ਸਾਹਿਤਕ ਸੱਥਚਲੰਤ ਮਾਮਲੇਵਿਸ਼ੇਸ਼ ਲੇਖ

ਪੰਜਾਬੀਆਂ’ਚ ਆ ਚੁੱਕੇ ਵੱਡੇ ਨਿਘਾਰ ਦਾ ਕੀ ਕਾਰਣ ਹੈ?

ਸਮਾਜ ’ਚ ਕੁਝ ਮਨੁੱਖ ਇਹੋ ਜਿਹੇ ਮਿਲਣਗੇ, ਜਿਨ੍ਹਾਂ ਦੀ ਕਥਨੀ ਅਤੇ ਕਰਨੀ ਮੇਲ ਨਹੀਂ ਖਾਂਦੀ। ਕਹਿਣ ਦਾ ਭਾਵ ਕਿ ਕਰਨੀ ਤੇ ਕਥਨੀ ’ਚ ਬਹੁਤ ਅੰਤਰ ਹੁੰਦਾ ਹੈ। ਇਹ ਫ਼ਰਕ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ। ਪੜ੍ਹੀ-ਲਿਖੀ ਜਮਾਤ ਵਿਚ ਤੁਸੀਂ ਕਿਤੇ ਇਨ੍ਹਾਂ ਦੀ ਗੱਲਬਾਤ ਵਿਚ ਬੈਠ ਜਾਉ, ਦੁਨੀਆ ਦੀਆਂ ਸਭ ਤੋਂ ਵੱਧ ਸਿਆਣੀਆਂ ਗੱਲਾਂ ਇਹ ਕਰਦੇ ਹਨ। ਜਦੋਂ ਉਨ੍ਹਾਂ ਗੱਲਾਂ ਦੇ ਸਿਧਾਂਤ ’ਤੇ ਇਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਵੇਖੋ ਤਾਂ ਸਭ ਕੁਝ ਉਲਟ ਨਜ਼ਰ ਆਉਂਦਾ ਹੈ। ਇਨ੍ਹਾਂ ਦੇ ਭਾਸ਼ਨਾਂ ਵਿਚ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਫਜ਼ੂਲ-ਖ਼ਰਚੀ ਨੂੰ ਲੈ ਕੇ, ਕਿ ਲੋਕ ਵਿਆਹ-ਸ਼ਾਦੀਆਂ, ਭੋਗ ਆਦਿ ’ਤੇ ਕਰਜ਼ਾ ਚੁੱਕ ਕੇ ਖ਼ਰਚੇ ਕਰਦੇ ਹਨ ਦਿਖਾਵੇ ਲਈ। ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਹੋ ਰਿਹਾ ਹੈ। ਵਿਰਸਾ ਖ਼ਤਮ ਹੁੰਦਾ ਜਾਂਦਾ ਹੈ। ਗਾਣੇ ਲੱਚਰ ਆ ਗਏ ਹਨ, ਇਸ ਨੇ ਮਾਹੌਲ ਖਰਾਬ ਕੀਤਾ ਹੈ। ਪਿੰਡਾਂ ਵਿਚ ਲੋਕੀਂ ਘਰਾਂ, ਗੱਡੀਆਂ ’ਤੇ ਪੈਸਾ ਲਾਈ ਜਾਂਦੇ ਹਨ। ਇਸ ਤਰ੍ਹਾਂ ਦੀਆਂ ਅਨੇਕਾਂ ਗੱਲਾਂ ਆਏ ਦਿਨ ਕਲੱਬਾਂ, ਸੱਥਾਂ ਅਤੇ ਹੋਰ ਸਮਾਜਿਕ ਇਕੱਠਾਂ ਵਿਚ ਕੀਤੀਆਂ ਜਾਂਦੀਆਂ ਹਨ।
ਅੱਜ ਇਨ੍ਹਾਂ ਗੱਲਾਂ ’ਤੇ ਹੀ ਚਰਚਾ ਕਰਦੇ ਹਾਂ ਕਿਉਂਕਿ ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ ਤੇ ਇਕ ਗੱਲ ਕਰਨ ਵਾਲੇ ਦੀ ਭਾਵਨਾ ਜਾਂ ਉਦੇਸ਼ ਦੂਜਾ ਜਿਸ ਨੇ ਉਸ ਕਿਰਿਆ ਵਿਚੋਂ ਲੰਘਣਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਆਹ-ਸ਼ਾਦੀਆਂ ਦੀ। ਪੁਰਾਣੇ ਜ਼ਮਾਨੇ ਵਿਚ ਕਹਾਵਤ ਪ੍ਰਚੱਲਿਤ ਸੀ ਕਿ ਜਿਸ ਦੇ ਘਰ ਧੀ ਜੰਮ ਪਈ, ਉਸ ਦੀਆਂ ਸੱਤ ਪੀੜ੍ਹੀਆਂ ਗ਼ੁਲਾਮ ਹੋ ਗਈਆਂ। ਹੌਲੀ-ਹੌਲੀ ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲਿਆ ਪਰ ਕਿਤੇ ਨਾ ਕਿਤੇ ਇਹ ਸਿੱਧੀ ਗ਼ੁਲਾਮੀ ਨੂੰ ਟੇਡੇ ਢੰਗ-ਤਰੀਕੇ ਦੀ ਸ਼ਕਲ ਦੇ ਦਿੱਤੀ ਗਈ। ਅੱਜ ਮੁੰਡੇ ਵਾਲੇ ਵਿਆਹ ਸਮੇਂ ਬਹੁਤੇ ਇਹ ਕਹਿੰਦੇ ਹਨ, ’ਜੀ ਸਾਨੂੰ ਕੁਝ ਨਹੀਂ ਚਾਹੀਦਾ’, ’ਤੁਸੀਂ ਆਪਣੀ ਧੀ ਨੂੰ ਜੋ ਦੇਣਾ, ਉਹ ਦੇ ਦਿਉ, ਬੱਸ ਬਰਾਤ ਦੀ ਸੇਵਾ ਵਧੀਆ ਕਰ ਦਿਉ’। ਇਸ ਦੋ ਹਰਫੀ ਗੱਲ ਦਾ ਅਸਲ ਮਤਲਬ ਸਮਝੋ ਤਾਂ ਸਭ ਕੁਝ ਮੰਗ ਵੀ ਲਿਆ ਅਤੇ ਮੰਗਿਆ ਵੀ ਕੁਝ ਨਹੀਂ। ਗੋਲ ਗੱਲ, ਝਾਕ ਸਭ ਕਾਸੇ ਦੀ ਪਰ ਮੂੰਹੋਂ ਗਿਣਾਇਆ ਕੁਝ ਵੀ ਨਹੀਂ। ਵਿਆਹ ਤੋਂ ਬਾਅਦ ਜ਼ਿਆਦਾ ਰੌਲੇ ਵੀ ਇਨ੍ਹਾਂ ਲੋਕਾਂ ਦੇ ਹੀ ਪੈਂਦੇ ਹਨ। ਬਰਾਤ ਦੀ ਸੇਵਾ ਦੇ ਕੀ ਅਰਥ ਨਿਕਲਣ। ਇਸ ਦਾ ਸਿੱਧਾ ਭਾਵ ਹੈ ਕਿ ਵਧੀਆ ਪੈਲੇਸ, ਖਾਣ-ਪੀਣ ਆਦਿ। ਜੇਕਰ ਕੁੜੀ ਵਾਲਾ ਨਹੀਂ ਚਾਹੁੰਦਾ ਤਾਂ ਵੀ ਕਰਨਾ ਪੈਂਦਾ ਹੈ। ਪੈਲੇਸਾਂ ਦੇ ਰਿਵਾਜ ਤੋਰੇ ਸ਼ਹਿਰੀਆਂ ਨੇ ਜਿਹੜੇ ਪੈਸੇ ਟਕੇ ਵਿਚ ਤਕੜੇ ਹਨ। ਇਹ ਵਿਆਹ-ਸ਼ਾਦੀਆਂ ’ਤੇ ਪੈਲੇਸ ਜਾਂ ਹੋਟਲ ਬੁੱਕ ਕਰਦੇ ਹਨ ਫਿਰ ਕੇਟਰਿੰਗ ਵੀ ਵੱਖ-ਵੱਖ ਜਗ੍ਹਾ ਤੋਂ ਹੁੰਦੀ ਹੈ। ਸਟਾਲ ਚਾਈਨੀਜ਼, ਕਾਟੀਨੈਂਟਲ, ਨਾਰਥ ਇੰਡੀਅਨ, ਪੰਜਾਬੀ ਢਾਬਾ ਆਦਿ ਅਨੇਕਾਂ ਤਰ੍ਹਾਂ ਦੇ ਪਦਾਰਥਾਂ ਦੀ ਲੰਬੀ ਫੈਰਿਸਤ ਹੁੰਦੀ ਹੈ। ਜਦੋਂ ਬਰਾਤ ਦੀ ਸੇਵਾ ਦੀ ਗੱਲ ਆਉਂਦੀ ਹੈ, ਫਿਰ ਇਹ ਸਭ ਗੱਲਾਂ ਹੁੰਦੀਆਂ ਹਨ। ਚਾਹੇ ਇਸ ਚਾਰ ਘੰਟਿਆਂ ਦੇ ਪੈਲੇਸ ਲਈ ਲੜਕੀ ਵਾਲਿਆਂ ਨੂੰ ਜ਼ਮੀਨ ਹੀ ਕਿਉਂ ਨਾ ਵੇਚਣੀ ਪਵੇ। ਇਸ ’ਚ ਖ਼ੁਸ਼ੀ ਨਹੀਂ, ਮਜਬੂਰੀ ਹੁੰਦੀ ਹੈ। ਕਰਨ ਵਾਲਾ ਭਾਵੇਂ ਪੁੱਠਾ ਹੋ ਕੇ ਲਟਕ ਜਾਵੇ ਪਰ ਬਰਾਤ ਵਿਚੋਂ ਕੁਝ ਸੱਜਣ (2-4 ਆਦਮੀ/ਇਸਤਰੀਆਂ) ਇਹੋ ਜਿਹੇ ਜ਼ਰੂਰ ਮਿਲ ਜਾਣਗੇ ਜੋ ਕਹਿਣਗੇ ਇਕ ਰੋਟੀ ਖਵਾਉਣੀ ਸੀ, ਉਹ ਵੀ ਚੱਜ ਦੀ ਨਹੀਂ ਖਵਾਈ ਗਈ। ਦੂਜੇ ਪਾਸੇ ਕਈ ਜਗ੍ਹਾ ’ਤੇ ਮੁੰਡੇ ਵਾਲੇ ਕਹਿੰਦੇ ਹਨ ਕਿ ਸਾਨੂੰ ਗੁਰਦੁਆਰੇ ਤੋਂ ਅਨੰਦ ਕਰਾਕੇ ਮੋੜ ਦਿਉ ਪਰ ਕੁੜੀ ਵਾਲੇ ਇਹ ਕਹਿੰਦੇ ਹਨ ਸਾਡਾ ਨੱਕ ਨਹੀਂ ਰਹਿੰਦਾ। ਜੇਕਰ ਅੱਜ-ਕੱਲ੍ਹ ਕੋਈ ਗੁਰਦੁਆਰਾ ਸਾਹਿਬ ਵਿਚ ਥੋੜ੍ਹੀ ਜਿਹੀ ਫੁੱਲਾਂ ਨਾਲ ਸਜਾਵਟ ਕਰ ਕੇ ਲਾਵਾਂ ਤੋਂ ਬਾਅਦ ਲੰਗਰ ਹਾਲ ਵਿਚ ਹੀ ਰੋਟੀ ਖਵਾਉਣੀ ਚਾਹੁੰਦਾ ਹੈ ਤਾਂ ਉਸ ਵੇਲੇ ਕਈ ਲੋਕਾਂ ਨੂੰ ਮਰਿਆਦਾ ਦੀ ਚਿੰਤਾ ਸਤਾਉਣ ਲੱਗਦੀ ਹੈ। ਮੁਕਦੀ ਗੱਲ ਜੇ ਪੈਲੇਸ ਵਿਚ ਕੀਤੀ ਫਜ਼ੂਲ-ਖਰਚੀ, ਗੁਰਦੁਆਰੇ ਵਿਚ ਮਰਿਆਦਾ ਦੀ ਚਿੰਤਾ, ਘਰ ਵਿਚ ਬਹੁਤੀ ਵਾਰ ਇੰਨੀ ਜਗ੍ਹਾ ਨਹੀਂ ਹੁੰਦੀ ਕਿੱਧਰ ਨੂੰ ਜਾਵੇ ਬੰਦਾ। ਉਸ ਤੋਂ ਬਾਅਦ ਲੈਣ-ਦੇਣ ਦੀ ਲੜੀ ਅੱਗੇ ਤੁਰਦੀ ਹੈ। ਤਿੱਥ ਤਿਉਹਾਰ, ਬੱਚੇ ਦੇ ਜਨਮ, ਸ਼ੂਸ਼ਕ ਅਤੇ ਵਿਆਹ ਅਤੇ ਨਾਨਕ ਛੱਕ। ਇੱਥੋਂ ਤੱਕ ਕਿ ਕੁੜੀ ਦੇ ਪੇਕੇ ਜਾਂ ਸਹੁਰੇ ਪਰਿਵਾਰ ’ਚ ਕੋਈ ਮਰਗ ਵੀ ਹੋ ਗਈ ਤਾਂ ਵੀ ਕੁੜੀ ਦੇ ਸਹੁਰੇ ਪਰਿਵਾਰ ਨੂੰ ਕੁਝ ਨਾ ਕੁਝ ਦੇਣਾ ਬਣਦਾ ਹੈ। ਕਹਿੰਦੇ-ਕਹਾਉਂਦੇ ਲੋਕ ਵੀ ਇਸ ਚੀਜ਼ ਤੋਂ ਸੁਰਖਰੂ ਨਹੀਂ ਹਨ। ਬੰਦੇ ਕੁਝ ਹੋਰ ਬੋਲਦੇ ਹਨ ਅਤੇ ਬੀਬੀਆਂ ਕੁਝ ਹੋਰ। ਬੀਬੀਆਂ ਦਾ ਦੋਵੇਂ ਪਾਸੇ ਹੀ ਨੱਕ ਨਹੀਂ ਰਹਿੰਦਾ, ਲੜਕੀ ਦੀ ਮਾਂ ਦਾ ਦਿੱਤੇ ਬਿਨਾਂ ਅਤੇ ਸੱਸ ਦਾ ਲਏ ਬਿਨਾਂ। ਦਰਅਸਲ ਅਸਲੀਅਤ ਇਹ ਹੈ ਕਿ ਸੱਸ ਗੱਲੀਂ-ਬਾਤੀ ਨੂੰਹ ਨੂੰ ਰਿਵਾਜ ਦੇ ਬਹਾਨੇ ਸੁਣਾਉਂਦੀ ਰਹਿੰਦੀ ਹੈ, ਉਹ ਆਪਣੀ ਮਾਂ ਨੂੰ ਦੱਸਦੀ ਹੈ। ਇਹੋ ਸਿਲਸਿਲਾ ਜਦੋਂ ਨੂੰਹ, ਸੱਸ ਬਣ ਜਾਂਦੀ ਹੈ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ। ਇਹੀ ਕਾਰਨ ਸੀ ਕਿ ਲੋਕਾਂ ਨੇ ਕੁੜੀਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਹੋਇਆ ਵੀ ਉਹੀ ਜਦੋਂ ਕੁੜੀ ਬਾਹਰੋਂ ਆਉਂਦੀ ਹੈ ਮੁੰਡੇ ਵਾਲੇ ਅੱਗੇ-ਪਿੱਛੇ ਫਿਰਦੇ ਹਨ। ਜਿਹੜੇ ਇੱਥੇ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ, ਉਹ ਮਿੰਨਤਾਂ ਕਰਦੇ ਨਜ਼ਰ ਆਉਂਦੇ ਹਨ। ਅੱਜ ਉਸ ਵਿਚ ਵੀ ਠੱਗੀ ਦਾ ਰੌਲਾ ਚੱਲ ਪਿਆ ਹੈ।
ਫਿਰ ਇਹੋ ਚੀਜ਼ ਕੀਤੀ ਜਾਂਦੀ ਹੈ ਗਮੀਆਂ ਦੇ ਭੋਗ ਉੱਪਰ ਜੇ ਕੋਈ ਮਰ ਜਾਂਦਾ ਹੈ ਤਾਂ ਸਾਦਾ ਭੋਗ ਪਾ ਦਿਉ ਤਾਂ ਦੁਨੀਆ ਦੇ ਤਾਅਨੇ ਸ਼ੁਰੂ ਹੋ ਜਾਂਦੇ ਹਨ। ਉਹ ਬੰਦੇ ਨੇ ਸਾਰੀ ਉਮਰ ਕਮਾਈ ਕੀਤੀ ਕਿ ਇਕ ਰੋਟੀ ਨਹੀਂ ਉਸ ਦੇ ਨਾਂਅ ਦੀ ਖਵਾ ਸਕੇ। ਜਾਣ ਵਾਲਾ ਕਿਹੜਾ ਕੁਝ ਨਾਲ ਚੁੱਕ ਕੇ ਲੈ ਗਿਆ। ਘਰ ਦੇ ਹਾਲਾਤ ਭਾਵੇਂ ਲੋਕਾਂ ਨੂੰ ਦਿੱਸਦੇ ਹੋਣ ਪਰ ਫਿਰ ਕਹਿਣਗੇ ਵੀ, ਗੱਲ ਕਰਨੋਂ ਨਹੀਂ ਹਟਣਾ। ਜੇ ਕਿਸੇ ਨੇ ਵੱਡਾ ਸਮਾਗਮ ਕਰਤਾ ਫੇਰ ਲਉ ਵੇਖ ਲਉ ਅੱਡੀਆਂ ਚੁੱਕ ਕੇ ਫਾਹਾ ਲਿਆ ਹੈ। ਭੋਗਾਂ ਵਿਚ ਹੋਰ ਨਵਾਂ ਰੁਝਾਨ ਦੇਖਣ ਨੂੰ ਮਿਲਿਆ ਹੈ ਕਿ ਲੋਕ ਮਿੰਨਤਾਂ ਕਰਕੇ ਵੀ ਸਿਆਸਤਦਾਨਾਂ ਨੂੰ ਬੁਲਾਉਂਦੇ ਹਨ ਤਾਂ ਕਿ ਸਮਾਜ ਵਿਚ ਪ੍ਰਭਾਵ ਪਵੇ। ਗੱਲ ਵੀ ਠੀਕ ਲੋਕ ਕੁਰਸੀ ਨੂੰ ਵੇਖ ਕੇ ਆਉਂਦੇ ਹਨ।
ਸੰਯੁਕਤ ਪਰਿਵਾਰ/ਇਕਹਿਰਾ ਪਰਿਵਾਰ
ਇਸ ਵਿਚ ਸ਼ਹਿਰੀਆਂ ਦੇ ਘਰ ਦੇਖੋ ਤਾਂ ਇਕੱਲੇ-ਇਕੱਲੇ ਰਹਿੰਦੇ ਹਨ। ਬੱਚਿਆਂ ਨੂੰ ਸਾਂਭਣ ਲਈ ਨਾਨੀਆਂ ਦਾ ਯੋਗਦਾਨ ਵੱਧ ਗਿਆ। ਸਿੱਟੇ ਵਜੋਂ ਬੱਚਿਆਂ ਨੂੰ ਦਾਦਾ-ਦਾਦੀ ਤੇ ਨਾਨਾ-ਨਾਨੀ ਵਿਚ ਫ਼ਰਕ ਨਹੀਂ ਪਤਾ, ਉਨ੍ਹਾਂ ਲਈ ਉਹ ਸਿਰਫ਼ ’ਗਰੈਂਡ ਪੈਰੇਂਟਸ’ ਬਣ ਚੁੱਕੇ ਹਨ। ਇਸ ’ਚ ਇਕ ਹੋਰ ਨਵਾਂ ਰੁਝਾਨ ਵੇਖਣ ਨੂੰ ਮਿਲਿਆ ਹੈ ਕਿ ਬੱਚਿਆਂ ਨੂੰ ਨਾਨਾ-ਨਾਨੀ ਦਾ ਨਾਂਅ ਪਤਾ ਹੈ ਪਰ ਦਾਦਾ-ਦਾਦੀ ਦਾ ਨਹੀਂ। ਇਹ ਗ਼ਲਤੀ ਕਿਸ ਦੀ ਹੈ, ਕਹਿਣ ਨੂੰ ਦੋਵਾਂ ਮਾਂ-ਬਾਪ ਦੀ ਪਰ ਬਹੁਤੀਆਂ ਕੁੜੀਆਂ ਇਸ ਵੇਲੇ ਆਪਣੇ ਮਾਂ-ਬਾਪ ਵੱਲ ਵਧੇਰੇ ਧਿਆਨ ਦਿੰਦੀਆਂ ਹਨ, ਜਦੋਂ ਕਿ ਸੱਸ-ਸਹੁਰਾ ਅੱਡ ਰੁਲਦੇ-ਫਿਰਦੇ ਹਨ। ਇਸ ਵਿਚ ਆਮ ਲੋਕ ਕਹਿੰਦੇ ਹਨ ਕਿ ਲੜਕੇ ਦਾ ਕਸੂਰ ਹੈ, ਉਹ ਕੁਝ ਨਹੀਂ ਕਹਿੰਦਾ ਘਰਵਾਲੀ ਨੂੰ, ਪਰ ਉਸ ਲੜਕੇ ਦੇ ਹੱਥ ਤਾਂ 498-ਏ ਦੇ ਪਰਚੇ ਨੇ ਬੰਨ੍ਹ ਰੱਖੇ ਹਨ। ਖ਼ੈਰ! ਅੱਜ ਵੀ ਸਾਰਾ ਸਮਾਜ ਇਕੋ ਜਿਹਾ ਨਹੀਂ, ਪਰ ਬਹੁਤੀ ਦੁਨੀਆ ਦੀ ਰੰਗਤ ਬਦਲ ਚੁੱਕੀ ਹੈ। ਸਮਾਜਿਕ ਕਦਰਾਂ-ਕੀਮਤਾਂ ਘਟ ਰਹੀਆਂ ਹਨ। ਰਿਸ਼ਤੇਦਾਰ ਜਾਂ ਮੁਹੱਲੇ ਵਾਲੇ ਤੁਹਾਡੇ ਬਾਰੇ ਕੀ ਸੋਚਣਗੇ ਦੀ ਪਰਵਾਹ ਵੀ ਘਟਦੀ ਜਾਂਦੀ ਹੈ।
ਸੋਸ਼ਲ ਮੀਡੀਆ
ਅੱਜ ਪੰਜਾਬੀ ਲੋਕ ਜੋ ਅਣਖ ਆਬਰੂ ਲਈ ਮਰ ਮਿਟਦੇ ਸੀ, ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇੱਜ਼ਤ ਆਪ ਹੀ ਰੋਲ ਰੱਖੀ ਹੈ। ਰੀਲਾਂ ਬਣਾਉਣ ਵਾਲੇ ਦੋਹਰੇ ਮਤਲਬ ਦੀਆਂ ਗੱਲਾਂ ਅਤੇ ਨੰਗੇਜ਼ ਦਿਖਾਉਣ ’ਚ ਕੋਈ ਕਸਰ ਨਹੀਂ ਛੱਡਦੇ। ਕਈ ਜਗ੍ਹਾ ਤਾਂ ਉਨ੍ਹਾਂ ਦੇ ਨਾਲ ਘਰ ਵਾਲੇ ਜਾਂ ਫਿਰ ਹੋਰ ਮਰਦ ਵੀ ਨਜ਼ਰ ਆਉਂਦੇ ਹਨ। ਕਈ ਨਕਲੀ ਪਿਉ/ਪੁੱਤ ਅਸਲੀ ਬਣ ਕੇ ਰੀਲ ਬਣਾਉਂਦੇ ਹਨ ਪਰ ਬਜ਼ੁਰਗ ਗਾਲ਼ ਸਿਰੇ ਦੀ ਕੱਢਦਾ ਹੈ। ਇਹ ਤਾਂ ਕਿਰਦਾਰ ਹੈ ਰੀਲਾਂ ਬਣਾਉਣ ਵਾਲਿਆਂ ਦਾ। ਦੂਜੇ ਪਾਸੇ ਇਨ੍ਹਾਂ ਨੂੰ ਵੇਖਣ ਵਾਲੇ ਅਤੇ ਸ਼ੇਅਰ ਕਰਨ ਵਾਲੇ ਵੀ ਚੌਖੇ ਹਨ। ਚਿੰਤਾ ਦੀ ਗੱਲ ਤਾਂ ਇਹ ਹੈ ਕਿ ’ਇੰਟਰਟੇਨਮੈਂਟ’ (ਮਨੋਰੰਜਨ) ਦੇ ਨਾਂਅ ’ਤੇ ਸਮਾਜ ਕਿਵੇਂ ਨਿਘਾਰ ਦੇ ਰਾਹ ’ਤੇ ਚੱਲ ਪਿਆ ਹੈ।
ਆਹ ਜੋ ਕੁਝ ਹੋ ਰਿਹਾ ਹੈ, ਇਸ ਵਿਚ ਯੋਗਦਾਨ ਪਾਉਣ ਤੋਂ ਸਾਡੇ ਸਮਾਜਿਕ ਆਗੂ ਵੀ ਘੱਟ ਨਹੀਂ, ਖ਼ਾਸ ਕਰਕੇ ਨੌਜਵਾਨ ਤਬਕਾ। ਇਹ ਲੀਡਰ ਰੀਲ ਇਸ ਤਰ੍ਹਾਂ ਪਾਉਂਦੇ ਹਨ, ਜਿਸ ਤਰ੍ਹਾਂ ਹਿੰਦੀ, ਪੰਜਾਬੀ ਫ਼ਿਲਮਾਂ ਦੇ ’ਡਾਨ’ ਹੋਣ। ਇਨ੍ਹਾਂ ਦੀ ਤੋਰ ਨਾਲ ਬਾਡੀਗਾਰਡ ਲਾ ਕੇ ਵੇਖਣ ਵਾਲੀ ਹੁੰਦੀ ਹੈ। ਫਿਰ ਜਿਹੜੇ ਗਾਣਿਆਂ ਨੂੰ ਇਹ ਲੋਕ ਸਟੇਜਾਂ ’ਤੇ ਭੰਡਦੇ ਹਨ ਕਿ ਇਨ੍ਹਾਂ ਨੇ ਮਾਹੌਲ ਖਰਾਬ ਕੀਤਾ ਹੈ, ਉਨ੍ਹਾਂ ਦੇ ਗਾਣੇ ਹੀ ਰੀਲ ’ਚ ਪਾਉਂਦੇ ਹਨ। ਮੁੱਛਾਂ ’ਤੇ ਹੱਥ ਫੇਰਨਾ, ਜੱਟ ਦਾ ਕੋਈ ਤੋੜ ਨਹੀਂ, ਆਵਦੀਆਂ ਕਰੋੜਾਂ ਦੀਆਂ ਗੱਡੀਆਂ ਤੇ ਫਾਰਮ ਵਿਖਾਉਣੇ, ਫੁਕਰੇਪਣ ਨਾਲੋਂ ਘੱਟ ਨਹੀਂ। ਆਮ ਕਿਸਾਨ ਤਾਂ ਛੱਡੋ, ਵੱਡਾ ਜ਼ਿੰਮੀਦਾਰ ਵੀ ਇਸ ਤਰ੍ਹਾਂ ਦੇ ਫਾਰਮ ਦੀ ਨਹੀਂ ਸੋਚ ਸਕਦੇ। ਇਹ ਸਿਰਫ ਉਹ ਲੋਕ ਹੀ ਸੋਚਦੇ ਹਨ, ਜਿਨ੍ਹਾਂ ਕੋਲ ਹੋਰ ਪਾਸੇ ਦੀ ਕੋਈ ਬੇਹਿਸਾਬੀ ਕਮਾਈ ਹੈ। ਕਦੇ ਸੋਚੋ ਜਿਸ ਤਰ੍ਹਾਂ ਦੀ ਜ਼ਿੰਦਗੀ ਤੁਸੀਂ ਦਿਖਾ ਰਹੇ ਹੋ, ਕਿਹੜਾ ਮਾਂ-ਬਾਪ ਆਪਣਾ ਬੱਚਾ ਤੁਹਾਡੇ ਨਾਲ ਜੋੜਨਾ ਚਾਹੇਗਾ?
ਇਸ ਵੇਲੇ ਲੋੜ ਹੈ ਇਨ੍ਹਾਂ ਆਗੂਆਂ ਨੂੰ ਰੋਲ ਮਾਡਲ ਬਣ ਕੇ ਸਮਾਜ ਨੂੰ ਸੇਧ ਦੇਣ ਦੀ। ਸੋਸ਼ਲ ਮੀਡੀਆ ਰਾਹੀਂ ਕੋਈ ਪੁਖ਼ਤਾ ਗੱਲਾਂ ਕਰਨ, ਸੁਝਾਅ ਦੇਣ ਪੰਜਾਬ ਨੂੰ ਕਿਸ ਤਰ੍ਹਾਂ ਲੀਹ ’ਤੇ ਲਿਆਂਦਾ ਜਾ ਸਕਦਾ ਹੈ? ਨਾ ਕਿ ਆਪਣੇ ਪੈਸੇ ਦਾ ਵਿਖਾਵਾ ਕੀਤਾ ਜਾਵੇ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿਆਸਤ ਵਿਚ ਪੁਰਾਣੇ ਸਿਆਸਤਦਾਨਾਂ ਦੀ ਨਵੀਂ ਪੀੜ੍ਹੀ ਨੇ ਹੀ ਆਉਣਾ ਹੈ, ਕਿਉਂਕਿ ਆਮ ਇਨਸਾਨ ਕੋਲ ਸਿਆਸਤ ਕਰਨ ਲਈ ਐਨਾ ਖੁੱਲ੍ਹਾ ਪੈਸਾ ਨਹੀਂ ਹੈ, ਕਾਬਲੀਅਤ ਦਾ ਕੋਈ ਮੁੱਲ ਨਹੀਂ, ਹਾਂ 2-4 ਚਾਪਲੂਸੀ ਕਰਨ ਵਾਲੇ ਭਾਵੇਂ ਅੱਗੇ ਆ ਜਾਣ। ਅਜਿਹਾ ਬਦਲਾਓ ਲਿਆਉਣ ਵਿਚ ਇਨ੍ਹਾਂ ਲੀਡਰਾਂ ਦਾ ਆਪਣਾ ਫਾਇਦਾ ਹੈ, ਕਿਉਂਕਿ ਇਹ ਪੰਜਾਬੀ ਹਨ ਪਰ ਇਨ੍ਹਾਂ ਨੂੰ ਵੋਟਾਂ ਪਾਉਣ ਵਾਲੇ ਇਨ੍ਹਾਂ ਤੋਂ ਸਤਾਏ ਪੰਜਾਬੀ ਬਾਹਰ ਜਾ ਰਹੇ ਹਨ। ਇਸ ਨਾਲ ਪੰਜਾਬ ਦੇ ਖਾਸੇ ਵਿਚ ਤਬਦੀਲੀ ਆ ਸਕਦੀ ਹੈ। ਭਾਵ ਇਥੇ ਪੰਜਾਬੀਆਂ ਦੀ ਵਸੋਂ ਘਟ ਜਾਏਗੀ ਤੇ ਗ਼ੈਰ-ਪੰਜਾਬੀ ਵਧੇਰੇ ਹੋ ਜਾਣਗੇ। ਇਸ ਨਾਲ ਇਥੇ ਦੀ ਆਰਥਿਕਤਾ ਤੇ ਸਿਆਸਤ ’ਤੇ ਵੀ ਅਸਰ ਪਵੇਗਾ।

-ਡਾਕਟਰ ਅਮਨਪ੍ਰੀਤ ਸਿੰਘ ਬਰਾੜ

Comment here