ਸਿਆਸਤਖਬਰਾਂ

ਪੰਜਾਬੀਆਂ ਦੀ ਹੋ ਰਹੀ ਨਾਜਾਇਜ਼ ਲੁੱਟ ਨੂੰ ਕਾਂਗਰਸ ਪਾਏਗੀ ਠੱਲ੍ਹ-ਚੰਨੀ, ਸਿੱਧੂ

ਕੇਬਲ ਮਾਫੀਆ, ਕਿਸਾਨਾਂ ਤੇ ਬਿਜਲੀ ਸਮੇਤ ਕਈ ਮੁੁੱਦੇ ਉਠਾਏ
ਲੁਧਿਆਣਾ-ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਭੱਖ ਚੁੱਕਾ ਹੈ। ਇਸੇ ਲੜੀ ਤਹਿਤ ਇਥੋਂ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ’ਚ ਰੱਖੀ ਗਈ ਕਾਂਗਰਸ ਦੀ ਵੱਡੀ ਰੈਲੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕੋ ਮੰਚ ’ਤੇ ਦਿਖਾਈ ਦਿੱਤੇ। ਰੈਲੀ ਨੂੰ ਸਭ ਤੋਂ ਪਹਿਲਾਂ ਨਵਜੋਤ ਸਿੱਧੂ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮਗਰੋਂ ਮੁੱਖ ਮੰਤਰੀ ਚੰਨੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਰਕਰਾਂ ’ਚ ਇਕ ਨਵਾਂ ਜੋਸ਼ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਜਨਤਾ ਨੂੰ ਇਕ ਸੁਨਹਿਰਾ ਪੰਜਾਬ ਬਣਾ ਕੇ ਦੇਵਾਂਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਰੇਤ ਤੋਂ ਬਾਅਦ ਹੁਣ ਉਨ੍ਹਾਂ ਦੀ ਅੱਖ ਕੇਬਲ ਮਾਫ਼ੀਆ ’ਤੇ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੇਬਲ ਚੈਨਲ ਦਾ ਰੇਟ 400 ਤੋਂ 1000 ਰੁਪਏ ਤੱਕ ਹੈ ਅਤੇ 100 ਰੁਪਏ ਤੋਂ ਵੱਧ ਰੇਟ ਨਹੀਂ ਵਸੂਲਣ ਦਿੱਤੇ ਜਾਣਗੇ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਆਮ ਲੋਕਾਂ ਦਾ ਰਾਜ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਅਜਿਹਾ ਸਿਸਟਮ ਬਣਾਇਆ ਹੈ ਕਿ ਪੰਜਾਬ ਦੇ ਖਜ਼ਾਨੇ ’ਚ 25 ਤੋਂ 30 ਹਜ਼ਾਰ ਕਰੋੜ ਰੁਪਿਆ ਆਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਖਜ਼ਾਨਾ ਭਰਿਆ ਹੋਵੇ ਤਾਂ ਇਕ ਵੀ ਈ. ਟੀ. ਟੀ. ਅਧਿਆਪਕ ਅੱਜ ਸੜਕ ’ਤੇ ਨਾ ਹੋਵੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ’ਚ ਹਰ ਇਕ ਵਰਕਰ ਨੂੰ ਐਡਜਸਟ ਕੀਤਾ ਜਾਵੇਗਾ। ਇਸ ਮੌਕੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਦੇ ਹਰ ਸਵਾਲ ਦਾ ਜਵਾਬ ਪੰਜਾਬ ਮਾਡਲ ਹੈ।
ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਸੂਬਾ ਕਿਸਾਨਾਂ ਨੂੰ 8000 ਕਰੋੜ ਦੀ ਸਬਸਿਡੀ ਦਿੰਦਾ ਹੈ, ਜਦੋਂ ਕਿ ਇਹ ਦੇਸ਼ ਦਾ ਹੋਰ ਕੋਈ ਸੂਬਾ ਨਹੀਂ ਦਿੰਦਾ। ਨਵਜੋਤ ਸਿੱਧੂ ਨੇ ਕਿਹਾ ਕਿ ਇਸ ਵੇਲੇ ਦਿੱਲੀ ’ਚ ਬਿਜਲੀ 12 ਰੁਪਏ ਪ੍ਰਤੀ ਯੂਨਿਟ ਹੈ, ਜਦੋਂ ਕਿ ਪੰਜਾਬ ’ਚ ਇਹ 8 ਰੁਪਏ ਹੈ। ਬਾਦਲਾਂ ’ਤੇ ਵੀ ਨਿਸ਼ਾਨਾ ਸਾਧਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਬਾਦਲਾਂ ਨੇ 25 ਸਾਲਾਂ ਤੋਂ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੀਆਂ 2 ਬੱਸਾਂ ਤੋਂ 6000 ਬੱਸਾਂ ਕਰ ਲਈਆਂ, ਜਦੋਂ ਕਿ ਪੰਜਾਬ ਦੇ ਲੋਕ ਸੜਕਾਂ ’ਤੇ ਆ ਗਏ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਕੋਲ ਅੱਜ ਵੀ ਆਮਦਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 3 ਮਹੀਨਿਆਂ ਦੌਰਾਨ ਅਸੀਂ ਬਹੁਤ ਵੱਡੇ ਬਦਲਾਅ ਕੀਤੇ ਹਨ, ਜੋ ਕਿ ਪਿਛਲੇ ਸਾਢੇ 4 ਸਾਲਾਂ ’ਚ ਨਹੀਂ ਹੋਇਆ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਵੱਡੇ ਫ਼ੈਸਲੇ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਤੇ ਸਭ ਤੋਂ ਜ਼ਿਆਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਗੇ ਅਤੇ ਇਸ ਵਾਰ ਸਰਕਾਰ ਉਹ ਬਣੇਗੀ, ਜਿਹੜੀ ਕਾਰਕੁੰਨ ਮਿਲ ਕੇ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਮੁੱਦਿਆਂ ਨੂੰ ਭਟਕਣ ਨਹੀਂ ਦੇਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਸੀ ਅਤੇ ਇਨ੍ਹਾਂ ਦਾ ਹੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਪੰਜਾਬ ਦੇ ਲੋਕਾਂ ਨਾਲ ਝੂਠ ਨਹੀਂ ਬੋਲਣਗੇ।
ਉਨ੍ਹਾਂ ਕਿਹਾ ਕਿ ਅੱਜ ਤੱਕ ਗਰੀਬਾਂ ਦੀ ਸੁਣਵਾਈ ਹੀ ਨਹੀਂ ਹੋਈ ਅਤੇ ਗਰੀਬ ਲੋਕ ਬਿਜਲੀ ਦੇ ਵੱਡੇ-ਵੱਡੇ ਬਿੱਲ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 53 ਲੱਖ ਪਰਿਵਾਰਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ ਹਨ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਫ਼ਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੱਜ ਲੁਧਿਆਣਾ ਜ਼ਿਲ੍ਹੇ ਦੇ ਆਟੋ ਚਾਲਕਾਂ ਅਤੇ ਰਿਕਸ਼ਾ, ਰੇਹੜੀਆਂ ਵਾਲਿਆਂ ਦੇ ਪੈਂਡਿੰਗ ਜੁਰਮਾਨੇ ਮੁਆਫ਼ ਕਰ ਦਿੱਤੇ ਗਏ ਹਨ।

Comment here