ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਪੰਜਾਬੀ ਮਾਂ ਬੋਲੀ ਲਈ ਦਰਦ ਗੱਲਾਂ ਚ ਜਤਾਉਣ ਤੋਂ ਅੱਗੇ ਵੀ ਵਧਣਾ ਪਊ..

ਅਮਨ

ਭਾਰਤ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵੱਲੋਂ ਪੰਜਾਬੀ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਲਾਜ਼ਮੀ ਵਿਸ਼ੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪੰਜਾਬੀ ਮਾਂ ਬੋਲੀ ਨੂੰ ਪਿਆਰਨ ਵਾਲੇ ਬੇਹੱਦ ਚਿੰਤਤ ਹਨ, ਕਿਉਂਕਿ ਮਾਂ ਬੋਲੀ ਤੋਂ ਬੱਚੇ ਨੂੰ ਦੂਰ ਕਰਨ ਦਾ ਸਿੱਧਾ ਅਰਥ ਨਸਲਾਂ ਨੂੰ ਉਹਨਾਂ ਦੇ ਸਭਿਆਚਾਰ, ਵਿਰਸੇ, ਧਰਮ ਤੇ ਮੁੱਖ ਗੱਲ ਕਿ ਜੜ੍ਹਾਂ ਤੋਂ ਦੂਰ ਕਰਨਾ ਹੈ। ਭਾਰਤ ਦੀ ਮੌਜੂਦਾ ਹਾਕਮੀ ਧਿਰ ਹੌਲੀ ਹੌਲੀ ਆਪਣੀ ਕੱਟੜ ਵਿਚਾਰਧਾਰਾ ਦੇ ਇੱਕ ਰਾਸ਼ਟਰ ਇੱਕ ਭਾਸ਼ਾ ਦੇ ਏਜੰਡੇ ਤੇ ਹੀ ਕਾਰਜ ਕਰਦੀ ਹੋਈ ਅੱਗੇ ਵਧ ਰਹੀ ਹੈ, ਠੋਸ ਵਿਰੋਧ ਨਾ ਹੋਣ ਕਰਕੇ ਉਹ ਆਪਣੇ ਮਨਸੂਬਿਆਂ ਚ ਸਫਲ ਹੁੰਦੀ ਵੀ ਦਿਸ ਰਹੀ ਹੈ। ਆਰ ਐਸ ਐਸ ਦੇ ਬੁਲਾਰੇ ਤਾਂ ਪੰਜਾਬੀ ਬੋਲੀ ਨੂੰ ਸਿੱਖਾਂ ਦੀ ਬੋਲੀ/ਭਾਸ਼ਾ ਕਹਿ ਕੇ ਮਾਂ ਬੋਲੀ ਦਾ ਦਾਇਰਾ ਸੁੰਗੇੜਨ ਦੇ ਯਤਨ ਕਰਦੇ ਰਹਿੰਦੇ ਹਨ। ਹੁਣ ਜਦ ਪੰਜਾਬੀ ਭਾਸ਼ਾ ਨੂੰ ਸੀ ਬੀ ਐੱਸ ਈ ਨੇ ਲਾਜ਼ਮੀ ਵਿਸ਼ੇ ਤੋਂ ਬਾਹਰ ਕਰਨ ਦਾ ਫੈਸਲਾ ਲਾਗੂ ਕੀਤਾ ਤਾਂ ਮੀਡੀਆ ਹਲਕਿਆਂ ਚ, ਸੋਸ਼ਲ ਮੀਡੀਆ ਤੇ, ਬੁਧੀਜੀਵੀ ਵਰਗਾਂ ਚ ਇਸ ਬਾਰੇ ਚਰਚਾ ਤੇ ਫਿਕਰ ਹੋਣ ਲੱਗਿਆ ਹੈ। ਪਰ ਆਮ ਲੋਕਾਂ ਨੂੰ ਇਸ ਗੰਭੀਰ ਮਸਲੇ ਬਾਰੇ ਬਹੁਤੀ ਪ੍ਰਵਾਹ ਹੀ ਨਹੀਂ ਹੈ, ਜਦਕਿ ਮਾਂ ਬੋਲੀ ਨੂੰ ਸਾਂਭਣਾ, ਪ੍ਰਫੁਲਿਤ ਕਰਨਾ ਆਮ ਬੰਦੇ ਦਾ ਮੁਢਲਾ ਫਰਜ਼ ਹੈ।

ਮੇਰਾ ਦਾਗ਼ਿਸਤਾਨ ਕਿਤਾਬ ਵਿੱਚ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਸ ਦੇ ਦੇਸ਼ ਵਿੱਚ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਬਦ-ਦੁਆ ਦੇਣੀ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ-ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।

ਅਮਰੀਕੀ ਕਵੀ ਓਲੀਵਰ ਵੈਂਡਲ ਹੋਲਮਸ ਸੀਨੀਅਰ ਨੇ ਕਿਹਾ ਸੀ ਕਿ ਮਾਤ ਭਾਸ਼ਾ ਕਿਸੇ ਵੀ ਮਨੁੱਖ ਦੀ ਆਤਮਾ ਦੇ ਉਸ ਲਹੂ ਵਾਂਗ ਹੁੰਦੀ ਹੈ ਜਿਸ ‘ਚੋਂ ਉਸ ਦੀ ਵਿਚਾਰਧਾਰਾ ਉਪਜਦੀ ਅਤੇ ਵਿਕਾਸ ਕਰਦੀ ਹੈ।
ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਨਾਲ ਉਸ ਭਾਸ਼ਾ ਵਿਚ ਗੱਲ ਕਰੋ ਜਿਸ ਨੂੰ ਉਹ ਸਿਰਫ ਸਮਝਦਾ ਹੈ ਤਾਂ ਉਹ ਗੱਲ ਉਸ ਦੇ ਦਿਮਾਗ ਵਿੱਚ ਜਾਂਦੀ ਹੈ ਪਰ ਜੇਕਰ ਤੁਸੀਂ ਉਹੀ ਗੱਲ ਉਸ ਦੀ ਮਾਤ ਭਾਸ਼ਾ ਵਿੱਚ ਕਰੋ ਤਾਂ ਉਹ ਗੱਲ ਉਸ ਦੇ ਦਿਲ ਚ ਹਮੇਸ਼ਾ ਲਈ ਲਹਿ ਜਾਂਦੀ ਹੈ।
ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ, ਉਸੇ ਤਰ੍ਹਾਂ ਦੁਨੀਆ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਬੋਲੀ ਦੀ ਜਗ੍ਹਾ ਨਹੀਂ ਦੇ ਸਕਦੇ। ਇਹ ਹੈ ਮਾਂ ਬੋਲੀ ਦੀ ਮਹਾਨਤਾ। 
ਪਰ ਪੰਜਾਬੀਆਂ ਨੇ ਮਾਂ ਬੋਲੀ ਨਾਲ ਜੋ ਵਿਤਕਰਾ ਕੀਤਾ, ਉਹ ਅੱਜ ਦੀ ਗੱਲ ਨਹੀਂ, ਉਹ ਦਹਾਕੇ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ।  ਆਲੇ ਦੁਆਲੇ ਝਾਤ ਮਾਰੀਏ ਤਾਂ ਸਾਨੂੰ ਪਤਾ ਲੱਗ ਹੀ ਜਾਵੇਗਾ ਕਿ ਸਾਡੇ ਰਿਸ਼ਤੇਦਾਰਾਂ, ਜਾਣਕਾਰਾਂ ਵਿਚੋਂ ਕਿੰਨੇ ਲੋਕ ਨੇ ਜੋ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਨਿਰਲੋ, ਠੇਠ ਪੰਜਾਬੀ ਬੋਲਣ, ਉਹ ਪੰਜਾਬੀ ਨੂੰ ਗਵਾਰਾਂ ਦੀ ਬੋਲੀ ਮੰਨਦਿਆਂ ਬੱਚਿਆਂ ਨੂੰ ਹਿੰਦੀ, ਅੰਗਰੇਜ਼ੀ ਬੋਲਣ ਲਈ ਮਜਬੂਰ ਕਰਦੇ ਨੇ। ਅਸੀਂ ਲੋਕਾਂ ਨੇ ਤਾਂ ਰਿਸ਼ਤੇ ਵੀ ਅੰਗਰੇਜ਼ੀ ਵਾਲੇ ਬਣਾ ਲਏ, ਬੀਬੀ, ਬਾਪੂ, ਮਾਂ ਪਿਤਾਜੀ ਦੀ ਥਾਂ ਮੌਮ, ਡੈਡ, ਵੀਰ ਜੀ, ਭੈਣ ਜੀ ਦੀ ਥਾਂ ਬਰੋ, ਸਿਸ ਬਣ ਗਏ, ਚਾਚਾ-ਚਾਚੀ, ਤਾਇਆ-ਤਾਈ, ਭੂਆ-ਫੁੱਫੜ, ਮਾਸੀ-ਮਾਸੜ, ਮਾਮਾ-ਮਾਮੀ ਸਭ ਇੱਕ ਰਿਸ਼ਤੇ ਚ ਵਲੇਟ ਲਏ ਆਂਟੀ-ਅੰਕਲ..। ਸਰ, ਮੈਡਮ ਨੇ ਤਾਂ ਸਭ ਕੁਝ ਨਿਗਲ ਲਿਆ ਹੈ।ਅੰਗਰੇਜ਼ੀ ਤੇ ਹਿੰਦੀ ਦੇ ਬਹੁਤ ਸਾਰੇ ਲਫਜ਼ ਅਸੀਂ ਪੰਜਾਬੀਆਂ ਨੇ ਆਤਮਸਾਤ ਕਰ ਲਏ, ਹੁਣ ਲਾਰੀ ਤਾਂ ਚੜ੍ਹਦੇ ਨੀ, ਬੱਸ ਚੜ੍ਹਦੇ ਹਾਂ,  ਅਸੀਂ ਬਾਗ ਬਗੀਚੇ ਇੱਥੋਂ ਤੱਕ ਕਿ ਖੇਤ, ਬੰਬੀ ਤੇ ਨੀਂ ਜਾਂਦੇ, ਅਸੀਂ ਤਾਂ ਹੁਣ ਗਾਰਡਨ, ਫਾਰਮ ਤੇ ਜਾਂਦੇ ਆਂ..। ਅਸੀਂ ਹੁਣ ਮਾਝੇ, ਮਾਲਵੇ, ਦੁਆਬੇ ਵੱਲ ਦੇ ਆਂ .. ਇਹ ਨਹੀਂ ਕਹਿੰਦੇ, ਅਸੀਂ ਕਿਸੇ ਨਾ ਕਿਸੇ ਥਾਂ ਨੂੰ ਬਿਲੌਂਗ ਕਰਦੇ ਆਖਦੇ ਆਂ..। ਝੱਗਾ ਕਹਿਣ ਤੇ ਸਾਨੂੰ ਲਗਦਾ ਹੈ ਜਿਵੇਂ ਸਮਾਜ ਸਾਨੂੰ ਢੱਗਾ ਸਮਝੇਗਾ, ਅਸੀਂ ਸ਼ਰਟ ਕਹਿ ਕੇ ਪੜ੍ਹੇ ਲਿਖੇ ਹੋਣ ਦਾ ਸਬੂਤ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਬੱਚੇ, ਸਾਡੇ ਨੌਜਵਾਨ ਪੰਜਾਬੀ ਨੂੰ ਅੰਗਰੇਜ਼ੀ ਸੁਰ ਚ ਬੋਲ ਕੇ ਨਾ ਆਪਣੀ ਮਾਂ ਦੇ ਨਾ ਬੇਗਾਨੀ ਮਾਂ ਦੇ ਹੋਣ ਵੱਲ ਵਧ ਰਹੇ ਹਨ। ਘਰੋੜ ਕੇ ਢਿੱਡੋਂ ਨਿਕਲੇ ਲਫ਼ਜ਼ ਸਿੱਧੇ ਰੂਹ ਤੇ ਅਸਰ ਕਰਦੇ ਹੁੰਦੇ ਨੇ, ਪਰ ਅਸੀਂ ਤਾਂ ਆਪਣੀ ਮਾਂ ਬੋਲੀ ਨੂੰ ਬੇਗਾਨੇ ਬੋਲਾਂ ਹੇਠ ਦਰੜ ਕੇ ਮਾਰਨ ਦਾ ਕੋਝਾ ਯਤਨ ਤਾਂ ਖੁਦ ਕਰਦੇ ਹਾਂ। 
ਸਾਡਾ ਪੱਤਰਕਾਰ ਭਾਈਚਾਰਾ ਕਿੰਨੀ ਕੁ ਵਾਰ ਪੰਜਾਬ ਦੇ ਕਿਸੇ ਨੇਤਾ ਦੇ ਅੰਰਗੇਜ਼ੀ ਮਿਲਗੋਭੇ ਵਾਲੇ ਬੋਲਾਂ ਦਾ ਵਿਰੋਧ ਕਰਦਾ ਹੈ? 
ਸਾਡੇ ਪੰਜਾਬੀ ਦੇ ਮਹਾਨ ਅਖਵਾਉੰਦੇ ਚਿੰਤਕਾਂ ਦੇ ਜੁਆਕਾਂ ਨੂੰ ਸੁਆਲ ਜੁਆਬ ਕਰਕੇ ਦੇਖੋ ਪਤਾ ਲੱਗ ਜਾਵੇਗਾ ਕਿ ਉਹਨਾਂ ਦੀਵਿਆਂ ਹੇਠ ਕਿੰਨਾ ਹਨੇਰ ਹੈ। 
ਅੱਜ ਬਹਿਸ, ਚਰਚੇ ਕਰਨ ਦੇ ਨਾਲ ਨਾਲ ਲੋੜ ਇਸ ਗੱਲ ਦੀ ਹੈ ਕਿ ਉਚੇਰੀ ਪੜ੍ਹਾਈ, ਡਾਕਟਰੀ, ਵਕਾਲਤ ਅਤੇ ਹੋਰ ਕਿੱਤਾ ਮੁਖੀ ਕੋਰਸ ਪੰਜਾਬੀ ਭਾਸ਼ਾ ਵਿੱਚ ਹੋਣ, ਹਰੇਕ ਨੌਕਰੀ ਲਈ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਜਾਵੇ, ਤੇ ਸਭ ਤੋਂ ਜ਼ਰੂਰੀ ਸਾਰੇ ਸਰਕਾਰੀ ਕੰਮਕਾਜ, ਪੰਜਾਬ ਨਾਲ ਸੰਬੰਧਤ ਨਿਆਂਪਾਲਿਕਾ ਦੇ ਕੰਮਕਾਜ ਪੰਜਾਬੀ ਭਾਸ਼ਾ ਚ ਹੋਣ, ਲੋੜ ਹੋਵੇ ਤਾਂ ਹਿੰਦੀ, ਅੰਗਰੇਜ਼ੀ ਵਾਧੂ ਕਾਰਜ ਵਜੋਂ ਹੋਵੇ। ਸਾਰੇ ਸਰਕਾਰੀ, ਨਿੱਜੀ ਸਕੂਲਾਂ ਲਈ ਪੰਜਾਬੀ ਬੋਲਣਾ, ਪੜ੍ਹਾਉਣਾ ਲਾਜ਼ਮੀ ਹੋਵੇ। ਅਜਿਹਾ ਨਾ ਕਰਨਾ ਕਨੂੰਨੀ ਜੁਰਮ ਹੋਵੇ, ਮਾਂ ਬੋਲੀ ਨਾਲ ਧਰੋਹ ਕਮਾਉਣਾ ਹੋਵੇ, ਦੇਸ਼ ਧਰੋਹ ਦੇ ਤੁਲ….।
ਇਹ ਵੀ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਅੱਜ ਮਾਂ ਬੋਲੀ ਲਈ ਫਿਕਰਮੰਦੀ ਵਾਲੀ ਸਭ ਤੋਂ ਵੱਧ ਅਵਾਜ਼ ਕਿੱਥੋਂ ਉਠ ਰਹੀ ਹੈ, ਪ੍ਰਵਾਸੀ ਪੰਜਾਬੀਆਂ ਵਿੱਚੋਂ, ਪੰਜਾਬ ਚ ਰਹਿੰਦੇ ਵਸਦੇ ਲੋਕਾਂ ਦੀ ਵੱਡੀ ਗਿਣਤੀ ਲਈ ਇਹ ਕੋਈ ਖਾਸ ਮੁੱਦਾ ਹੀ ਨਹੀਂ ਹੈ ਸ਼ਾਇਦ। 
ਪੰਜਾਬੀਆਂ ਵੱਲੋਂ ਮਾਂ ਬੋਲੀ ਨੂੰ ਬੇਗਾਨੀ ਕਰਨ ਦੇ ਕੋਝੇ ਯਤਨਾਂ ਦਾ ਦਰਦ ਸ਼ਾਇਰ ਫਿਰੋਜ਼ਦੀਨ ਸ਼ਰਫ ਨੇ ਮਹਿਸੂਸ ਕਰਦਿਆਂ ਲਿਖਿਆ ਸੀ- 
‘ਪੁੱਛੀ ਨਾ ਸ਼ਰਫ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।’
ਤੇ ਮਾਂ ਬੋਲੀ ਨੂੰ ਪੈ ਰਹੀ ਮਾਰ ਤੋਂ ਬਚਾਉਣ ਲਈ ਗੱਲ ਹੁਣ ਗੱਲਾਂ ਤੋਂ ਅੱਗੇ ਕੁਝ ਕਰਨ ਦੀ ਹੈ। 

Comment here