ਅਪਰਾਧਖਬਰਾਂਦੁਨੀਆ

ਪੰਜਾਬੀ ਗਾਇਕ ਦੀ ਮਿਲੀਭੁਗਤ ਨਾਲ ਨਸ਼ਾ ਤਸਕਰੀ ਦਾ ਪਰਦਾਫਾਸ਼

ਲੁਧਿਆਣਾ-ਪੰਜਾਬੀ ਗਾਇਕ ਦੀ ਮਿਲੀਭੁਗਤ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੰਪੋਰਟ ਦੀ ਆੜ ’ਚ ਵਿਦੇਸ਼ਾਂ ਤੋਂ 1000 ਕਿਲੋ ਹੈਰੋਇਨ ਸਮੱਗਲਿੰਗ ਕਰਨ ਅਤੇ ਵਿਦੇਸ਼ਾਂ ’ਚ ਬੈਠੇ ਸਮੱਗਲਰਾਂ ਨੂੰ 350 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਮੁਲਜ਼ਮ ਮਨੀ ਕਾਲੜਾ ਨੂੰ ਐੱਨ. ਸੀ. ਬੀ. ਨੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ। ਪੁੱਛਗਿੱਛ ਦੌਰਾਨ ਏਜੰਸੀ ਨੇ ਮੁਲਜ਼ਮ ਦੀ ਮਰਸੀਡੀਜ਼ ਜੇ. ਐੱਲ. ਈ. ਜ਼ਬਤ ਕਰਨ ਦੇ ਨਾਲ ਉਸ ਦੀਆਂ ਕਈ ਪ੍ਰਾਪਰਟੀਆਂ ਦਾ ਪਤਾ ਲਗਾਇਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਦੀਆਂ ਕਰੀਬ 8 ਬੋਗਸ ਫਰਮਾਂ ਬਾਰੇ ਵੀ ਪਤਾ ਲੱਗਾ ਹੈ, ਜਿਨ੍ਹਾਂ ਜ਼ਰੀਏ ਮੁਲਜ਼ਮ ਇੰਪੋਰਟ-ਐਕਸਪੋਰਟ ਦਾ ਕੰਮ ਕਰਦਾ ਸੀ।
ਪੰਜਾਬੀ ਗਾਇਕ ਨੂੰ ਵੀ ਭੇਜਿਆ ਜਾਵੇਗਾ ਸੰਮਨ
ਸੂਤਰਾਂ ਮੁਤਾਬਕ ਏਜੰਸੀ ਨੂੰ ਉਸ ਦੇ ਹੋਰਨਾਂ ਸਾਥੀਆਂ ਬਾਰੇ ਵੀ ਸੁਰਾਗ ਮਿਲੇ ਹਨ, ਜਿਨ੍ਹਾਂ ਸਬੰਧੀ ਏਜੰਸੀ ਦੀ ਟੀਮ ਵੱਲੋਂ ਲੁਧਿਆਣਾ ’ਚ ਛਾਪੇ ਮਾਰੇ ਜਾ ਰਹੇ ਹਨ। ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਇਕ ਪੰਜਾਬੀ ਸਿੰਗਰ ਨਾਲ ਮਿਲ ਕੇ ਕੰਮ ਕਰ ਰਿਹਾ ਸੀ, ਜਿਸ ਸਬੰਧੀ ਐੱਨ. ਸੀ. ਬੀ. ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੰਗਰ ਨੂੰ ਜਲਦ ਹੀ ਐੱਨ. ਸੀ. ਬੀ. ਸੰਮਨ ਦੇ ਕੇ ਬੁਲਾਵੇਗੀ। ਮੁਲਜ਼ਮ ਨੂੰ ਫੜਨ ਲਈ ਪਿਛਲੇ 10 ਮਹੀਨਿਆਂ ਤੋਂ ਪੁਲਸ ਯਤਨ ਕਰ ਰਹੀ ਸੀ। ਮੁਲਜ਼ਮ ਦੁਬਈ ਦੇ 2 ਸਿਮ ਚਲਾ ਕੇ ਆਪਣਾ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਿਹਾ ਸੀ।
ਗੌਰ ਹੋਵੇ ਕਿ ਮੁਲਜ਼ਮ ਨੂੰ ਚੰਡੀਗੜ੍ਹ ਦੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਦਿੱਲੀ ਨਹਿਰੂ ਪਲੇਸ ਤੋਂ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਅਤੇ ਉਸ ਦੇ ਪਿਤਾ ਸੁਰਿੰਦਰ ਕਾਲੜਾ ਨੂੰ ਐੱਨ. ਸੀ. ਬੀ. ਵੱਲੋਂ ਅਕਸੇ ਛਾਬੜਾ ਮਾਮਲੇ ’ਚ ਭਗੌੜਾ ਕਰਾਰ ਦਿੱਤਾ ਹੋਇਆ ਸੀ ਅਤੇ ਉਨ੍ਹਾਂ ਦੀ ਐੱਲ. ਓ. ਸੀ. ਜਾਰੀ ਕੀਤੀ ਹੋਈ ਸੀ। ਮੁਲਜ਼ਮ ਦੀ ਭਾਲ ’ਚ ਏਜੰਸੀ ਵੱਲੋਂ ਛਾਪੇ ਮਾਰੇ ਜਾ ਰਹੇ ਸਨ। ਮੁਲਜ਼ਮ ਨੂੰ ਨਸ਼ਾ ਸਮੱਗਲਰਾਂ ਦੇ ਪੈਸੇ ਵਿਦੇਸ਼ਾਂ ’ਚ ਭੇਜਣ ਬਦਲੇ ਗ੍ਰਿਫਤਾਰ ਕੀਤਾ ਗਿਆ ਸੀ।
ਨੇਪਾਲ ਰਸਤਿਓਂ ਭੱਜਣਾ ਚਾਹੁੰਦਾ ਸੀ ਦੁਬਈ
ਸੂਤਰਾਂ ਮੁਤਾਬਕ ਏਜੰਸੀ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਲੁਧਿਆਣਾ, ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ’ਚ ਲੁਕ ਕੇ ਰਹਿੰਦਾ ਸੀ ਅਤੇ ਨਸ਼ਾ ਸਮੱਗਲਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਉਹ ਦੁਬਈ ਜਾਣ ਲਈ ਨੇਪਾਲ ਦੇ ਕਾਠਮੰਡੂ ਏਅਰਪੋਰਟ ਗਿਆ ਸੀ, ਜਿੱਥੋਂ ਉਹ ਦੁਬਈ ਜਾਣਾ ਚਾਹੁੰਦਾ ਸੀ ਪਰ ਉੱਥੇ ਤਾਇਨਾਤ ਅਧਿਕਾਰੀਆਂ ਨੇ ਉਸ ਨੂੰ ਜਾਣ ਨਹੀਂ ਦਿੱਤਾ, ਜਿਸ ’ਤੇ ਮੁਲਜ਼ਮ ਕੁਝ ਸਮੇਂ ਬਾਅਦ ਵਾਪਸ ਇੰਡੀਆ ਆ ਗਿਆ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਦੁਬਈ ’ਚ ਆਪਣੇ ਪਿਤਾ ਅਤੇ ਭਰਾ ਕੋਲ ਜਾਣ ਦੀ ਤਾਕ ’ਚ ਸੀ।
ਦੂਜੀਆਂ ਕੰਪਨੀਆਂ ਦੇ ਦਤਸਾਵੇਜ਼ਾਂ ’ਤੇ ਮੰਗਵਾਉਂਦਾ ਸੀ ਨਸ਼ਾ
ਪੁੱਛਗਿੱਛ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਦੂਜੇ ਇੰਪੋਰਟਰਾਂ ਦੇ ਦਸਤਾਵੇਜ਼ ਕਿਰਾਏ ’ਤੇ ਲੈ ਕੇ ਨਸ਼ਾ ਸਮੱਗਲਿੰਗ ਦਾ ਕੰਮ ਕਰਦਾ ਸੀ। ਮੁਲਜ਼ਮ ਉਨ੍ਹਾਂ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ਾਂ ਤੋਂ ਕੰਟੇਨਰ ਮੰਗਵਾ ਲੈਂਦਾ ਸੀ ਅਤੇ ਉਸ ’ਚ ਆਉਣ ਵਾਲਾ ਨਸ਼ਾ ਖਤਰਨਾਕ ਸਮੱਗਲਰ ਹਰਪ੍ਰੀਤ ਉਰਫ ਚਿੰਟੂ ਨਾਲ ਮਿਲ ਕੇ ਵੇਚਦਾ ਸੀ ਅਤੇ ਹੋਰਨਾਂ ਸਮੱਗਲਰਾਂ ਨੂੰ ਵੀ ਮਾਲ ਸਪਲਾਈ ਕਰਦਾ ਸੀ। ਪਹਿਲਾਂ ਉਸ ਦਾ ਪਿਤਾ ਖਤਰਨਾਕ ਸਮੱਗਲਰ ਨਾਲ ਕੰਮ ਕਰਦਾ ਸੀ ਅਤੇ ਡਰੱਗ ਮਨੀ ਨੂੰ ਟਿਕਾਣੇ ਲਗਾਉਂਦਾ ਸੀ। ਇਸ ਗੋਰਖਧੰਦੇ ਨੂੰ ਲੈ ਕੇ ਮਨੀ ਕਾਲੜਾ ਦੀ ਸੁਪਰਵਾਇਜ਼ਰੀ ਕਰਦਾ ਸੀ, ਜਦੋਂਕਿ ਉਸ ਨੇ ਪੈਸੇ ਟ੍ਰਾਂਸਫਰ ਕਰਨ ਲਈ ਕਰੀਬ 8 ਬੋਗਸ ਫਰਮਾਂ ਖੋਲ੍ਹੀਆਂ ਹੋਈਆਂ ਸਨ। ਸਭ ਤੋਂ ਵੱਧ ਕੰਮ ਉਸ ਨੇ ਅਭੀ ਇੰਪੈਕਸ, ਜਗਦੰਬੇ ਟ੍ਰੇਡਿੰਗ, ਵਰਮਾ ਟ੍ਰੇਡਿੰਗ ਦੇ ਜ਼ਰੀਏ ਕੀਤਾ, ਜਦੋਂਕਿ ਬਾਕੀ ਫਰਮਾਂ ਦੀ ਵਿਭਾਗ ਜਾਂਚ ਕਰ ਰਿਹਾ ਹੈ।

Comment here