ਸਮੇਂ ਨੇ, ਸਹੂਲਤਾਂ ਨੇ, ਤਕਨੀਕ ਨੇ, ਸਮਾਰਟ ਫੋਨ ਨੇ, ਸੋਸ਼ਲ ਮੀਡੀਆ ਨੇ ਸਾਡੀ ਸੋਚ, ਸਾਡੀ ਪਸੰਦ, ਸਾਡੀ ਜੀਵਨ-ਸ਼ੈਲੀ ਬਦਲ ਦਿੱਤੀ ਹੈ। ਅੱਜ ਊਲ-ਜਲੂਲ ਅਦਾਕਾਰੀ ਵਾਲੀ ਊਲ-ਜਲੂਲ ਫ਼ਿਲਮ ਲਈ ਕੋਈ ਵੀ ਸਮਾਂ ਬਰਬਾਦ ਕਰਨ ਲਈ ਤਿਆਰ ਨਹੀਂ। ਸਮਾਂ ਬਦਲ ਗਿਆ ਹੈ। ਸਮਝ ਬਦਲ ਗਈ ਹੈ। ਸੋਸ਼ਲ ਮੀਡੀਆ ਨੇ ਸਭ ਨੂੰ ਸੁਚੇਤ ਕਰ ਦਿੱਤਾ ਹੈ। ਉਹੀ ਚਿਹਰੇ, ਉਹੀ ਅਦਾਕਾਰ ਜਿਨ੍ਹਾਂ ਨੂੰ ਨਾ ਅਦਾਕਾਰੀ ਆਉਂਦੀ ਹੈ, ਨਾ ਅਦਾਕਾਰੀ ਦੀ ਸਮਝ ਹੈ, ਨਾ ਉਨ੍ਹਾਂ ਦੀ ਅਦਾਕਾਰੀ ਵਿਚ ਗਹਿਰਾਈ ਹੈ, ਨੂੰ ਦੇਖ-ਦੇਖ ਕੇ ਲੋਕ ਅੱਕ ਗਏ ਹਨ। ਮਿਆਰੀ-ਵਿਸ਼ਾ-ਸਮੱਗਰੀ ਦੀ ਘਾਟ ਹੈ। ਬੌਧਿਕਤਾ ਦਾ ਕਾਲ ਪਿਆ ਹੋਇਆ ਹੈ। ਮਾਹਿਰ ਮੰਨਦੇ ਹਨ ਕਿ ਅੱਜ ਕੇਵਲ ਭਾਸ਼ਾ-ਪ੍ਰੇਮ ਦੇ ਬਲ ’ਤੇ ਪੰਜਾਬੀ ਫ਼ਿਲਮ ਕਾਮਯਾਬ ਨਹੀਂ ਹੋ ਸਕਦੀ। ਮਿਆਰੀ ਵਿਸ਼ਾ-ਸਮੱਗਰੀ ਦੇਣੀ ਹੀ ਪਵੇਗੀ ਕਿਉਂਕਿ ਸੋਸ਼ਲ ਮੀਡੀਆ ਤੁਹਾਡੀ ਭਾਸ਼ਾ ਵਿਚ ਵਿਸ਼ਵ-ਸਿਨੇਮਾ ਦੀ ਗੱਲ ਕਰ ਰਿਹਾ ਹੈ। ਵਿਸ਼ਵ-ਪੱਧਰੀ ਅਦਾਕਾਰੀ ਦੀ ਬਾਤ ਪਾ ਰਿਹਾ ਹੈ। ਵਿਸ਼ਵ ਪੁਰਸਕਾਰਾਂ ਬਾਰੇ ਜਾਣਕਾਰੀ ਦੇ ਰਿਹਾ ਹੈ।
ਅਦਾਕਾਰੀ ਕਮਜ਼ੋਰ, ਨਿਰਦੇਸ਼ਕ ਕਮਜ਼ੋਰ, ਫੋਟੋਗ੍ਰਾਫ਼ੀ, ਪੇਸ਼ਕਾਰੀ ਕਮਜ਼ੋਰ, ਪਟਕਥਾ ਕਮਜ਼ੋਰ ਫਿਰ ਫ਼ਿਲਮ ਮਜ਼ਬੂਤ ਕਿਵੇਂ ਬਣ ਜਾਵੇਗੀ। ਦੁਹਰਾਓ ਤੁਹਾਨੂੰ ਕਾਮਯਾਬ ਨਹੀਂ ਬਣਾ ਸਕਦਾ। ਕੁਝ ਨਵਾਂ, ਕੁਝ ਸੱਜਰਾ, ਕੁਝ ਸਹਿਜ, ਕੁਝ ਗੰਭੀਰ, ਕੁਝ ਮਿਆਰੀ ਲੈ ਕੇ ਆਓਗੇ ਤਾਂ ਦਰਸ਼ਕ ਘਰਾਂ ਵਿਚੋਂ ਨਿਕਲਣਗੇ। ਚਾਰ ਪਾਸੇ, ਹਰ ਖੇਤਰ ਵਿਚ ਚੁਣੌਤੀਆਂ ਹਨ ਪਰੰਤੂ ਸਮਾਂ ਬੜਾ ਬਲਵਾਨ ਹੈ। ਤਬਦੀਲੀਆਂ ਨੂੰ ਕੋਈ ਰੋਕ ਨਹੀਂ ਸਕਦਾ, ਕੁਝ ਸਮੇਂ ਲਈ ਟਾਲ ਸਕਦਾ ਹੈ। ਸਾਲ 1912-13 ਵਿਚ ਸਾਲ ਵਿਚ 25-30 ਪੰਜਾਬੀ ਫ਼ਿਲਮਾਂ ਬਣਦੀਆਂ ਸਨ। ਉਨ੍ਹਾਂ ਵਿਚੋਂ 25-30 ਫੀਸਦੀ ਕਾਮਯਾਬ ਹੁੰਦੀਆਂ ਸਨ। ਅੱਜ ਸੈਂਕੜੇ ਬਣਦੀਆਂ ਹਨ। ਸਫਲ ਕੋਈ ਨਹੀਂ ਹੁੰਦੀ। ਨਾ ਚਿਹਰਾ ਚੱਲਦਾ ਹੈ, ਨਾ ਨਾਂ ਚੱਲਦਾ ਹੈ, ਨਾ ਚਮਕ ਦਮਕ ਚੱਲਦੀ ਹੈ। ਲੋਕ ਉਪਰਾਮ ਹੋ ਗਏ ਹਨ। ਮਨ ਹੀ ਉੱਠ ਗਿਆ ਹੈ।
ਪੰਜਾਬੀ ਸਿਨੇਮਾ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਇਉਂ ਲੱਗਦਾ ਹੈ ਜਿਵੇਂ ਪੰਜਾਬ ਕੋਲ ਕੋਈ ਮੁੱਦਾ ਹੀ ਨਹੀਂ ਹੈ। ਮਾਹਿਰ ਵਿਅੰਗ ਨਾਲ ਕਹਿੰਦੇ ਹਨ ਕਿ ਕੀ ਪੰਜਾਬ ਦਾ ਕੋਈ ਇਤਿਹਾਸ ਨਹੀਂ ਹੈ, ਕੋਈ ਸਾਹਿਤ ਨਹੀਂ ਹੈ, ਕੋਈ ਕਲਚਰ ਨਹੀਂ ਹੈ, ਕੋਈ ਸੰਘਰਸ਼ ਨਹੀਂ ਹੈ, ਕੋਈ ਸਮਾਜਕ ਸਰੋਕਾਰ ਨਹੀ, ਕੋਈ ਭੱਖਦਾ ਮਸਲਾ ਨਹੀਂ, ਜਿਹੜਾ ਫ਼ਿਲਮਕਾਰਾਂ, ਅਦਾਕਾਰਾਂ ਨੂੰ ਫ਼ਿਲਮ ਬਣਾਉਣ ਲਈ ਆਕਰਸ਼ਿਤ ਕਰ ਸਕੇ। ਰਸੂਲ ਹਮਜ਼ਾਤੋਵ ਐਵੇਂ ਅੱਖਾਂ ਤੇ ਕੰਨ ਖੁੱਲ੍ਹੇ ਰੱਖਣ ਦੀਆਂ ਗੱਲਾਂ ਕਰਦਾ ਰਿਹਾ। ਦਰਅਸਲ ਕੋਈ ਅਜਿਹਾ ਅਦਾਰਾ ਨਹੀਂ ਜਿਹੜਾ ਪ੍ਰੇਰਨਾਸਰੋਤ ਬਣ ਸਕੇ। ਜਿਹੜਾ ਅਗਵਾਈ ਕਰ ਸਕੇ। ਜਿਹੜਾ ਉਤਸ਼ਾਹਿਤ ਕਰ ਸਕੇ। ਜਿਹੜਾ ਬਾਂਹ ਫੜ ਸਕੇ। ਜਦ ਹੋਰਨਾਂ ਖੇਤਰੀ ਭਾਸ਼ਾਵਾਂ ਦੇ ਸਿਨੇਮਾ ਵੱਲ ਵੇਖਦੇ ਹਾਂ ਤਾਂ ਅਸੀਂ ਕਿਧਰੇ ਨਹੀਂ ਖੜੋਂਦੇ। ਬੰਗਾਲੀ, ਕੰਨੜ, ਅਸਾਮੀ ਸਿਨੇਮਾ ਮਿਆਰ ਪੱਖੋਂ ਵਿਸ਼ਵ-ਸਿਨੇਮਾ ਨੂੰ ਟੱਕਰ ਦਿੰਦਾ ਹੈ। ਪਰ ਅਸੀਂ ਉਸੇ ਘੁੰਮਣਘੇਰੀ ਵਿਚ ਘੁੰਮੀ ਜਾਂਦੇ ਹਾਂ।
ਫ਼ਿਲਮ ਦੇ ਸਫਲ ਅਸਫਲ ਹੋਣ ਦਾ ਕੋਈ ਨਿਸਚਤ ਫਾਰਮੂਲਾ ਨਹੀਂ ਹੈ, ਕੋਈ ਨਿਸ਼ਚਤ ਕਾਰਨ ਨਹੀਂ। ਜੇਕਰ ਕੋਈ ਫਾਰਮੂਲਾ ਹੁੰਦਾ ਤਾਂ ਕੋਈ ਵੀ ਫ਼ਿਲਮ ਫੇਲ੍ਹ ਨਾ ਹੁੰਦੀ। ਪੰਜਾਬੀ ਫ਼ਿਲਮਾਂ ਨਾ ਕਲਾ ਪੱਖੋਂ ਕਾਮਯਾਬ ਹੁੰਦੀਆਂ ਹਨ ਨਾ ਕਾਰੋਬਾਰ ਪੱਖੋਂ। ਲੀਹ ਤੋਂ ਹਟ ਕੇ ਬਣੀ ਫ਼ਿਲਮ ਦੀ ਵੀ ਕੋਈ ਗਰੰਟੀ ਨਹੀਂ ਹੈ ਕਿ ਉਹ ਜ਼ਰੂਰ ਕਾਮਯਾਬ ਹੋਵੇਗੀ। ਅਜਿਹੇ ਯਤਨ ਕਈ ਫ਼ਿਲਮਾਕਾਰਾਂ ਨੇ ਕੀਤੇ ਪਰ ਸਫਲਤਾ ਨਹੀਂ ਮਿਲੀ। ਕਮੀ ਕਿੱਥੇ ਹੈ, ਘਾਟ ਕੀ ਰਹਿ ਜਾਂਦੀ ਹੈ ਇਸ ਸਬੰਧ ਵਿਚ ਖੁਲ੍ਹੇ ਮਨ ਨਾਲ ਵਿਚਾਰ ਚਰਚਾ ਦੀ ਲੋੜ ਹੈ।
ਦਰਅਸਲ ਅਸੀਂ ਪੰਜਾਬੀ ਲੋਕ ਆਲੋਚਨਾ ਬਰਦਾਸ਼ਤ ਨਹੀਂ ਕਰ ਸਕਦੇ। ਜਿਹੜਾ ਤੁਹਾਡੀ ਕਿਸੇ ਵੀ ਤਰ੍ਹਾਂ ਆਲੋਚਨਾ ਕਰਦਾ ਹੈ ਉਸਨੂੰ ਦੁਸ਼ਮਣ ਬਣਾ ਲੈਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਸਫਲਤਾ ਨੂੰ ਜਾਂਦਾ ਰਾਹ ਅਸਫਲਤਾ ਅਤੇ ਆਲੋਚਨਾ ਵਿਚੋਂ ਹੋ ਕੇ ਲੰਘਦਾ ਹੈ। ਅੱਜ ਵੀ ਕੁਝ ਕੁ ਫ਼ਿਲਮ ਆਲੋਚਕ ਹਨ ਜਿਹੜੇ ਸੰਤੁਲਿਤ ਤੇ ਸਹੀ ਫ਼ਿਲਮ ਸਮੀਖਿਆ ਕਰ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਵੱਲ ਗੌਰ ਕਰਕੇ ਹੀ ਚੰਗੀ ਤੇ ਸਫਲ ਪੰਜਾਬੀ ਫ਼ਿਲਮ ਬਣਾਈ ਜਾ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤੀ ਫ਼ਿਲਮ ਉਦਯੋਗ ’ਤੇ ਪੰਜਾਬੀ ਲੰਮਾ ਸਮਾਂ ਰਾਜ ਕਰਦੇ ਰਹੇ ਹਨ ਪਰ ਮਿਆਰੀ, ਮਨੋਰੰਜਕ ਤੇ ਅਰਥ ਭਰਪੂਰ ਪੰਜਾਬੀ ਫ਼ਿਲਮਾਂ ਬਣਾਉਣ ਵੱਲ ਕਿਸੇ ਧਿਆਨ ਨਹੀਂ ਦਿੱਤਾ। ਪੰਜਾਬੀ ਡੀਲ ਡੌਲ ਪੱਖੋਂ ਸੁਨੱਖੇ ਹਨ। ਉਨ੍ਹਾਂ ਕੋਲ ਅਦਾਕਾਰੀ ਦਾ ਹੁਨਰ ਹੈ। ਰੰਗਮੰਚ ਨਾਲ ਜੁੜੇ ਰਹੇ ਹਨ।
ਮਾਹਿਰ ਮੰਨਦੇ ਹਨ ਕਿ ਪੰਜਾਬੀ ਫ਼ਿਲਮਾਂ ਦਾ ਦਰਸ਼ਕ-ਵਰਗ ਸੀਮਤ ਹੈ। ਬਹੁਤੇ ਸੂਬਿਆਂ ਦੇ ਮੁਕਾਬਲੇ ਪੰਜਾਬ ਆਕਾਰ ਅਤੇ ਵਸੋਂ ਦੇ ਹਿਸਾਬ ਨਾਲ ਬਹੁਤ ਛੋਟਾ ਹੈ। ਨਤੀਜੇ ਵਜੋਂ ਪੰਜਾਬੀ ਫ਼ਿਲਮਾਂ ਨੂੰ ਵੱਡੀ ਪੱਧਰ ’ਤੇ ਉਹ ਮਾਨਤਾ ਨਹੀਂ ਮਿਲਦੀ ਜਿਹੜੀ ਹੋਰਨਾਂ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਨੂੰ ਮਿਲਦੀ ਹੈ। ਪੰਜਾਬੀ ਫ਼ਿਲਮਾਂ ਦੀ ਤਿਆਰੀ ਅਤੇ ਪ੍ਰਮੋਸ਼ਨ ਲਈ ਸਰਕਾਰ ਜਾਂ ਗੈਰ-ਸਰਕਾਰੀ ਪੱਧਰ ’ਤੇ ਇਮਾਰਤੀ-ਢਾਂਚਾ ਉਸਾਰਨ ਲਈ ਕੋਈ ਵਿਸ਼ਾਲ ਸੰਜੀਦਾ ਯਤਨ ਨਹੀਂ ਹੋਏ। ਇਸ ਉਦਯੋਗ ਵਿਚ ਕਿਸੇ ਨੇ ਭਰੋਸੇ ਨਾਲ ਖੁਲ੍ਹ ਕੇ ਪੈਸਾ ਨਹੀਂ ਲਗਾਇਆ ਕਿਉਂਕਿ ਲੱਗਾ ਪੈਸਾ ਡੁੱਬਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਨਤੀਜੇ ਵਜੋਂ ਜਦ ਕੋਈ ਪੰਜਾਬੀ ਫ਼ਿਲਮ ਬਣਨੀ ਸ਼ੁਰੂ ਹੁੰਦੀ ਹੈ ਉਦੋਂ ਹੀ ਸ਼ੰਕਿਆਂ ਅਤੇ ਸੰਸਿਆਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ।
ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜਿਆ ਹਰੇਕ ਵਿਅਕਤੀ ਕਾਰਨ ਤਲਾਸ਼ ਰਿਹਾ ਹੈ ਕਿ ਆਖ਼ਰ ਦਰਸ਼ਕਾਂ ਨੇ ਪੰਜਾਬੀ ਫ਼ਿਲਮਾਂ ਤੋਂ ਕਿਉਂ ਮੂੰਹ ਮੋੜ ਲਿਆ ਹੈ। ਮੈਂ ਮਾਹਿਰਾਂ ਦੀ ਰਾਏ ਪੜ੍ਹਨ ਜਾਨਣ ਦੀ ਕੋਸ਼ਿਸ਼ ਕੀਤੀ। ਦਰਸ਼ਕ-ਮਨ ਅੰਦਰ ਝਾਕਣ ਦਾ ਉਪਰਾਲਾ ਵੀ ਕੀਤਾ। ਮੈਂ ਨੈਟ ਨੂੰ ਖੁੰਗਾਲਣ ਦਾ ਯਤਨ ਵੀ ਕਰਦਾ ਰਿਹਾ। ਸਭ ਕੁਝ ਨੂੰ ਰਿੜਕਣ ਉਪਰੰਤ ਕੁਝ ਸਾਂਝੇ ਕਾਰਨ ਮੱਖਣ ਵਾਂਗ ਤੈਰ ਕੇ ਉਪਰ ਆ ਗਏ। ਦਰਅਸਲ, ਹਰੇਕ ਫ਼ਿਲਮ ਵਿਚ ਉਹੀ ਕਹਾਣੀ, ਉਹੀ ਕਾਮੇਡੀ, ਉਹੀ ਅਦਾਕਾਰੀ। ਦਰਸ਼ਕਾਂ ਨੇ ਦੁਹਰਾਓ ਨੂੰ ਨਕਾਰ ਦਿੱਤਾ। ਫ਼ਿਲਮਕਾਰਾਂ ਨੂੰ ਫ਼ਿਲਮ ਦੀ ਕਹਾਣੀ, ਫ਼ਿਲਮ ਦੀ ਗੁਣਵੱਤਾ, ਮਿਆਰ ’ਤੇ ਕੰਮ ਕਰਨ ਦੀ ਲੋੜ ਹੈ। ਫ਼ਿਲਮ ਦੀ ਸ਼ੈਲੀ ਬਦਲਣ ਦੀ ਜ਼ਰੂਰਤ ਹੈ।
ਕੋਵਿਡ-19 ਨੇ ਸਭ ਠੱਪ ਕਰ ਦਿੱਤਾ। ਹੁਣ ਧੜਾਧੜ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। ਨਿੱਤ ਨਵੀਂ ਫ਼ਿਲਮ ਐਲਾਨੀ ਜਾਂਦੀ ਹੈ। ਕਲੈਸ਼ ਵਧ ਗਿਆ ਹੈ। ਦੂਸਰੇ ਪਾਸੇ ਸਮਾਰਟ ਫੋਨ ਦੀ ਵਰਤੋਂ ਨਾਲ ਦਰਸ਼ਕ ਵੀ ਸਮਾਰਟ ਹੋ ਗਏ ਹਨ। ਚੰਗੇ ਮਾੜੇ ਦੀ ਪਛਾਣ ਕਰਨ ਲੱਗੇ ਹਨ। ਫ਼ਿਲਮ ਵੇਖਣਯੋਗ ਹੈ ਜਾਂ ਨਹੀਂ ਇਸਦੀ ਪਰਖ ਪੜਚੋਲ ਕਰਕੇ ਹੀ ਜਾਂਦੇ ਹਨ। ਤਿੰਨ ਘੰਟੇ ਸਮਾਰਟ ਫੋਨ ਤੋਂ ਦੂਰ ਰਹਿਣਾ ਵੀ ਕਿਹੜਾ ਸੁਖਾਲਾ ਹੈ। ਜਿਹੜਾ ਫੋਨ ਤੋਂ ਤਿੰਨ ਘੰਟੇ ਲਗਾਤਾਰ ਦੂਰ ਰਹਿ ਸਕਦਾ ਹੈ ਉਹੀ ਫ਼ਿਲਮ ਵੇਖਣ ਜਾਵੇਗਾ। ਕਿਸੇ ਵੀ ਨਵੀਂ ਫ਼ਿਲਮ ਬਾਰੇ ਸੋਸ਼ਲ ਮੀਡੀਆ ਤੋਂ ਕਾਫ਼ੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਸੰਖੇਪ ਟਿੱਪਣੀਆਂ ਹੁੰਦੀਆਂ ਹਨ। ਲੰਮੇ ਰੀਵਿਊ ਹੁੰਦੇ ਹਨ। ਭਾਵਪੂਰਤ ਰਾਏ ਹੁੰਦੀ ਹੈ। ਉਨ੍ਹਾਂ ਨੂੰ ਪੜ੍ਹ ਸਮਝ ਕੇ ਦਰਸ਼ਕ ਫ਼ਿਲਮ ਵੇਖਣ ਬਾਰੇ ਆਪਣੀ ਸਮਾਰਟ ਸਮਝ ਵਿਕਸਤ ਕਰਦੇ ਹਨ। ਫ਼ਿਲਮ ਵੇਖਣ ਜਾਣਾ ਹੈ ਜਾਂ ਨਹੀਂ ਇਸ ਸਮਝ ’ਤੇ ਨਿਰਭਰ ਕਰਦਾ ਹੈ। ਭੇਡ ਚਾਲ ਬੰਦ ਹੋ ਗਈ ਹੈ।
ਕੋਵਿਡ-19 ਨੇ ਘਰ ਵਿਚ ਰਹਿੰਦੇ ਹੋਏ ਹੀ ਮਨੋਰੰਜਨ ਕਰਨ, ਫ਼ਿਲਮਾਂ ਵੇਖਣ ਦੀ ਲੋਕਾਂ ਨੂੰ ਆਦਤ ਪਾ ਦਿੱਤੀ ਹੈ। ਬਹੁਤੇ ਲੋਕ ਵਿਹਲੇ ਸਮੇਂ ਨੈਟਫਲਿਕਸ, ਯੂਟਿਊਬ ’ਤੇ ਬਿਜ਼ੀ ਰਹਿੰਦੇ ਹਨ। ਡਿਜੀਟਲ ਮੰਚ ਬਿਹਤਰ ਬਦਲ ਬਣ ਗਏ ਹਨ। ਘਰ ਬੈਠ ਕੇ ਪਰਿਵਾਰ ਨਾਲ ਆਪਣੀ ਪਸੰਦ ਦੀ ਫ਼ਿਲਮ ਵੇਖਣਾ ਉਨ੍ਹਾਂ ਨੂੰ ਅਰਾਮਦਾਇਕ ਲੱਗਦਾ ਹੈ, ਚੰਗਾ ਲੱਗਦਾ ਹੈ, ਵਧੇਰੇ ਖੁਸ਼ੀ ਦਿੰਦਾ ਹੈ। ਦਰਸ਼ਕ ਨੈਟਫਲਿਕਸ, ਓਟੀਟੀ ’ਤੇ ਫ਼ਿਲਮ ਦੇ ਉਪਲਬਧ ਹੋਣ ਦੀ ਇੰਤਜ਼ਾਰ ਕਰਦੇ ਹਨ। ਡਿਜੀਟਲ ਮੰਚਾਂ ’ਤੇ ਫ਼ਿਲਮ ਉਪਲਬਧ ਹੋਣ ਕਾਰਨ ਸਿਨੇਮਾ ਹਾਲ ਦੀਆਂ ਟਿਕਟਾਂ ਹੋਰ ਮਹਿੰਗੀਆਂ ਹੋ ਗਈਆਂ ਹਨ। ਮਹਿੰਗੀ ਟਿਕਟ ਕਾਰਨ ਵੀ ਦਰਸ਼ਕ ਨੇ ਪੰਜਾਬੀ ਫ਼ਿਲਮ ਤੋਂ ਮੂੰਹ ਮੋੜ ਲਿਆ ਹੈ। ਆਮ ਦਰਸ਼ਕ, ਆਮ ਫ਼ਿਲਮ ਵੇਖਣ ਲਈ 400 ਰੁਪਏ ਖਰਚਣ ਤੋਂ ਗੁਰੇਜ਼ ਕਰਨ ਲੱਗਾ ਹੈ। ਜੇ ਘਰ ਦੇ ਤਿੰਨ-ਚਾਰ ਮੈਂਬਰ ਜਾ ਰਹੇ ਹਨ ਤਾਂ ਇਹ ਇਕ ਰਕਮ ਬਣ ਜਾਂਦੀ ਹੈ। ਖਾਣ-ਪੀਣ ਦੇ ਖਰਚੇ ਵੱਖਰੇ।
ਹੁਣ ਤਾਂ ਹਿੰਦੀ ਫ਼ਿਲਮਾਂ ਨੂੰ ਵੀ ਦਰਸ਼ਕ ਨਹੀਂ ਮਿਲ ਰਹੇ। ਵੱਡੇ ਵੱਡੇ ਫ਼ਿਲਮਕਾਰ, ਅਦਾਕਾਰ ਘਬਰਾਏ ਹੋਏ ਹਨ। ਸਮਰੱਥ ਤੇ ਵੱਡੇ ਸਟਾਰ ਕਲਾਕਾਰਾਂ ਦੀਆਂ ਫ਼ਿਲਮਾਂ ਵੇਖਣ ਲਈ ਵੀ ਲੋਕ ਘਰਾਂ ਵਿਚੋਂ ਨਹੀਂ ਨਿਕਲ ਰਹੇ। ਸ਼ੋਅ ਰੱਦ ਹੋ ਰਹੇ ਹਨ। ਫ਼ਿਲਮ ਦੀ ਲਾਗਤ ਬਹੁਤ ਵਧ ਗਈ ਹੈ। ਕਲਾਕਾਰ ਵੱਡੀਆਂ ਰਕਮਾਂ ਲੈਂਦੇ ਹਨ। ਪ੍ਰਮੋਸ਼ਨ ’ਤੇ ਬਹੁਤ ਪੈਸਾ ਖਰਚ ਹੋ ਰਿਹਾ ਹੈ। ਜਦ ਫ਼ਿਲਮ ਦਰਮਿਆਨੀ ਕਮਾਈ ਵੀ ਕਰਦੀ ਹੈ ਤਾਂ ਉਸਨੂੰ ਵੀ ਫੇਲ੍ਹ ਦੀ ਸ਼੍ਰੇਣੀ ਵਿਚ ਹੀ ਰੱਖਿਆ ਜਾਂਦਾ ਹੈ ਕਿਉਂਕਿ ਲਾਗਤ ਉਸ ਤੋਂ ਵਧੇਰੇ ਹੁੰਦੀ ਹੈ। ਫ਼ਿਲਮ ਬਣਾਉਣ ਦੇ, ਮੁਕੰਮਲ ਕਰਨ ਦੇ ਬੇਲੋੜੇ ਖਰਚੇ ਘਟਾਉਣੇ ਪੈਣਗੇ।
ਕੋਵਿਡ-19 ਕਾਰਨ ਲੀਹ ਤੋਂ ਲੱਥਾ ਪੰਜਾਬੀ ਫ਼ਿਲਮ ਉਦਯੋਗ ਮੁੜ ਪਟੜੀ ’ਤੇ ਨਹੀਂ ਚੜ੍ਹ ਸਕਿਆ। ਫ਼ਿਲਮਕਾਰਾਂ, ਅਦਾਕਾਰਾਂ, ਸਰਕਾਰਾਂ ਅਤੇ ਦਰਸ਼ਕਾਂ ਦੇ ਸਾਂਝੇ ਉੱਦਮ ਤੇ ਆਪਸੀ ਸਹਿਯੋਗ ਸਦਕਾ ਨੇੜ-ਭਵਿੱਖ ਵਿਚ ਪੰਜਾਬੀ ਸਿਨੇਮਾ ਦਾ ਮੂੰਹ-ਮੱਥਾ ਸੰਵਰ ਸਕਦਾ ਹੈ।
-ਪ੍ਰੋ. ਕੁਲਬੀਰ ਸਿੰਘ
Comment here