ਹੁਣੇ ਹੁਣੇ ਸਾਨੂੰ ਵੈਨਕੂਵਰ ਇਲਾਕੇ ਵਿਚ ਬਹੁਤ ਲੰਬੇ ਸਮੇਂ ਤੋ ਰਹਿ ਰਹੀ ਆਪਣੀ ਰਿਸ਼ਤੇਦਾਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਦਾ ਚੰਗਾ ਕੰਮਕਾਜ ਹੈ (ਵੈਲ ਸੈਟਲਡ) ਅਤੇ ਬੱਚੇ ਵੀ ਚੰਗੇ ਪੜ੍ਹ ਲਿਖ ਕੇ ਸੈਟਲ ਕਰਾ ਲਏ ਹਨ। ਵੱਡੀ ਗਿਣਤੀ ਵਿੱਚ ਨਵੇਂ ਆ ਰਹੇ ਪੰਜਾਬੀ ਪ੍ਰਵਾਸੀਆਂ ਬਾਰੇ ਉਸਨੇ ਆਪਣੇ ਪ੍ਰਭਾਵ ਦੱਸੇ। ਖਾਸ ਕਰਕੇ ਵੱਡੀ ਗਿਣਤੀ ਵਿਚ ਆ ਰਹੀਆਂ ਕੁੜੀਆਂ ਬਾਰੇ। ਭਾਵੇਂ ਕਿ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਇਹ ਰੁਝਾਨ ਦੇਖਣ ਨੂੰ ਮਿਲਦਾ ਹੈ ਕਿ ਉਥੇ ਵਸੇ ਹੋਏ ਪੁਰਾਣੇ ਪ੍ਰਵਾਸੀ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਘਿਰਣਾ ਨਾਲ ਦੇਖਦੇ ਹਨ। ਉਨ੍ਹਾਂ ਲਈ ਇਕ ਸ਼ਬਦ ਬੋਟਰ ਅਰਥਾਤ ਜਹਾਜ ਤੋਂ ਉਤਰੇ ਲੋਕ ਕਿਹਾ ਜਾਂਦਾ ਹੈ। ਕਿਉਂਕਿ ਉਸ ਵੇਲੇ ਨਵੇਂ ਪ੍ਰਵਾਸੀ ਸਮੁੰਦਰੀ ਜਹਾਜਾਂ ਰਾਹੀਂ ਆਉਂਦੇ ਸਨ। ਇਹ ਘਿਰਣਾ ਵਾਲਾ ਸ਼ਬਦ ਹੈ। ਇਹ ਇਸ ਲਈ ਵਰਤਿਆ ਜਾਂਦਾ ਸੀ, ਕਿਉਂਕਿ ਆਮ ਤੌਰ ਉਤੇ ਪਹਿਲਾਂ ਵਸੇ ਪ੍ਰਵਾਸੀ ਸੌਖੇ ਹੋ ਜਾਂਦੇ ਸੀ, ਜਦੋਂ ਕਿ ਨਵੇਂ ਆਏ ਪ੍ਰਵਾਸੀਆਂ ਦੀ ਆਰਥਿਕ ਹਾਲਤ ਕਮਜ਼ੋਰ ਹੁੰਦੀ ਸੀ। ਪ੍ਰੰਤੂ ਜਿਸ ਹੱਦ ਦੀ ਘਿਰਣਾ ਹੁਣ ਦੇਖਣ ਨੂੰ ਮਿਲੀ ਉਹ ਪਹਿਲਾ ਨਹੀਂ ਦੇਖੀ। ਇਸਦਾ ਮੁੱਖ ਕਾਰਨ ਨਵੀਆਂ ਆ ਰਹੀਆਂ ਕੁੜੀਆਂ ਦਾ ਰਵੱਈਆ ਅਤੇ ਉਨ੍ਹਾਂ ਦੇ ਚਾਲੇ ਹਨ।
ਪਹਿਲਾਂ ਜ਼ਿਆਦਾਤਰ ਕੁੜੀਆਂ ਉਥੇ ਪੱਕੇ ਵਸੇ ਹੋਏ ਮੁੰਡਿਆਂ ਨਾਲ ਵਿਆਹ ਕਰਵਾ ਕੇ ਆਉਂਦੀਆਂ ਸਨ। ਉਹ ਪਹਿਲਾਂ ਪਹਿਲਾਂ ਜ਼ਿਆਦਾਤਰ ਝਿਜਕਦੀਆਂ ਅਤੇ ਦੱਬੀਆਂ ਹੋਈਆਂ ਮਹਿਸੂਸ ਕਰਦੀਆਂ ਸਨ। ਜਿਉਂ ਜਿਉਂ ਉਨ੍ਹਾਂ ਨੂੰ ਉਥੋਂ ਦੇ ਤੌਰ ਤਰੀਕੇ ਸਮਝ ਆਉਂਦੇ ਸਨ, ਤਿਉਂ ਤਿਉਂ ਉਨ੍ਹਾਂ ਦੇ ਰਵਈਏ ਤੇ ਵਰਤਾਓ ਵਿਚ ਫਰਕ ਆਈ ਜਾਂਦਾ ਸੀ। ਜ਼ਿਆਦਾਤਰ ਇਹ ਕੁੜੀਆਂ ਪੰਜਾਬ ਵਿਚਲੇ ਆਪਣੇ ਪਰਿਵਾਰ ਨੂੰ ਕੈਨੇਡਾ ਲਿਜਾਣਾ ਚਾਹੁੰਦੀਆਂ ਸਨ, ਇਸ ਲਈ ਵੀ ਉਹ ਮੁੰਡੇ ਤੇ ਮੁੰਡੇ ਵਾਲੇ ਦੇ ਪਰਿਵਾਰ ਕੋਲੋਂ ਦੱਬ ਕੇ ਰਹਿੰਦੀਆਂ ਸਨ। ਪ੍ਰੰਤੂ ਹੁਣ ਦੀਆਂ ਕੁੜੀਆਂ ਵਿਚ ਗੁਣਾਤਮਿਕ ਤਬਦੀਲੀ (ਕੁਆਲੀਟੇਟਿਵ ਚੇਂਜ) ਆ ਚੁੱਕੀ ਹੈ। ਇਹ ਕੁੜੀਆਂ ਆਈਲੈਟਸ ਪਾਸ ਕਰਕੇ ਆਈਆਂ ਹੁੰਦੀਆਂ ਹਨ ਅਤੇ ਮੁੰਡਿਆਂ ਨੂੰ ਇਨ੍ਹਾਂ ਦੇ ਸਿਰ ਉਤੇ ਵੀਜ਼ਾ ਮਿਲਣਾ ਹੁੰਦਾ ਹੈ। ਇਕ ਹੋਰ ਫਰਕ ਇਹ ਵੀ ਹੈ ਕਿ ਪੰਜਾਬ ਵਿਚ ਵੀ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਪੰਜਾਬ ਵਿੱਚ ਇਕ ਨਵੇਂ ਕਿਸਮ ਦੇ ਸਭਿਆਚਾਰ ਜਿਸਨੂੰ ਪੀ. ਸੀ. ਸਭਿਆਚਾਰ ਕਿਹਾ ਜਾ ਸਕਦਾ ਹੈ, ਦੀ ਪੈਦਾਵਾਰ ਹਨ।
ਮੋਟੇ ਤੌਰ ‘ਤੇ ਇਹ ਸਭਿਆਚਾਰ ਨਿੱਜਵਾਦ ਨੂੰ ਉਤਸ਼ਾਹਿਤ ਕਰਦਾ ਹੈ। ਕੈਨੇਡਾ ਵਿਚ ਮਿਲੀ ਹੋਰ ਆਜ਼ਾਦੀ ਨਾਲ ਇਨ੍ਹਾਂ ਵਿੱਚੋ ਕਈ ਆਪਣਾ ਨਵਾਂ ਰੰਗ ਦਿਖਾਉਂਦੀਆਂ ਹਨ। ਕੈਨੇਡਾ ਦਾ ਮਾਹੌਲ ਇਨ੍ਹਾਂ ਨੂੰ ਸੁਆਰਥ ਅਤੇ ਨਿਰਲੱਜਤਾ ਵੱਲ ਧੱਕਦਾ ਹੈ। ਪੰਜਾਬੀ ਦੀ ਕਹਾਵਤ ਵਾਂਗੂ ਕਿ ‘ਇਕ ਕਰੇਲਾ ਦੂਜਾ ਨਿਮ ਚੜ੍ਹਿਆ।’ ਭਾਵੇਂ ਕਿ ਸੁਆਰਥ ਅਤੇ ਨਿਰਲੱਜਤਾ ਦੇ ਰੁਝਾਨ ਪਹਿਲਾਂ ਵੱਸੇ ਪੰਜਾਬੀਆਂ ਵਿੱਚ ਵੀ ਦੇਖੇ ਜਾ ਸਕਦੇ ਹਨ, ਪ੍ਰੰਤੂ ਜਿਸ ਹੱਦ ਤੱਕ ਇਹ ਨਵੀਆਂ ਕੁੜੀਆਂ ਇਨ੍ਹਾਂ ਨੂੰ ਲੈ ਗਈਆਂ ਹਨ, ਉਸਨੂੰ ਦੇਖ ਕੇ ਪਹਿਲਾ ਵੱਸੇ ਲੋਕ ਸ਼ਰਮਸਾਰ ਵੀ ਹੋ ਰਹੇ ਹਨ ਅਤੇ ਭੈਭੀਤ ਵੀ ਹੋ ਰਹੇ ਹਨ। ਸ਼ਰਮਸ਼ਾਰ ਇਸ ਲਈ ਕਿ ਜਿਸ ਹੱਦ ਦੀ ਨਿਰਲੱਜਤਾ ਵਾਲਾ ਵਰਤਾਉ ਇਹ ਕੁੜੀਆਂ ਕਰ ਰਹੀਆਂ ਹਨ, ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਭੈਭੀਤ ਇਸ ਲਈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਇਹ ਕੁੜੀਆਂ ਤੇ ਪ੍ਰਵਾਸੀ ਕਰ ਰਹੇ ਹਨ, ਉਸ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦਾ ਅਕਸ ਖਰਾਬ ਹੋ ਰਿਹਾ ਹੈ ਅਤੇ ਇਸ ਨਾਲ ਗੋਰੀ ਸਥਾਨਿਕ ਵਸੋਂ ਵਿਚ ਪ੍ਰਵਾਸੀਆਂ ਪ੍ਰਤੀ ਘਿਰਣਾ ਹੋਰ ਵੀ ਵਧ ਜਾਏਗੀ ਅਤੇ ਇਸ ਨਾਲ ਸਮੁੱਚੇ ਤੌਰ ਉਤੇ ਪੰਜਾਬੀਆਂ ਦਾ ਕੈਨੇਡਾ ਵਿਚ ਜੀਵਨ ਅਸੁਰਖਿਅਤ ਹੋ ਸਕਦਾ ਹੈ।
ਉਸਨੇ ਦਸਿਆ ਕਿ ਇਹ ਕੁੜੀਆਂ ਕੈਨੇਡਾ ਆ ਕੇ ਇਹ ਮਹਿਸੂਸ ਕਰਦੀਆਂ ਹਨ ਕਿ ਇਥੇ ਪੈਰ ਜਮਾਉਣ ਲਈ ਸਾਨੂੰ ਦੋ ਚੀਜਾਂ ਦੀ ਬਹੁਤ ਜ਼ਰੂਰਤ ਹੈ। ਰਹਿਣ ਲਈ ਘਰ ਦੀ ਅਤੇ ਆਵਾਜਾਈ ਲਈ ਕਾਰ ਦੀ। ਜਦੋਂ ਵੀ ਉਨ੍ਹਾਂ ਨੂੰ ਕੋਈ ਮਰਦ ਅਜਿਹਾ ਦਿਸਦਾ ਹੈ, ਜੋ ਇਹ ਉਪਲਬਧ ਕਰਵਾ ਸਕਦਾ ਹੈ ਤਾਂ ਉਹ ਉਸ ਉਤੇ ਨਿਰਲੱਜਤਾ ਨਾਲ ਧਾਵਾ ਬੋਲ ਦਿੰਦੀਆਂ ਹਨ। ਉਹ ਜ਼ਬਰਦਸਤੀ ਉਸਦੀ ਕਾਰ ਜਾਂ ਘਰ ਵਿੱਚ ਵੜ ਕੇ ਉਸਨੂੰ ਕਾਮੁਕ ਤੌਰ ‘ਤੇ ਉਕਸਾਉਣ ਦਾ ਯਤਨ ਕਰਦੀਆਂ ਹਨ। ਕੁਝ ਧਾਰਮਿਕ ਬਿਰਤੀ ਰੱਖਣ ਵਾਲੇ ਮਰਦਾਂ ਨੇ ਵੀ ਸ਼ਿਕਾਇਤ ਕੀਤੀ ਹੈ ਕਿ ਉਹ ਇਨ੍ਹਾਂ ਕੁੜੀਆਂ ਦੇ ਅਜਿਹੇ ਵਰਤਾਉ ਦਾ ਸ਼ਿਕਾਰ ਬਣੇ ਹਨ। ਉਸਨੇ ਦਸਿਆ ਕਿ ਕਈ ਪੁਰਾਣੇ ਵਸੇ ਪੰਜਾਬੀਆਂ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਕੁੜੀਆਂ ਨੂੰ ਡੀਪੋਰਟ ਕੀਤਾ ਜਾਏ (ਵਾਪਸ ਭੇਜਿਆ ਜਾਏ)। ਪ੍ਰੰਤੂ ਕੈਨੇਡਾ ਸਰਕਾਰ ਇਨ੍ਹਾਂ ਅਪੀਲਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ, ਕਿਉਂਕਿ ਕੈਨੇਡਾ ਸਰਕਾਰ ਦੀ ਨੀਤੀ ਹੈ ਕਿ ਹਰ ਢੰਗ ਨਾਲ ਪ੍ਰਵਾਸ ਨੂੰ ਉਤਸਾਹਿਤ ਕੀਤਾ ਜਾਏ। ਜਿਥੋਂ ਤਕ ਸੁਆਰਥ ਦੀ ਗੱਲ ਹੈ ਨਾ ਤਾਂ ਕੈਨੇਡੀਅਨ ਸਰਕਾਰ, ਨਾ ਪਹਿਲਾਂ ਵਸੇ ਪੰਜਾਬੀ ਅਤੇ ਨਾ ਹੀ ਨਵੇਂ ਜਾ ਰਹੇ ਪੰਜਾਬੀ ਇਸ ਅਲਾਮਤ ਤੋਂ ਬਚੇ ਰਹਿ ਸਕੇ ਹਨ। ਕੈਨੇਡਾ ਸਰਕਾਰ ਦੀ ਨੀਤੀ ਇਹ ਹੈ ਕਿ ਹਰ ਢੰਗ ਅਤੇ ਸਾਧਨ ਵਰਤ ਕੇ ਪ੍ਰਵਾਸੀ ਕੈਨੇਡਾ ਲਿਆਂਦੇ ਜਾਣ। ਉਸਦਾ ਕੈਨੇਡਾ ਦੇ ਸਮਾਜ ਜਾਂ ਪੰਜਾਬ ਦੇ ਸਮਾਜ ਉਤੇ ਕੀ ਪ੍ਰਭਾਵ ਪਏਗਾ, ਇਸ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ।
ਪੁਰਾਣੇ ਵਸੇ ਪੰਜਾਬੀ ਨਵੇਂ ਆਏ ਪੰਜਾਬੀਆਂ ਨੂੰ ਆਪਣੇ ਸੁਆਰਥ ਲਈ ਨਿਚੋੜਨ ਤੋਂ ਬਿਲਕੁਲ ਗੁਰੇਜ਼ ਨਹੀਂ ਕਰਦੇ। ਇਸ ਗੱਲ ਦਾ ਵੀ ਮੈਨੂੰ ਲੰਬੇ ਸਮੇਂ ਤੋਂ ਤਜ਼ਰਬਾ ਹੈ। ਸਤਰਵਿਆਂ ਦੇ ਦਹਾਕੇ ਵਿਚ ਸਾਡੇ ਕੁਝ ਸਾਥੀਆਂ ਨੇ ਵੈਨਕੂਵਰ ਇਲਾਕੇ ਵਿਚ ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਜਥੇਬੰਦ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਹੱਦ ਤੱਕ ਵੱਡੇ ਪੰਜਾਬੀ ਫਾਰਮਰਜ ਨਵੇਂ ਆਉਣ ਵਾਲੇ ਪੰਜਾਬੀਆਂ ਨੂੰ ਨਿਚੋੜਦੇ ਹਨ, ਉਹ ਗੋਰੇ ਫਾਰਮਰਾਂ ਨਾਲੋਂ ਕਈ ਗੁਣਾਂ ਜ਼ਿਆਦਾ ਸੀ। ਅੱਜਕੱਲ੍ਹ ਨਵੇਂ ਆ ਰਹੇ ਪੰਜਾਬੀਆਂ ਨੂੰ ਪੁਰਾਣੇ ਵਸਦੇ ਪੰਜਾਬੀ ਆਪਣੀਆਂ ਬੇਸਮੈਂਟਾਂ ਕਈ ਗੁਣਾਂ ਵਧ ਕਿਰਾਏ ਉਤੇ ਚਾੜ੍ਹਨ ਦਾ ਯਤਨ ਕਰਦੇ ਸਨ। ਜਿਉਂ ਜਿਉਂ ਵੱਡੀ ਗਿਣਤੀ ਵਿਚ ਨਵੇਂ ਪੰਜਾਬੀ ਆ ਰਹੇ ਹਨ ਅਤੇ ਮੰਗ ਵਿਚ ਵਾਧਾ ਹੋ ਰਿਹਾ ਹੈ, ਤਿਉਂ ਤਿਉਂ ਇਨ੍ਹਾਂ ਨੇ ਤੇਜ਼ੀ ਨਾਲ ਕਿਰਾਏ ਵਧਾ ਦਿੱਤੇ ਹਨ। ਪਹਿਲਾਂ ਜਿਸ ਬੇਸਮੈਂਟ ਦਾ ਕਿਰਾਇਆ 400 ਡਾਲਰ ਪ੍ਰਤੀ ਮਹੀਨਾ ਹੁੰਦਾ ਸੀ, ਹੁਣ ਉਹ 2000 ਡਾਲਰ ਤੱਕ ਮੰਗ ਰਹੇ ਹਨ।
ਦੂਜੇ ਪਾਸੇ ਨਵੇਂ ਆ ਰਹੇ ਪੰਜਾਬੀ ਵੀ ਘਟ ਨਹੀਂ। ਉਹ ਇਹ ਕਹਿ ਕੇ ਬੇਸਮੈਂਟ ਕਿਰਾਏ ਉਤੇ ਲੈ ਲੈਂਦੇ ਹਨ ਕਿ ਅਸੀਂ 4 ਤੋਂ 6 ਜਾਣੇ ਇਥੇ ਰਹਾਂਗੇ, ਪ੍ਰੰਤੂ 20 ਜਾਣੇ ਆ ਜਾਂਦੇ ਹਨ। ਇੰਨਾ ਹੀ ਨਹੀਂ ਉਹ ਉਥੇ ਪਾਰਟੀਆਂ ਕਰਕੇ ਹੋਰ ਭੀੜ ਇਕੱਠੀ ਕਰ ਲੈਂਦੇ ਹਨ ਤੇ ਹੁਲੜਬਾਜ਼ੀ ਕਰਦੇ ਹਨ। ਜਿਸ ਨਾਲ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਹੈ। ਫਿਰ ਘਰ ਵਾਲੇ ਉਨ੍ਹਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਪੁਲੀਸ ਅਤੇ ਹਾਊਸਿੰਗ ਬੋਰਡ ਸੰਸਥਾਵਾਂ ਕੋਲ ਸ਼ਿਕਾਇਤਾਂ ਕਰਦੇ ਹਨ। ਪਰੰਤੂ ਕੈਨੇਡਾ ਵਿਚ ਕਾਨੂੰਨਨ ਤੌਰ ਉਤੇ ਕਿਰਾਏਦਾਰ ਤੋਂ ਮਕਾਨ ਖਾਲੀ ਕਰਵਾਉਣਾ ਸੌਖਾ ਕੰਮ ਨਹੀਂ। ਜ਼ਿਆਦਾਤਰ ਕਾਨੂੰਨ ਕਿਰਾਏਦਾਰ ਦੇ ਹੱਕ ਵਿਚ ਹੁੰਦੇ ਹਨ। ਖਿੱਚੋਤਾਣ ਤੇ ਕਈ ਵਾਰ ਗੱਲ ਹਿੰਸਕ ਟਕਰਾਅ ਤੱਕ ਪਹੁੰਚਦੀ ਹੈ। ਲੰਬਾ ਸਮਾਂ ਉਤਰੀ ਅਮਰੀਕਾ ਦਾ ਤਜ਼ਰਬਾ ਹੋਣ ਕਾਰਨ ਮੈਂ ਉਥੇ ਦੇਖਿਆ ਸੀ ਕਿ ਵੱਡੇ-ਵੱਡੇ ਮੇਲੇ ਤੇ ਪ੍ਰੇਡਾ (ਜਲੂਸ) ਆਦਿ ਦੇਖ ਕੇ ਜੇ ਇਹ ਪ੍ਰਭਾਵ ਲਿਆ ਜਾਏ ਕਿ ਇਥੇ ਬਹੁਤ ਭਾਈਚਾਰਕ ਸਾਂਝ ਹੈ ਤਾਂ ਇਹ ਬਹੁਤ ਹੀ ਗਲਤ ਪ੍ਰਭਾਵ ਹੋਏਗਾ। ਮੇਰੇ ਇਸ ਲੇਖ ਭਾਈਚਾਰਕ ਸਾਂਝ ਤੋਂ ਸੱਖਣਾ ਪੰਜਾਬੀ ਭਾਈਚਾਰਾ ਨੂੰ ਉਥੇ ਕਾਫੀ ਹੁੰਗਾਰਾ ਮਿਲਿਆ ਸੀ। ਨਵੀਆਂ ਪ੍ਰਸਥਿਤੀਆਂ ਭਾਈਚਾਰਿਕ ਸਾਂਝ ਦੇ ਦਿਖਾਵੇ ਦੀ ਅਸਲੀਅਤ ਸਾਹਮਣੇ ਲਿਆ ਰਹੀਆਂ ਹਨ। ਪੰਜਾਬੀਆਂ ਵਿੱਚ ਨਿੱਜਵਾਦ, ਸੁਆਰਥ ਅਤੇ ਨਿਰਲੱਜਤਾ ਦੇ ਵਧ ਰਹੇ ਰੁਝਾਨਾਂ ਦੀ ਸੱਚਾਈ ਨੂੰ ਸਾਹਮਣੇ ਲਿਆ ਰਹੀਆਂ ਹਨ।
ਜਦੋਂ ਨਿਰਲੱਜਤਾ ਦੀ ਗੱਲ ਆਉਂਦੀ ਹੈ ਤਾਂ ਕੁਝ ਲੋਕ ਅਕਸਰ ਇਹ ਕਹਿੰਦੇੰ ਹਨ ਕਿ ਇਹ ਇੱਕਾ ਦੁੱਕਾ ਘਟਨਾਵਾਂ ਹਨ। ਪ੍ਰੰਤੂ ਹੁਣ ਇਹ ਕੌੜੀ ਸੱਚਾਈ ਸਾਹਮਣੇ ਆ ਰਹੀ ਹੈ ਕਿ ਉਹ ਇੱਕਾ ਦੁੱਕਾ ਘਟਨਾਵਾਂ ਨਹੀਂ, ਸਗੋਂ ਇਕ ਰੁਝਾਨ ਬਣ ਚੁੱਕਾ ਹੈ। ਇਕ ਔਰਤ ਨੇ ਦੱਸਿਆ ਕਿ ਕੁੜੀਆਂ ਦਾ ਇਹ ਨਜ਼ਰੀਆ ਅਤੇ ਵਰਤਾਉ ਇਕਾ ਦੁੱਕਾ ਘਟਨਾਵਾਂ ਨਹੀਂ, ਸਗੋਂ ਵੱਡੇ ਪੱਧਰ ਉਤੇ ਵਾਪਰ ਰਿਹਾ ਹੈ। ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰਵਾਸ ਕਰਨ ਵਾਲੀਆਂ ਕੁੜੀਆਂ ਦੇ ਸੰਦਰਭ ਵਿੱਚ ਇਹ ਦ੍ਰਿਸ਼ ਆਮ ਹੁੰਦਾ ਜਾ ਰਿਹਾ ਹੈ। ਆਈਲੈਟਸ ਅਤੇ ਕੈਨੇਡਾ ਪਹੁੰਚਣ ਦੇ ਖਰਚੇ ਲਈ ਇਹ ਇਕ ਮੁੰਡੇ ਨਾਲ ਵਿਆਹ ਕਰਵਾ ਲੈਂਦੀਆਂ ਹਨ ਪ੍ਰੰਤੂ ਪੰਜਾਬ ਵਿੱਚ ਹੀ ਇਨ੍ਹਾਂ ਦੇ ਮਨਪਸੰਦ ਦਾ ਮੁੰਡਾ ਕੋਈ ਹੋਰ ਹੁੰਦਾ ਹੈ। ਇਹ ਕੁੜੀਆਂ ਉਸ ਮੁੰਡੇ ਨੂੰ ਕਹਿੰਦੀਆਂ ਹਨ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਅਸੀਂ ਉਸ ਤੋਂ (ਜਿਸ ਨਾਲ ਵਿਆਹ ਹੁੰਦਾ ਹੈ) ਛੁਟਕਾਰਾ ਪਾ ਕੇ ਤੇਰੇ ਨਾਲ ਵਿਆਹ ਕਰਵਾ ਲਵਾਂਗੀਆਂ।
ਪ੍ਰੰਤੂ ਕੈਨੇਡਾ ਪਹੁੰਚ ਕੇ ਜਦੋਂ ਇਨ੍ਹਾਂ ਨੂੰ ਕੋਈ ਅਜਿਹਾ ਮਰਦ ਮਿਲ ਜਾਂਦਾ ਹੈ ਜੋ ਇਨ੍ਹਾਂ ਦੀ ਕੈਨੇਡਾ ਵਿਚ ਪੱਕੇ ਉਤੇ ਸੈਟਲ ਹੋਣ ਵਿਚ ਸਹਾਈ ਹੋ ਸਕਦਾ ਹੈ ਤਾਂ ਉਹ ਪਹਿਲੇ ਦੋਵਾਂ ਮੁੰਡਿਆਂ ਦੀ ਛੁੱਟੀ ਕਰ ਦਿੰਦੀੱਆਂ ਹਨ। ਇਹ ਦ੍ਰਿਸ਼ ਇਕਾ ਦੁੱਕਾ ਘਟਨਾ ਨਹੀਂ ਹੈ, ਸਗੋਂ ਵੱਡੇ ਪੱਧਰ ਉਤੇ ਦੇਖਿਆ ਜਾ ਸਕਦਾ ਹੈ। ਇਸ ਤੱਥ ਦੀ ਪੁਸ਼ਟੀ ਹੁਣੇ ਹੁਣੇ ਹੋਈ ਹੈ। ਮੈਨੂੰ ਇਕ ਸਮਾਰੋਹ ਵਿਚ ਹਿੱਸਾ ਲੈਣ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ। ਮੈਂ ਇਸ ਵਿਸ਼ੇ ‘ਤੇ ਵੀ ਗੱਲਬਾਤ ਕੀਤੀ। ਉਥੇ ਮੌਜੂਦ ਪੰਜਾਬ ਪੁਲੀਸ ਦੇ ਇਕ ਉਚ ਅਧਿਕਾਰੀ ਜਿਨ੍ਹਾਂ ਦਾ ਸੰਬਧ ਐਨ. ਆਰ. ਆਈ. ਵਿੰਗ ਨਾਲ ਸੀ, ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਜਿਹੀਆਂ ਘਟਨਾਵਾਂ ਵੱਡੇ ਪੱਧਰ ਉਤੇ ਵਾਪਰ ਰਹੀਆਂ ਹਨ। ਵੱਡੀ ਗਿਣਤੀ ਵਿਚ ਅਜਿਹੇ ਮੁਕੱਦਮੇ ਜਿਨ੍ਹਾਂ ਨੂੰ ਉਨ੍ਹਾਂ ਨੇ ਮੇਰੀਟਲ ਡਿਸਪਿਊਟਸ (ਵਿਆਹਾਂ ਤੋਂ ਉਤਪਨ ਝਗੜੇ) ਕਿਹਾ ਪੁਲੀਸ ਕੋਲ ਦਰਜ ਹੋ ਰਹੇ ਹਨ। ਇਕ ਹੋਰ ਬਹੁਤ ਸ਼ਰਮਨਾਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਕੁੜੀ ਦਾ ਪਰਿਵਾਰ ਆਪਣੀ ਕੁੜੀ ਦੇ ਕਾਰਨਾਮਿਆਂ ਤੋਂ ਸ਼ਰਮਸਾਰ ਹੋਣ ਦੀ ਬਜਾਏ ਕੁੜੀ ਦੀ ਸਹਾਇਤਾ ਵਿਚ ਖੜ ਜਾਂਦਾ ਹੈ। ਆਖਰ ਕਿੰਨੀ ਦੇਰ ਅਸੀਂ ਇਸ ਕੌੜੀ ਸੱਚਾਈ ਨੂੰ ਛੁਪਾ ਕੇ ਰੱਖਾਂਗੇ ਕਿ ਅਜੋਕਾ ਸਾਮਰਾਜੀ ਹਿੱਤ ਪੂਰਨ ਕਰਨ ਵਾਲਾ ਪ੍ਰਵਾਸ ਸਾਡੇ ਸਮਾਜਿਕ ਤੇ ਪਰਿਵਾਰਕ ਰਿਸ਼ਤਿਆਂ ਅਤੇ ਸਾਡੀਆਂ ਕਦਰਾਂ ਕੀਮਤਾਂ ਤੇ ਨੈਤਿਕਤਾ ਨੂੰ ਤਹਿਸ ਨਹਿਸ ਕਰ ਰਿਹਾ ਹੈ।
-ਡਾ. ਸਵਰਾਜ ਸਿੰਘ
Comment here