ਪੰਜਾਬ ਹੁਣ ਤੱਕ ਕਿੰਨੀ ਕੁ ਬਾਰ ਉਜੜ ਕੇ ਵਸਿਆ ਹੈ ? ਇਸ ਦਾ ਇਤਿਹਾਸ ਬਹੁਤ ਪੁਰਾਣਾ ਤੇ ਸੂਚੀ ਲੰਮੀ ਹੈ। ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਮਾਣ ਵੀ ਹੁੰਦਾ ਹੈ ਤੇ ਚਿੰਤਾ ਵੀ ਹੁੰਦੀ ਹੈ। ਪੰਜਾਬ ਨੇ ਹੁਣ ਤੱਕ ਜੋ ਵੀ ਇਤਿਹਾਸ ਬਣਾਇਆ ਹੈ ਉਸਨੂੰ ਲਿਖਤਾਂ ਦੇ ਰੂਪ ਵਿੱਚ ਸੰਭਾਲਿਆ ਨਹੀਂ। ਜਿਹੜਾ ਇਤਿਹਾਸ ਸਾਨੂੰ ਮਿਲਦਾ ਹੈ. ਉਸਦੇ ਵਿੱਚ ਬਹੁਤ ਸਾਰੇ ਖੱਪੇ ਹਨ। ਖੈਰ ਇਤਿਹਾਸ ਨੂੰ ਸਹੀ ਕਰਨਾ ਇਤਿਹਾਸਕਾਰਾਂ ਦਾ ਕੰਮ ਹੈ। ਸੰਤਾਲੀ, 1966 ਤੇ 1984 ਦਾ ਕਤਲੇਆਮ ਵੀ ਹੋਇਆ। ਜਿਹੜਾ ਉਜਾੜਾ ਹੁਣ ਹੋ ਰਿਹਾ ਇਹ ਨਜ਼ਰ ਨਹੀਂ ਆਉਦਾ। ਹੁਣ ਪੰਜਾਬ ਪੰਜਾਬੀਆਂ ਤੋਂ ਖਾਲੀ ਕਰਵਾਇਆ ਜਾ ਰਿਹਾ ਹੈ। ਪੰਜਾਬੀ ਆਪਣੇ ਆਪ ਪੰਜਾਬ ਨੂੰ ਛੱਡ ਕੇ ਜਾ ਰਹੇ ਹਨ। ਇਸ ਦੇ ਨਾਲ ਨੌਜਵਾਨ ਤੇ ਸਰਮਾਇਆ ਜਾ ਰਿਹਾ ਹੈ। ਅਗਲੇ ਸਮਿਆਂ ਵਿੱਚ ਪੰਜਾਬ ਬਜ਼ੁਰਗਾਂ ਦਾ ਬਣ ਜਾਣਾ ਹੈ।
ਪ੍ਰੋਫੈਸਰ ਪੂਰਨ ਸਿੰਘ ਆਖਦਾ ਹੈ:- ‘‘ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ !” ਗੁਰਾਂ ਦੇ ਨਾਮ ਉਤੇ ਵਸਦੇ ਪੰਜਾਬ ਦੇ ਹੁਣ ਵੀ ਝੱਖੜ ਝੁੱਲ ਰਿਹਾ ਹੈ। ਹੁਣ ਪੰਜਾਬ ਡੁੱਬ ਰਿਹਾ। ਉਸ ਦਿਨ ਤੇ ਇਕ ‘‘ਬੀਬੀ’’ ਡੁੱਬੀ ਸੀ. ਸਾਰੇ ਸਿੱਖ ਰਗੜ ਦਿਤੇ ਸੀ। ਕਈ ਦਹਾਕਿਆਂ ਤੋਂ ਪੰਜਾਬ ਦੀ ਨਸਲਕੁਸ਼ੀ ਕੀਤੀ ਜਾ ਰਹੀ ਐ। ਪੰਜਾਬ ਨੇ ਕਦੇ ਵੀ ਦੇਸ਼ ਨੂੰ ਪਿੱਠ ਨੀ ਸੀ ਦਿਖਾਈ ਪਰ ਲੋਕ ਉਜੜ ਉਜੜ ਕੇ ਵਸਦੇ ਰਹੇ। ਪੰਜਾਬ ਦੇ ਮਨੁੱਖ ਪਤਾ ਨਹੀਂ ਕਿਸ ਮਿੱਟੀ ਦਾ ਬਣੇ ਹਨ?…ਜਿਹੜਾ ਡਿੱਗਦਾ ਹੈ….ਸੰਭਲਦਾ ਹੈ..ਉਠਦਾ ਹੈ..ਤੁਰਦਾ ਹੈ..ਉਡਦਾ ਹੈ..ਫਿਰ ਮਸਤ ਹੋ ਕਿ ਫਿਰ ਜਿਉਣ ਲੱਗ ਜਾਂਦਾ।
ਹਰ ਵਾਰ ਪਿਛਲੀਆਂ ਦੁੱਖ ਤਕਲੀਫ਼ਾਂ ਨੂੰ ਭੁੱਲ ਜਾਂਦਾ..ਫੇਰ ਬੇਗਾਨਿਆਂ ’ਤੇ ਡੁੱਲ ਜਾਂਦਾ ਹੈ ਪੰਜਾਬ ..ਜਿਧਰ ਨੂੰ ਵੀ ਤੁਰਦਾ ਹੈ ਤਾਂ ਹੜ੍ਹ ਬਣ ਜਾਂਦਾ .ਹੈ। ਫੇਰ ਪਿੱਛੇ ਪਰਤ ਕੇ ਨਾ ਦੇਖਦਾ ਹੈ ਸਗੋ ਆਪਣੇ ਹੀ ਹੱਡ ਸੇਕਦਾ ਹੈ ਪਰ ਕਦੇ ਗਿਲਾ ਨਾ ਕਰਦਾ..ਚੱਲ ਛੱਡ ਯਾਰ ਕਹਿ ਕੇ ਪਾ ਮਿੱਟੀ ..ਆਪਣੇ ਆਪ ਤੇ ਮਿੱਟੀ ਪਾਉਣੀ ਔਖੀ ਹੈ..ਆਪਣਾ ਆਪਾ ਖਤਮ ਕਰਨਾ ਸੌਖਾ ਨਹੀਂ ਹੁੰਦਾ ਪਰ ਧੰਨ ਪੰਜਾਬੀ ..ਇਹ ਗੁਣ ਸਾਰਿਆਂ ਦੇ ਵਿੱਚ ਨਹੀਂ ..ਜਿਨ੍ਹਾਂ ਦੇ ਵਿੱਚ ਉਹ ਜਾਣਦੇ ਹਨ..ਬਾਕੀ ਤਾਂ ਸਭ ਖਾਕ ਛਾਣਦੇ ਹਨ..ਭਲਾ ਖਾਕ ਛਾਨਣ ਵਾਲੇ ਕੌਣ ਹਨ?.ਪਤਾ ਤੇ ਤੁਹਾਨੂੰ ਵੀ ਪਰ ਤੁਸੀਂ ਮੂੰਹੋਂ ਨੀ ਪਰ ਮਨ ਵਿੱਚ ਜਰੂਰ ਉਹਨਾਂ ਨੂੰ ਧੜੀ ਤੇ ਪਨਸੇਰੀ ਦੀਆਂ ਗਾਲਾਂ ਕੱਢਦੇ ਹੋ..ਮਾਰ ਸਾਲੇ ਦੇ ਗੋਲੀ..ਉਹ ਕੋਈ ਬੰਦਾ ਆ?
ਸਾਲਾ ਸਭ ਕੁੱਝ ਲੁੱਟਪੁਟ ਕੇ ਵੀ ਨੀ ਰੱਜਿਆ..ਰੱਬ ਪਤਾ ਨੀ ਇਸ ਨੂੰ ਕਿਉਂ ਨੀ ਚੱਕਦਾ..? ਜਿਨ੍ਹਾਂ ਦੀ ਸਮਾਜ ਨੂੰ ਲੋੜ ਉਹ ਭੰਗ ਦੇ ਭਾਣੇ ਜਾਂਦੇ ਹਨ..ਇਹਨੇ ਪਤਾ ਨੀ ਕਿਹੜੇ ਕਾਂ ਖਾਧੇ ਆ..ਸਾਲਿਆਂ ਨੂੰ ਮੌਤ ਵੀ ਨਹੀਂ ਆਉਦੀ….।
ਪੰਜਾਬੀ ਕਿੰਨੀ ਵਾਰ ਉਜੜੇ ਤੇ ਵਸੇ ਹਨ ? ਕੋਈ ਗਿਣਤੀ ਤੇ ਹਿਸਾਬ ਨਹੀ… ਹੁਣ ਹਾਲਤ ਬੱਦੂਆਂ ਟੱਪਰੀਵਾਸ ਵਾਲੀ ਹੈ..ਜਿਹੜੇ ਸਦਾ ਸਫਰ ’ਤੇ ਹਨ..ਹੁਣ ਪੰਜਾਬੀ ਬਦੇਸ਼ਾਂ ਨੂੰ ਜਾ ਰਹੇ ਹਨ।
ਪੰਜਾਬ ਦਾ ਸਦਾ ਹੀ ਡਾਂਗ ’ਤੇ ਡੇਰਾ ਰਿਹਾ..ਪਰ ਪੰਜਾਬ ਨੇ ਕਦੇ ਸਿਰਹਾਣੇ ਬਾਂਹ ਰੱਖ ਕੇ ਆਰਾਮ ਨੀ ਕੀਤਾ ..ਸਦਾ ਜੰਗ ਦੇ ਮੈਦਾਨ ਵਿੱਚ ਰਿਹਾ…ਕਦੇ ਬਾਹਰੀ ਹਮਲਾਵਰਾਂ ਦੇ ਨਾਲ ਤੇ ਕਦੇ ਆਪਣਿਆਂ ਦੇ ਨਾਲ ਡਾਂਗੋ ਡਾਂਗੀ ਹੁੰਦਾ ਰਿਹਾ..ਜਿਸ ਪਾਸੇ ਤੁਰਿਆ ਹੜ੍ਹ ਲਿਆ ਦਿੱਤਾ ..ਫਸਲਾਂ ਬੀਜੀਆਂ ਦੇਸ਼ ਦੀ ਭੁੱਖ ਚੱਕ ਦਿੱਤੀ …ਤਲਵਾਰਾਂ ਚੁੱਕੀਆਂ..ਨੇਰੀ ਲਿਆ ਦਿੱਤੀ। ਕਾਬਲ ਕੰਧਾਰ ਤੇ ਫਰਾਂਸ ਤੱਕ..ਦੁਸ਼ਮਣਾਂ ਦੇ ਆਹੂ ਲਾਹੇ.ਫੇਰ ਪੰਜਾਬ ਨਸ਼ੇੜੀ ਬਣਾਇਆ ਤੇ ਸਾਰਾ ਪੰਜਾਬ ਨਸ਼ੇੜੀ ਬਣ ਗਿਆ ..ਮੜ੍ਹੀਆਂ ਵਿੱਚ ਮੇਲੇ ਲੱਗਣ ਲੱਗੇ ..ਘਰਾਂ ਦੇ ਘਰ ਖਾਲੀ ਹੋ ਗਏ ..ਘਰਾਂ ਵਿੱਚ ਲਾਲ ਤੇ ਗੁਲਾਬੀ ਚੁੰਨੀਆਂ ਦੀ ਥਾਂ ਚਿੱਟੀਆਂ ਨੇ ਵਾਸਾ ਕਰ ਲਿਆ..ਚੁੱਲਿਆਂ ਵਿੱਚ ਘਾਹ ਉਗ ਆਏ..ਪਰ ਲੋਕ ਫਿਰ ਵੀ ਜਿਉਂਦੇ ਹਨ।
ਪੰਜਾਬ ਨੂੰ ਕਿਸ ਨੇ ਤੇ ਕਿਉਂ ਉਜਾੜਿਆ ? ਅਜੇ ਤੱਕ ਪੰਜਾਬੀਆਂ ਨੇ ਨਾ ਸੋਚਿਆ ਤੇ ਵਿਚਾਰਿਆ। ਇਸਦੇ ਦੁਸ਼ਮਣ ਬੇਗਾਨੇ ਨਹੀਂ ਆਪਣੇ ਹੀ ਹਨ। ਜਿਹਨਾਂ ਨੇ ਕਦੇ ਦਿਮਾਗ ਤੋਂ ਕੰਮ ਨਹੀਂ ਸਗੋਂ ਕਠਪੁਤਲੀਆਂ ਵਾਂਗ ਨੱਚਦੇ ਰਹੇ।
ਮਨਘੜਤ ਸਾਖੀਆਂ ਨੇ ਪੰਜਾਬ ਨੂੰ ਹਮੇਸ਼ਾ ਵਰਤਿਆ, ਵਰਤਿਆ ਵੀ ਉਹਨਾਂ ਨੇ ਜਿਨ੍ਹਾਂ ਪੰਜਾਬ ਨੂੰ ਬਾਰ ਬਾਰ ਉਜਾੜਿਆ ਪਰ ਫਿਰ ਵੀ ਨਾ ਸੋਚਿਆ ਤੇ ਵਿਚਾਰਿਆ ?
ਹੁਣ ਬਦੇਸ਼ਾਂ ਦੇ ਵੱਲ ਉਡਾਰੀ ਮਾਰ ਰਿਹਾ ਹੈ..ਇੰਝ ਲਗਦਾ ਛੇਤੀ ਹੀ ਪੰਜਾਬ ਖਾਲੀ ਹੋ ਜਾਵੇਗਾ ..ਇਥੇ ਹੋਰਨਾਂ ਦਾ ਰਾਜ ਹੋਵੇਗਾ .ਪੰਜਾਬ ਵੀਜ਼ਾ ਲੈ ਕੇ ਆਪਣੇ ਉਜੜੇ ਘਰਾਂ ਨੂੰ ਦੇਖਣ ਆਇਆ ਕਰੇਗਾ ..ਜਿਵੇਂ ਸਾਡੇ ਪੁਰਖੇ ਪਾਕਿਸਤਾਨ ਜਾਂਦੇ ਹਨ…ਬਸ ਅਗਲੀਆਂ ਪੀੜ੍ਹੀਆਂ ਦਾ ਹਾਲ ਵੀ ਸਾਡੇ ਬਾਬਿਆਂ ਵਰਗਾ ਹੀ ਹੋਣਾ ਹੈ..ਪਰ ਹੁਣ ਕਾਹਦਾ ਰੋਣਾ ਹੈ..‘‘ਅਖੇ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ.!” ਪੰਜਾਬ ਖਾਲੀ ਹੋ ਰਿਹਾ ਹੈ ਪੰਜਾਬੀਆਂ ਦੇ ਕੰਨੀਓ।
ਪੰਜਾਬ ਦੇ ਬਹੁਤ ਘਰ ਹਨ ਜਿਥੇ ਧੀਆਂ, ਮਾਵਾਂ ਤੇ ਨੂੰਹਾਂ ਕੱਲੀਆਂ ਜੋ ਜਿਉਂਦੇ ਜੀ ਰੰਡੇਪਾ ਕੱਟਦੀਆਂ ਨੇ..ਪਰ ਉਹ ਮਰ ਗਿਆਂ ਦੇ ਜਾਂ ਬਦੇਸ਼ ਗਿਆਂ ਦੇ ਨਾਲ਼ ਮਰੀਆਂ.ਨਹੀਂ ਉਹ ਜਿਉਂਦੀਆਂ ਹਨ…ਪਰ ਜਿਨ੍ਹਾਂ ਨੇ ਘਰ ਦਰ ਸਾਂਭਣੇ ਸਨ..ਜਾ ਪਰਦੇਸੀ ਹੋ ਗਏ ਜਾਂ ਜਹਾਨੋਂ ਤੁਰ ਗਏ ..ਕੀ ਹੋਣੀ ਹੈ ਪੰਜਾਬਣਾਂ ਦੀ ?
ਪਰ ਪੰਜਾਬੀਓ ਕਦੋਂ ਤੱਕ ਉਜੜ ਕੇ ਵਸਦੇ ਰਹੋਗੇ..ਕੁੱਝ ਅਕਲ ਨੂੰ ਹੱਥ ਮਾਰੋ, ਨਾ ਬੇਗਾਨੀਆਂ ਮੱਝਾਂ ਚਾਰੋ ਤੇ ਦੁਸ਼ਮਣ ਨੂੰ ਪਛਾਣੋ..ਜੋ ਬਾਹਰਲੇ ਘੱਟ ਤੇ ਘਰ ਦੇ ਵੱਧ ਹਨ.. ਕੌਣ ਹਨ ਦੇਖੋ ਤੇ ਪਛਾਣੋ ਤੇ ਜਾਣੋ ਕਿ ਉਨ੍ਹਾਂ ਦਾ ਕੀ ਕਰਨਾ ਹੈ ?
‘‘ਅਖੇ! ਡੁੱਬੀ ਤਾਂ ਜੇ ਸਾਹ ਨਾ ਆਇਆ !”
ਪਰ ਪੰਜਾਬੀਓ! ਹੁਣ ਕੌਣ ਆਇਆ ਤੁਹਾਡੀ ਮੱਦਦ ਲਈ ? ਆਪਣੇ ਹੀ ਆਏ ਹਨ… ਨਾ ਕੋਈ ਸਿਆਸਤਦਾਨ ਆਇਆ ਤੇ ਨਾ ਪੁਜਾਰੀ ਤੇ ਨਾ ਅਧਿਕਾਰੀ… ਬਾਹਰਲਿਆਂ ਨੇ ਤਾਂ ਕੀ ਆਉਣਾ ਸੀ?
ਪੰਜਾਬੀਓ…! ਸੋਟਾ ਪੀੜ੍ਹੀ ਹੇਠਾਂ ਤੇ ਉਹਨਾਂ ਤੇ ਫੇਰਨ ਦੀ ਲੋੜ ਹੈ…ਜਿਨ੍ਹਾਂ ਦੇ ਮਗਰ ਹਰ ਵੇਲ਼ੇ ਤੁਰੇ ਫਿਰਦੇ..ਸਾਡੀ ਪਾਰਟੀ ਆ..! ਦੇਖ ਲਵੋ ਸਵਾਦ ਪਾਰਟੀਆਂ ਦੇ ਆਗੂਆਂ ਦਾ..ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਿਆ ਜੇ ਕਿਸੇ ਪੁੱਛਿਆ ਤਾਂ ਦੱਸ ਦਿਓ ?
ਹਰ ਵਾਰ ਉਜੜ ਕੇ ਵਸਣ ਦੀ ਆਦਤ ਨੂੰ ਬਦਲੋ..ਆਪਣੀ ਅੰਦਰਲੀ ਸ਼ਕਤੀ ਨੂੰ ਜਗਾਓ..ਯਾਦ ਕਰੋ 1699 ਦੀ ਵਿਸਾਖੀ ਤੇ ਚਮਕੌਰ ਗੜ੍ਹੀ ਦੀ ਜੰਗ…ਚਿੱਟੀ ਸਿਉਂਕ ਪੁਜਾਰੀ ਤੇ ਡੇਰੇਦਾਰਾਂ ਨੇ ਤੁਹਾਨੂੰ ਮਨਘੜਤ ਸਾਖੀਆਂ ਸੁਣਾ ਕੇ..ਮਰਨ ਦਾ ਡਰ ਪਾ ਦਿੱਤਾ ਹੈ…ਅਖੇ ਮਰਨਾ ਸੱਚ ਜਿਉਣਾ ਝੂਠ ਹੈ..ਪਰ ਗੱਲਾਂ ਦੋਵੇਂ ਸੱਚ ਹਨ..ਜਿਉਂਦੇ ਹੋਣ ਦਾ ਸਬੂਤ ਦਿਓ. ਹੁਣ ਕਿਸੇ ਭਗਤ ਸਿੰਘ ਨੇ ਨੀ ਆਉਣਾ, ਨਾ ਹੀ ਹੁਣ ਫਾਂਸੀ ਦੇ ਰੱਸੇ ਚੁੰਮ ਕੇ ਸ਼ਹੀਦ ਹੋਣ ਦੀ ਲੋੜ ਹੈ। ਪੰਜਾਬੀਓ ਜ਼ਿੰਦਗੀ ਜਿਉਣ ਲਈ ਕੁਰਬਾਨ ਹੋਣ ਲਈ ਨਹੀਂ।
ਪੰਜਾਬ ਨੇ ਕਦੇ ਆਪਣੀ ਮਰ ਗਈ ਜ਼ਮੀਰ ਨੂੰ ਜਗਾਇਆ ਹੀ ਨਹੀਂ, ਬਹੁਤ ਗਿਣਤੀ ਤਾਂ ਆਪਾਂ ਕੀ ਲੈਣਾ ਦੀ ਸੋਚ ਦੀ ਐ, ਜਿਹੜੇ ਆਪਣਾ ਉੱਲੂ ਸਿੱਧਾ ਕਰਨ ਲਈ ਖੁਦ ਉਲੂ ਬਣੇ ਹੋਏ ਹਨ।ਉਹਨਾ ਦੇ ਅੰਦਰਲਾ ਮਨੁੱਖ ਮਰ ਗਿਆ ਐ। ਉਸ ਮਰ ਗਏ ਇਨਸਾਨ ਨੂੰ ਜਗਾਉਣ ਦੇ ਲਈ ਹਲੂਣੇ ਦੇਣ ਦੀ ਜਰੂਰਤ ਐ। ਆਪਣੇ ਆਪ ਦੀ ਪਹਿਚਾਣ ਕਰਨ ਦੀ ਤੇ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ ਲੋੜ ਹੈ।
ਕਦੋਂ ਤੱਕ ਉਜੜ ਕੇ ਵਸਦੇ ਰਹੋਗੇ ?
ਹੁਣ ਵੀ ਜੇ ਨਾ ਤੁਹਾਨੂੰ ਆਪਣੇ ਤੇ ਬੇਗਾਨੇ ਦੀ ਸਮਝ ਲੱਗੀ ਤਾਂ ਤੁਹਾਨੂੰ ਕੋਈ ਨਹੀਂ ਵਸਾ ਸਕਦੇ?
ਬਹੁਤ ਦੇਰ ਪਹਿਲਾਂ ਜਸਵੰਤ ਸਿੰਘ ਕੰਵਲ ਹਲੂਣਦਾ ਮਰ ਗਿਆ ਅਸੀਂ ਨਹੀਂ ਜਾਗੇ। ਗੁਰਪ੍ਰੀਤ ਸਿੰਘ ਤੂਰ ਦੀ ਲਿਖੀ ਪੁਸਤਕ ‘‘ਸੰਭਲੋ ਪੰਜਾਬ’’ ਚੇਤੇ ਆਉਦੀ ਹੈ ਜਿਸ ਵਿੱਚ ਉਹਨਾਂ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਕਲਮਵੱਧ ਕੀਤਾ ਸੀ।
ਕਿਤਾਬਾਂ ਦੇ ਨਾਲ਼ ਜੁੜੋ, ਪੜ੍ਹੋ, ਸੰਗਠਿਤ ਹੋਵੋ ਤੇ ਆਪਣੇ ਹਿੱਸੇ ਦੇ ਅਸਮਾਨ ਤੇ ਕਬਜ਼ਾ ਕਰੋ! ਨਾ ਮਰੋ, ਨਾ ਮਾਰੋ.ਸਗੋਂ ਆਪਣਾ ਆਪ ਬਚਾਓ…ਮਨੁੱਖਤਾ ਦੇ ਗੁਣ ਗਾਓ…ਬਹੁਤ ਹੋ ਗਈ ਹੁਣ ਤੇ ਕੁੱਤੇ ਖਾਣੀ..ਕਿ ਅਜੇ ਵੀ ਕੋਈ ਰੜਕ ਹੈ?
ਅਸੀਂ ਨਾ ਆਪਣੇ-ਆਪ ਨੂੰ ਬਚਾ ਸਕੇ ਨਾ ਧਰਮ ਬਚਾਇਆ ਹੈ। ਅਸੀਂ ਆਪਣੀ ਮਾਂ ਬੋਲੀ ਪਹਿਰਾਵਾ, ਖਾਣ ਪੀਣ, ਜੀਣ ਥੀਮ ਸਭ ਗਵਾ ਲਿਆ। ਪੰਜਾਬ ਹੁਣ ਬਾਂਝਪਨ ਦਾ ਸ਼ਿਕਾਰ ਹੋ ਗਿਆ ਹੈ। ਨਸਲ ਤੇ ਫਸਲ ਬਦਲ ਰਹੀ ਹੈ।
ਕਿਤੇ ਕਿਤੇ ਪੰਜਾਬ ਸੁਲਗਦਾ ਐ, ਆਪਣੀ ਹੋਂਦ ਵਾਸਤੇ ਲੜ ਰਿਹਾ ਐ ਪਰ ਬੁੱਕਲ ਦੇ ਯਾਰ ਗਦਾਰ ਬਣ ਕੇ ਛਲ ਕਰਦੇ ਹਨ। ਪੰਜਾਬ ਜਦ ਮਰਿਆ ਜਾਂ ਮਾਰਿਆ ਆਪਣਿਆਂ ਨੇ ਮਾਰਿਆ ਐ, ਹੁਣ ਫੇਰ ਪੰਜਾਬੀਆਂ ਦਾ ਸ਼ਿਕਾਰ ਖੇਡਿਆ ਜਾਣਾ ਐ। ਪੰਜਾਬ ਨੇ ਆਪੇ ਹੀ ਮਾਹੌਲ ਤਿਆਰ ਕਰ ਲਿਆ ਐ।
ਹੁਣ ਆਪਣੇ-ਆਪ ਨੂੰ ਪਛਾਨਣ ਤੇ ਗਦਾਰਾਂ ਦੀ ਪਹਿਚਾਣ ਕਰਨ ਦੀ ਲੋੜ ਐ। ਆਪਣੇ ਵਿਰਸੇ ਦੇ ਯੋਧਿਆਂ ਦੇ ਇਤਿਹਾਸ ਨੂੰ ਪੜ੍ਹਨ ਤੇ ਬਚਾ ਕੇ ਰੱਖਣ ਲਈ ਦਿਮਾਗ ਨੂੰ ਵਰਤਣ ਦੀ ਲੋੜ ਐ। ਆਪਣੀ ਬੜਕ ਨੂੰ ਜੋ ਜੱਥੇਦਾਰ ਹਰੀ ਸਿੰਘ ਨਲੂਆ ਅਫਗਾਨਿਸਤਾਨ ਦੇ ਮੈਦਾਨ ਵਿੱਚ ਮਾਰਦਾ ਸੀ, ਅਪਣਾਓ!
ਬਣੋ ਬਾਬਾ ਬੰਦਾ ਸਿੰਘ ਬਹਾਦਰ, ਜਿਸਨੇ ਕਿਰਤੀਆਂ ਤੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਸੀ। ਹੁਣ ਇਹ ਸਭ ਭੁੱਲ ਗਏ ਹਨ. ਹੁਣ ਜੱਟ ਬਣ ਗਏ ਹਨ !
ਜਾਗੋ ਪੰਜਾਬੀਓ, ਸੰਭਾਲ ਲਓ ਪੰਜਾਬ ਨੂੰ, ਨਹੀਂ ਤਾਂ ਪੰਜਾਬ ਨੂੰ ਉਜਾੜਣ ਵਾਲਿਆਂ ਦੇ ਭਾਈਵਾਲ ਤੁਸੀਂ ਗਿਣੇ ਜਾਣਾ ਹੈ..ਸਮਾਂ, ਇਤਿਹਾਸਕਾਰਾਂ ਤੇ ਭਵਿੱਖ ਦੀਆਂ ਨਸਲਾਂ ਨੇ ਤੁਹਾਨੂੰ ਮੁਆਫ਼ ਨਹੀਂ ਕਰਨਾ! ਮੈਦਾਨ ਛੱਡ ਕੇ ਦੌੜਨਾ ਆਪਣੇ-ਆਪ ਤੇ ਪੰਜਾਬ ਨਾਲ ਗਦਾਰ ਐ, ਪੰਜਾਬੀਓ ਹੁਣ ਗਦਾਰ ਬਣਨਾ ਐ ਜਾਂ ਸੂਰਮੇ?
-ਬੁੱਧ ਸਿੰਘ ਨੀਲੋਂ
Comment here