਦਲਣ ਲਈ ਦਬਾਅ ਕੰਮ ਕਰ ਰਿਹਾ ਹੈ। ਇਸੇ ਕਾਰਨ ਇਕ ਤੋਂ ਬਾਅਦ ਇਕ ਕਈ ਸਰਵੇ ਕਰਵਾਏ ਜਾ ਰਹੇ ਹਨ। ਪੁਰਾਣੇ ਚਿਹਰਿਆਂ ਨੂੰ ਜੇਕਰ ਬਦਲ ਦਿੱਤਾ ਜਾਂਦਾ ਹੈ ਤਾਂ ਸੰਭਾਵਿਤ ਚਿਹਰਿਆਂ ਦੀ ਕੀ ਸਥਿਤੀ ਰਹੇਗੀ, ਇਸ ’ਤੇ ਵੀ ਸਰਵੇ ਹੋ ਰਹੇ ਹਨ।
ਪਿਛਲੀ ਵਾਰ 16 ਦਸੰਬਰ ਨੂੰ ਆ ਗਈ ਸੀ 61 ਉਮੀਦਵਾਰਾਂ ਦੀ ਸੂਚੀ
ਟਿਕਟਾਂ ਦੇ ਐਲਾਨ ’ਚ ਇਸ ਵਾਰ ਕਾਂਗਰਸ ਕਾਫੀ ਪਿਛੜੀ ਨਜ਼ਰ ਆ ਰਹੀ ਹੈ। ਪਿਛਲੀ ਵਾਰ ਕਾਂਗਰਸ ਨੇ 16 ਦਸੰਬਰ ਨੂੰ 61 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਸੀ। ਦੂਸਰੀ ਸੂਚੀ ਵੀ 23 ਦਸੰਬਰ ਨੂੰ ਜਾਰੀ ਹੋ ਗਈ ਸੀ ਅਤੇ ਸਿਰਫ ਕੁਝ ਸੀਟਾਂ ’ਤੇ ਬਦਲਾਅ ਕਾਰਨ ਜਨਵਰੀ ਦੇ ਤੀਸਰੇ ਹਫਤੇ ਨਾਮਿਨੇਸ਼ਨ ਤਕ ਲਿਸਟ ਨੂੰ ਰੋਕਿਆ ਗਿਆ ਸੀ। ਇਸ ਵਾਰ ਕਾਂਗਰਸ ਪਹਿਲੀ ਸੂਚੀ ਜਾਰੀ ਕਰਨ ’ਚ ਹੀ 20 ਦਿਨ ਪਿੱਛੇ ਹੈ। ਇਸੇ ਕਾਰਨ ਕਾਂਗਰਸੀ ਆਗੂਆਂ ’ਚ ਵੀ ਬੇਭਰੋਸਗੀ ਬਣੀ ਹੋਈ ਹੈ। ਮੌਜੂਦਾ ਵਿਧਾਇਕਾਂ ’ਤੇ ਦੂਸਰੇ ਸਿਆਸੀ ਪਾਰਟੀਆਂ ਵੀ ਡੋਰੇ ਪਾ ਰਹੀਆਂ ਹਨ। ਪੰਜਾਬ ’ਚ ਕਈ ਵਿਧਾਇਕਾਂ ਨੇ ਪਿਛਲੇ ਦਿਨੀਂ ਹੀ ਪਾਰਟੀਆਂ ਬਦਲੀਆਂ ਹਨ।
ਪੰਜਾਬ ਕਾਂਗਰਸ ’ਚ ਧੜੇਬੰਦੀ ਕਾਰਨ ਟਿਕਟਾਂ ਐਲਾਨਣ ’ਚ ਦੇਰੀ ਕਰੇਗੀ ਨੁਕਸਾਨ

Comment here