ਸਾਹਿਤਕ ਸੱਥਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਪੰਜਾਬੀਆਂ ਦੀ ਮਾਂ ਬੋਲੀ ਤੋਂ ਦੂਰੀ ਕਿਉਂ?

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਹਾਲੀਆ ਨਤੀਜਿਆਂ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ਵਿਚੋਂ 4510 ਵਿਦਿਆਰਥੀ ਪੰਜਾਬੀ ਭਾਸ਼ਾ ਵਿਚੋਂ ਫੇਲ੍ਹ ਹੋ ਗਏ ਹਨ ਜੋ ਬੇਹੱਦ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ । ਚੋਣਵੇਂ ਪੰਜਾਬੀ (ਇਲੈਕਟਿਵ ਪੰਜਾਬੀ) ਵਿਸ਼ੇ ’ਵਿਚੋਂ 1424 ਵਿਦਿਆਰਥੀ ਫੇਲ੍ਹ ਹੋਏ ਹਨ। ਗੱਲ ਅੱਗੇ ਤੋਰਨ ਤੋਂ ਪਹਿਲਾਂ ਅਸੀਂ ਪੰਜਾਬੀ ਸਾਹਿਤ ਜਗਤ ਦੇ ਮਹਾਨ ਲੇਖਕ ਗੁੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਪੁਸਤਕ ‘ਜ਼ਿੰਦਗੀ ਦੀ ਰਾਸ’ ਦੇ ਨਿਬੰਧ ‘ਮਾਂ-ਬੋਲੀ’ ’ਚੋਂ ਉਨ੍ਹਾਂ ਦੀਆਂ ਲਿਖੀਆਂ ਸਤਰਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਤੋਂ ਮਾਂ -ਬੋਲੀ ਦੀ ਮਹੱਤਤਾ ਦੇ ਨਾਲ-ਨਾਲ ਹੋਰ ਭਾਸ਼ਾਵਾਂ ਦੇ ਗਿਆਨ ਹੋਣ ਦੀ ਅਹਿਮੀਅਤ ਦਾ ਵੀ ਪਤਾ ਲੱਗਦਾ ਹੈ। ਉਹ ਲਿਖਦੇ ਹਨ–
‘‘ਮਨੁੱਖ-ਬੋਲੀ ਮੇਰਾ ਸਿਮਰਨ ਹੈ ਤੇ ਮਾਂ-ਬੋਲੀ ਦੇ ਸ਼ਬਦ ਮੇਰੀ ਮਾਲਾ ਹਨ। ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਨੂੰ ਪਿਆਰਿਆ ਹੈ, ਉਹ ਹਰ ਕਿਸੇ ਦੀ ਮਾਂ-ਬੋਲੀ ਦਾ ਸਤਿਕਾਰ ਕਰਦੇ ਹਨ। ਇਕ ਵਾਰੀ ਇਕ ਸੌ ਅੱਠ ਮੁਲਕਾਂ ਤੋਂ ਆਏ ਅਠਾਰਾਂ ਸੌ ਪ੍ਰਤੀਨਿਧਾਂ ਦੇ ਸਾਹਮਣੇ ਬੋਲਣ ਦਾ ਮੌਕਾ ਮੈਨੂੰ ਵਿਆਨਾ, ਆਸਟ੍ਰੀਆ ਦੀ ਰਾਜਧਾਨੀ ਵਿਚ ਮਿਲਿਆ ਸੀ। ਹਰ ਤਕਰੀਰ ਦਾ ਤਰਜਮਾ ਪੰਜ ਜ਼ਬਾਨਾਂ ਵਿਚ ਹੋਣਾ ਹੁੰਦਾ ਸੀ ਤੇ ਸੈਂਕੜੇ ਤਕਰੀਰਾਂ ਸਨ। ਤਰਜਮਾ ਕਰਨ ਵਾਲੀਆਂ ਕੁੜੀਆਂ ’ਤੇ ਬੜਾ ਭਾਰ ਸੀ। ਉਹ ਮੈਨੂੰ ਥੱਕੀਆਂ-ਥੱਕੀਆਂ ਦਿੱਸਦੀਆਂ ਸਨ। ਉਨ੍ਹਾਂ ਦਾ ਇਰ ਤਰਜਮਾ ਬਚਾਣ ਲਈ, ਮੈਂ ਫ਼ੈਸਲਾ ਕੀਤਾ ਕਿ ਅੰਗਰੇਜ਼ੀ ’ਚ ਹੀ ਬੋਲ ਦਿਆਂਗਾ। ਮੇਰੇ ਇਸ ਫ਼ੈਸਲੇ ’ਤੇ ਅੰਗਰੇਜ਼ਾਂ ਤੇ ਅਮਰੀਕਨਾਂ ਨੇ ਖੁਸ਼ੀ ਦੀਆਂ ਤਾਲੀਆਂ ਵਜਾਈਆਂ ਪਰ ਜਦੋਂ ਮੈਂ ਆਖਿਆ ਕਿ ਇਹ ਵੀ ਮੈਂ ਸਹਾਰ ਨਹੀਂ ਸਕਾਂਗਾ ਕਿ ਆਪਣੀ ਮਾਂ-ਬੋਲੀ ਦੇ ਸ਼ਬਦ ਐਨੇ ਮੁਲਕਾਂ ਦੇ ਚੰਗੇ ਲੋਕਾਂ ਦੇ ਕੰਨੀਂ ਪੁਆਉਣ ਦਾ ਮੌਕਾ ਮੈਂ ਹੱਥੋਂ ਗੁਆ ਲਵਾਂ, ਇਸ ਲਈ ਆਪਣੀ ਤਕਰੀਰ ਦਾ ਅਖ਼ੀਰਲਾ ਹਿੱਸਾ ਮੈਂ ਪੰਜਾਬੀ ’ਚ ਹੀ ਬੋਲਾਂਗਾ। ਇਹਦੇ ਉਤੇ ਸਰੋਤਿਆਂ ਨੇ ਪ੍ਰਸੰਸਾ ਦੀਆਂ ਤਾਲੀਆਂ ਵਜਾਈਆਂ। ਤੇ ਜਦੋਂ ਮੈਂ ਆਪਣੀ ਬੋਲੀ ’ਵਿਚ ਬੋਲ ਹਟਿਆ ਤਾਂ ਸਾਰੇ ਦੇ ਸਾਰੇ ਸਰੋਤੇ ਉਠ ਕੇ ਖਲੋ ਗਏ । ਪ੍ਰਧਾਨਗੀ ਮੰਡਲ ਦੇ ਮੰਚ ਤੋਂ ਹੇਠਾਂ ਆਣ ਕੇ ਕਈਆਂ ਨੇ ਮੈਨੂੰ ਜੱਫੀ ’ਵਿਚ ਲੈ ਲਿਆ। ਕਈ ਮੇਰੇ ਨਾਲ ਤੁਰ ਕੇ ਮੈਨੂੰ ਮੇਰੇ ਸਥਾਨ ’ਤੇ ਬਿਠਾਉਣ ਆਏ ਤੇ ਮੇਰੇ ਦਸਤਖਤ ਲਏ। ਇਹ ਮੇਰੀ ਪ੍ਰਸੰਸਾ ਨਹੀਂ ਸੀ, ਮੇਰੀ ਮਾਂ-ਬੋਲੀ ਲਈ ਆਪਣੀ ਮਾਂ-ਬੋਲੀ ਦੇ ਪਿਆਰਿਆਂ ਦਾ ਸਤਿਕਾਰ ਭਰਿਆ ਇਜ਼ਹਾਰ ਸੀ। ਉਸ ਵੇਲੇ ਮੇਰੀ ਅਵਸਥਾ ਓਦੋਂ ਵਰਗੀ ਹੋ ਗਈ ਜਦੋਂ ਮੈਂ ਕਿਸੇ ਨੂੰ ਆਪਣੀ ਮਾਂ ਦੇ ਪੈਰਾਂ ਦੀ ਛੂਹ ਆਪਣੀਆਂ ਅੱਖਾਂ ਨੂੰ ਲਾਉਂਦਿਆਂ ਵੇਖਦਾ ਹਾਂ।’’
ਮਾਂ-ਬੋਲੀ ਤੋਂ ਦਿਨ-ਬ-ਦਿਨ ਦੂਰ ਹੋ ਰਹੇ ਪੰਜਾਬੀ ਇਹ ਭੁੱਲ ਰਹੇ ਹਨ ਕਿ ਸਾਡੇ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜਿਨ੍ਹਾਂ ਨੂੰ ਹਰ ਰੋਜ਼ ਉਠਦਿਆਂ ਬੈਠਦਿਆਂ ਅਸੀਂ ਨਤਮਸਤਕ ਹੁੰਦੇ ਹਾਂ, ਉਹ ਦਾ ਪਰਮਾਤਮਾ ਨਾਲ ਜੁੜਨ ਦਾ ਸੁਨੇਹਾ ਗੁਰਮੁਖੀ ਲਿਪੀ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਗੁਰਮੁਖੀ ’ਵਿਚ ਹੀ ਕੁਦਰਤ ਨਾਲ ਜੁੜਨ ਤੇ ਕੁਦਰਤ ਕੇ ਸਭ ਬੰਦੇ ਮਿਸ਼ਨ ਨੂੰ ਲੈ ਕੇ ਸੱਚੇ-ਸੁੱਚੇ ਇਨਸਾਨ ਬਣਨ ਦਾ ਸੁਨੇਹਾ ਦਿੱਤਾ।
ਦੁੱਖ ਦੀ ਗੱਲ ਹੈ ਕਿ ਮਾਂ-ਬੋਲੀ ’ਵਿਚ ਫੇਲ੍ਹ ਹੋਣ ਵਾਲੇ ਉਹ ਬੱਚੇ ਹਨ ਜਿਨ੍ਹਾਂ ਨੂੰ ਇਸੇ ਮਾਂ-ਬੋਲੀ ’ਵਿਚ ਹੀ ਗੁੜ੍ਹਤੀ ਮਿਲੀ। ਇਹ ਅਸਫ਼ਲਤਾ ਪੰਜਾਬੀ ਹਿਤੈਸ਼ੀਆਂ ਲਈ ਕਿਸੇ ਨਮੋਸ਼ੀ ਤੋਂ ਘੱਟ ਨਹੀਂ। ਇਹ ਦੇ ਲਈ ਜਿਥੇ ਸਮੇਂ ਦੀਆਂ ਸਰਕਾਰਾਂ, ਸਾਡੀ ਸਿੱਖਿਆ ਨੀਤੀ, ਮਾਂ-ਬੋਲੀ ਨੂੰ ਭੁਲਣ ਵਾਲੇ ਅਧਿਆਪਕ, ਨਿੱਜੀ ਸਕੂਲਾਂ ਦੇ ਪ੍ਰਬੰਧਕ ਕਿਸੇ ਨਾ ਕਿਸੇ ਪੱਖ ਤੋਂ ਜ਼ਿੰਮੇਵਾਰ ਮੰਨੇ ਜਾ ਸਕਦੇ ਹਨ ਉਥੇ ਸਿਆਸਤਦਾਨ ਵੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਮਾਂ-ਬੋਲੀ ਦੇ ਵਿਕਾਸ ਲਈ ਕੁਝ ਨਹੀਂ ਕੀਤਾ, ਜੇ ਕੀਤਾ ਵੀ, ਉਹ ਲਾਗੂ ਨਹੀਂ ਹੋਇਆ। ਸ਼ਾਇਦ ਸਾਡੇ ਰਾਜਨੀਤੀਵਾਨ ਇਹ ਜਾਣਦੇ ਹਨ ਕਿ ਉਨ੍ਹਾਂ ਦੇ ਵਢੇਰਿਆਂ ਨੇ ਪੰਜਾਬੀ ਸੂਬੇ ਦੀ ਪਛਾਣ ਤੇ ਮਾਂ-ਬੋਲੀ ਨੂੰ ਜਿਉਂਦਾ ਰੱਖਣ ਲਈ ਕਿੰਨੀ ਜਦੋ-ਜਹਿਦ ਕੀਤੀ ਅਤੇ ਇਸੇ ਕਰਕੇ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਇਕ ‘ਸੂਬੀ’ ਬਣ ਕੇ ਰਹਿ ਗਿਆ ਜਿਸ ਨੂੰ ਅਜੇ ਵੀ ਖਰੋਚਿਆ ਜਾ ਰਿਹਾ ਹੈ।
ਕਿਸੇ ਦਾ ਨਾਮ ਕੀ ਲੈਣਾ, ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਮਾਂ-ਬੋਲੀ ਪੰਜਾਬੀ ਨੂੰ ਸਕੂਲਾਂ ਕਾਲਜਾਂ ’ਚ ਬਣਦਾ ਸਥਾਨ ਦੇਣ ਲਈ ਕੋਈ ਕਰਾਂਤੀਕਾਰੀ ਕਦਮ ਨਹੀਂ ਚੁੱਕਿਆ, ਕੇਵਲ ਯੂਨੀਵਰਸਿਟੀਆਂ, ਕਾਲਜਾਂ ’ਚ ਸੈਮੀਨਾਰਾਂ ’ਚ ਵੱਡੇ=ਵੱਡੇ ਦਾਅਵੇ ਹੀ ਕੀਤੇ ਹਨ।
ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀ ਉਨੀ ਕਦਰ ਨਹੀਂ ਜਿੰਨੀ ਮਾਂ-ਬੋਲੀ ਦੀ ਬਣਦੀ ਹੈ, ਹੋਵੇ ਕੀ ਕਿਦਾਂ ਜਦੋਂ ਅਸੀਂ ਫਰਲ-ਫਰਲ ਅੰਗਰੇਜ਼ੀ ਬੋਲਣ ਦੇ ਹੱਕ ’ਵਿਚ ਹੋਈਏ, ਕੀ ਯੂਨੀਵਰਸਿਟੀਆਂ ਵੱਲੋਂ ਕਰਵਾਈ ਜਾਂਦੀ ਪੰਜਾਬੀ ਭਾਸ਼ਾ ਦੀ ‘ਗਿਆਨੀ’ ਦੀ ਪ੍ਰੀਖਿਆ ਦੀ ਕੋਈ ਵੁੱਕਤ ਹੈ। ਕੀ ਇਹ ਦੇ ਸਹਾਰੇ ਤੁਸੀਂ ਭਾਸ਼ਾ ਟੀਚਰ ਲੱਗ ਸਕਦੇ ਹੋ, ਕਦਾਚਿਤ ਨਹੀਂ। ਕੀ ਪੰਜਾਬੀ ਭਾਸ਼ਾ ਦੀ ਦਿਨੋ-ਦਿਨ ਵਿਗੜਦੀ ਹਾਲਤ ਲਈ ਸਾਡਾ ਸਿੱਖਿਆ ਤਾਣਾ-ਬਾਣਾ ਜ਼ਿੰਮੇਵਾਰ ਤਾਂ ਨਹੀਂ ਜੋ ਜਾਣਬੁੱਝ ਕੇ ਪੰਜਾਬੀ ਨੂੰ ਹੇਠਲੇ ਦਰਜੇ ’ਚ ਰੱਖ ਰਿਹਾ ਹੈ। ਇਸ ਨੂੰ ਘੋਖਣ ਦੀ ਲੋੜ ਹੈ ਅਤੇ ਮਾਂ-ਬੋਲੀ ਪੰਜਾਬੀ ਨੂੰ ਸਮੂਹ ਪੰਜਾਬੀਆਂ ਦੀ ਬੋਲੀ ਬਣਾਉਣ ਦੀ ਲੋੜ ਹੈ। ਹੁਣ ਵੀ ਜੇਕਰ ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਸੁਹਿਰਦਤਾ ਵਿਖਾਉਣ ਤਾਂ ਮਾਂ-ਬੋਲੀ ਨੂੰ ਬਣਦਾ ਸਤਿਕਾਰ ਮਿਲ ਸਕਦਾ ਹੈ ਤੇ ਗਿਆਨ ਦਾ ਵਸੀਲਾ ਬਣਾਇਆ ਜਾ ਸਕਦਾ ਹੈ। ਇਹ ਸਚਾਈ ਹੈ ਕਿ ਅੰਗਰੇਜ਼ੀ ਜੋ ਕਿ ਅੰਤਰ-ਰਾਸ਼ਟਰੀ ਭਾਸ਼ਾ ਮੰਨੀ ਜਾਂਦੀ ਹੈ, ਤੋਂ ਬਗੈਰ ਪਾੜ੍ਹਿਆਂ ਦੀ ਵੁੱਕਤ ਨਹੀਂ ਪੈਂਦੀ ਪਰ ਵਿਦੇਸ਼ੀ ਭਾਸ਼ਾ ਲਈ ਆਪਣੀ ਮਾਂ-ਬੋਲੀ ਦੀ ਕੁਰਬਾਨੀ ਦੇਣਾ ਵੀ ਸਹੀ ਨਹੀਂ।
ਆਓ ਕੁਝ ਕਰੀਏ
ਵੱਡੀ ਤਰਾਸਦੀ ਹੈ ਕਿ ਮਾਂ-ਬੋਲੀ ਪੰਜਾਬੀ ’ਚ ਗੱਲਬਾਤ ਕਰਨੀ ਹੇਠੀ ਸਮਝੀ ਜਾਂਦੀ ਹੈ ਤੇ ਠੇਠ ਪੰਜਾਬੀ ’ਚ ਗੱਲ ਕਰਨ ਵਾਲੇ ਨੂੰ ਝੱਲਾ ਸਮਝਿਆ ਜਾਣ ਲੱਗਾ ਹੈ। ਸ਼ਹਿਰੀ ਤਬਕੇ ਦੀ ਗੱਲ ਛੱਡੋ, ਬਹੁਤੇ ਪਿੰਡਾਂ ਵਾਲੇ ਲੋਕ ਵੀ ਪੰਜਾਬੀ ’ਚ ਗੱਲ ਕਰਨ ਤੋਂ ਹਿਚਕਚਾਉਂਦੇ ਹਨ। ਪੰਜਾਬ ਦੇ ਸਕੂਲਾਂ, ਕਾਲਜਾਂ ਜਿਥੇ ਸਾਡੇ ਭਵਿੱਖ ਦੀ ਅਗਵਾਈ ਕਰਨ ਵਾਲੇ ਨੌਜਵਾਨ ਮੁੰਡੇ-ਕੁੜੀਆਂ ਵਿਦਿਆ ਗ੍ਰਹਿਣ ਕਰ ਰਹੇ ਹਨ, ਮਾਂ-ਬੋਲੀ ਪੰਜਾਬੀ ਤੋਂ ਦੂਰ ਹੱਟਦੇ ਜਾ ਰਹੇ ਹਨ। ਉਹ ਪੰਜਾਬੀ ਦੇ ਪੀਰੀਅਡ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਇਹ ਨੂੰ ਖੇਡਣ-ਮੱਲਣ ਜਾਂ ਥੋੜ੍ਹਾ ਪੜ੍ਹਾਈ ਤੋਂ ਰਾਹਤ ਲੈਣ ਵਾਲੇ ਸਮਝਦੇ ਹਨ। ਸਕੂਲਾਂ ’ਚ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ’ਚ ਪਰਪੱਕ ਬਣਾਉਣਾ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ। ਵਿਦਿਆਰਥੀਆਂ ਨੂੰ ਇਹ ਗੱਲ ਚਿੱਥਣੀ ਪੈਣੀ ਕਿ ਉਹ ਪੰਜਾਬੀ ਵਿਆਕਰਨ, ਵਰਨ ਬੋਧ, ਸ਼ਬਦ-ਬੋਧ, ਸ਼ਬਦ-ਜੋੜ, ਸ਼ਬਦ ਰਚਨਾ, ਉਤਪੰਨ ਸ਼ਬਦ (ਅਗੇਤਰ, ਪਿਛੇਤਰ), ਅਰਥ-ਬੋਧ (ਵਿਰੋਧੀ ਸ਼ਬਦ, ਸਮਾਨਾਰਥਕ, ਬਹੁ-ਅਰਥਕ ਸ਼ਬਦ) ਨਾਂਵ, ਲਿੰਗ, ਪੁਲਿੰਗ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਾਲ, ਕਿਰਿਆ-ਵਿਸ਼ੇਸ਼ਣ,ਸੰਬੰਧਕ, ਯੋਜਕ, ਵਿਸਮਿਕ, ਵਿਸਰਾਮ ਚਿੰਨ੍ਹਾਂ ਆਦਿ ਨੂੰ ਡੂੰਘਿਆਈ ਨਾਲ ਪੜ੍ਹਨ ਤੇ ਪੰਜਾਬੀ ਅਧਿਆਪਕ ਵੀ ਬੱਚਿਆਂ ਨੂੰ ਪੰਜਾਬੀ ਭਾਸ਼ਾ ਨੂੰ ਪੜ੍ਹਨ ਤੋਂ ਇਲਾਵਾ ਵਿਆਕਰਣ ਦਾ ਸਮੁੱਚਾ ਗਿਆਨ ਦੇਣ ਅਤੇ ਇਹ ਦੱਸਣ ਕਿ ਇਸ ਦੇ ਸਹਾਰੇ ਅੰਗਰੇਜ਼ੀ ਭਾਸ਼ਾ ਦੀਆਂ ਵਿਆਕਰਨਕ ਬਾਰੀਕੀਆਂ ਨੂੰ ਬਾਖੂਬੀ ਸਮਝਿਆ ਜਾ ਸਕਦਾ।
ਸੱਦਾ
ਮਾਂ-ਬੋਲੀ ਪੰਜਾਬੀ ਦੇ ਵਿਕਾਸ ਲਈ ਅਤੇ ਇਸ ਰੁਜ਼ਗਾਰ ਦਾ ਵਸੀਲਾ ਬਣਾਉਣ ਲਈ ਸਰਕਾਰਾਂ, ਬੁੱਧੀਜੀਵੀਆਂ, ਪੰਜਾਬੀ ਹਿਤੈਸ਼ੀਆਂ, ਪੰਜਾਬੀ ਅਧਿਆਪਕਾਂ, ਲੈਕਚਰਾਰਾਂ, ਪੰਜਾਬੀ ਸਾਹਿਤਕਾਰਾਂ ਅਤੇ ਸਮੂਹ ਪੰਜਾਬੀ ਪਰਿਵਾਰਾਂ ਨੂੰ ਆਪੋ-ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਸ਼ੁੱਧ ਪੰਜਾਬੀ ਲਿਖਣ, ਬੋਲਣ ਦੇ ਸਮਰੱਥ ਬਣ ਸਕੇ।
-ਜਸਵਿੰਦਰ ਸਿੰਘ ਬਹੋੜੂ

Comment here