ਕਾਬੁਲ- ਅਫ਼ਗ਼ਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਕਿਹਾ ਕਿ ਤਾਬਿਲਾਨ ਦੇ ਕਬਜੇ ਤੋਂ ਬਾਅਦ ਅਫ਼ਗ਼ਾਨਿਸਤਾਨ ’ਚ ਸਾਰੇ ਕੰਮਾਂ ਨੂੰ ਪਾਕਿ ਖੁਫੀਆਂ ਏਜੰਸੀ ਆਈਐੱਸਆਈ ਹੀ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਸ਼ੀਰ ’ਚ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਸਾਬਕਾ ਉਪ ਰਾਸ਼ਟਰਪਤੀ ਸਾਲੇਹ ਨਾਰਦਰਨ ਅਲਾਇੰਸ ਦੇ ਨਾਲ ਮਿਲ ਕੇ ਪੰਚਸ਼ੀਰ ’ਚ ਤਾਲਿਬਾਨ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ। ਸਾਬਕਾ ਉਪ ਰਾਸ਼ਟਰਪਤੀ ਨੇ ਡੇਲੀ ਮੇਲ ’ਚ ਲਿਖੇ ਇਕ ਲੇਖ ’ਚ ਅਫ਼ਗ਼ਾਨਿਸਤਾਨ ਹਾਲ ਹੀ ’ਚ ਹੋਈ ਘਟਨਾ ਨੂੰ ਲੈ ਕੇ ਕਈ ਨਵੀਆਂ ਜਾਣਕਾਰੀਆਂ ਦਿੱਤੀਆਂ ਹਨ। ਉਨ੍ਹਾਂ ਖ਼ੁਦ ਨੂੰ ਅਸ਼ਰਫ ਗਨੀ ਦੇ ਭੱਜ ਜਾਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਮੰਨਿਆ ਹੈ। ਉਨ੍ਹਾਂ ਨੇ ਲੇਖ ’ਚ ਕਿਹਾ ਹੈ ਕਿ ਕਾਬੁਲ ’ਤੇ ਕਬਜੇ ਤੋਂ ਬਾਅਦ ਤਾਲਿਬਾਨ ਹਰ ਘੰਟੇ ਪਾਕਿਸਤਾਨ ਦੂਤਾਵਾਸ ਨੂੰ ਹੁਕਮ ਦਿੰਦਾ ਹੈ। ਆਈਐੱਸਆਈ ਹੀ ਹੁਣ ਤਾਲਿਬਾਨ ਨੂੰ ਪੂਰੀ ਤਰ੍ਹਾਂ ਚੱਲਾ ਰਹੀ ਹੈ। ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦਾ ਕਬਜਾ ਸਿਰਫ਼ ਇਕ ਥੱਕੇ ਹੋਏ ਅਮਰੀਕੀ ਰਾਸ਼ਟਰਪਤੀ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਅਫ਼ਗ਼ਾਨਿਸਤਾਨ ਦੇ ਨਾਲ ਧੋਖਾ ਕੀਤਾ ਹੈ।
ਪੰਜਸ਼ੀਰ ਤੇ ਤਾਲਿਬਾਨ ਦੇ ਕਬਜ਼ੇ ਦੀ ਖਬਰ
ਅਫ਼ਗਾਨਿਸਤਾਨ ਦੇ ਪੰਜਸ਼ੀਰ ‘ਚ ਤਾਲਿਬਾਨ ਤੇ ਨੌਰਦਨ ਅਲਾਇੰਸ ਵੱਲੋਂ ਆਪੋ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਪਰ ਤਾਜ਼ਾ ਜਾਣਕਾਰੀ ਦੇ ਮੁਤਾਬਕ ਤਾਲਿਬਾਨ ਦੇ ਖਿਲਾਫ ਲੜਾਈ ‘ਚ ਰੈਸਿਸਟੈਂਸ ਫਰੰਟ ਨੂੰ ਵੱਡਾ ਝਟਕਾ ਲੱਗਾ ਹੈ। ਹਮਲੇ ‘ਚ ਰੈਸਿਸਟੈਂਟ ਫਰੰਟ ਦੇ ਬੁਲਾਰੇ ਫਹੀਮ ਦਸ਼ਤੀ ਦੀ ਮੌਤ ਹੋ ਗਈ। ਹਮਲੇ ‘ਚ ਜਨਰਲ ਅਬਦੁਲ ਵੁਦੂਦ ਜਾਰਾ ਦੀ ਵੀ ਮੌਤ ਹੋ ਗਈ ਹੈ। ਰੇਸਿਸਟੈਂਸ ਫੋਰਸ ਨੇ ਖੁਦ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ, ‘ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਦਮਨ ਤੇ ਹਮਲੇ ਦੇ ਖਿਲਾਫ ਜਾਰੀ ਪਵਿੱਤਰ ਲੜਾਈ ‘ਚ ਅਸੀਂ ਅਫ਼ਗਾਨਿਸਤਾਨ ਰੈਸਿਸਟੈਂਸ ਦੇ ਦੋ ਸਾਥੀਆਂ ਨੂੰ ਗਵਾ ਦਿੱਤਾ, ਰੇਸਿਸਟੈਂਸ ਫਰੰਟ ਦੇ ਬੁਲਾਰੇ ਫਹੀਮ ਦਸ਼ਤੀ ਤੇ ਅਹਿਮਦ ਸ਼ਾਹ ਮਸੂਦ ਦੇ ਭਤੀਜੇ ਜਨਰਲ ਅਬਦੁਲ ਵੁਦੂਦ ਸ਼ਹੀਦ ਹੋ ਗਏ ਹਨ।’ ਫਹੀਮ ਦਸ਼ਤੀ ਦੀ ਮੌਤ ਰੇਸਿਸਟੈਂਟ ਫਰੰਟ ਲਈ ਵੱਡਾ ਝਟਕਾ ਹੈ ਕਿਉਂਕਿ ਬੁਲਾਰਾ ਹੋਣ ਦੇ ਨਾਲ-ਨਾਲ ਉਹ ਅਹਿਮਦ ਮਸੂਦ ਦੇ ਕਾਫੀ ਕਰੀਬੀ ਸਨ। ਅਹਿਮਦ ਮਸੂਦ ਤੇ ਉਸ ਦੇ ਪਿਤਾ ਅਹਿਮਦ ਸ਼ਾਹ ਮਸੂਦ ਦੇ ਬੇਹੱਦ ਕਰੀਬੀ ਰਹੇ ਫਹੀਮ ਦਸ਼ਤੀ ਦੀ ਮੌਤ ਤੋਂ ਬਾਅਦ ਪੰਜਸ਼ੀਰ ‘ਚ ਇਕ ਪਾਸੇ ਸ਼ਾਂਤੀ ਦੀ ਆਵਾਜ਼ ਉੱਠ ਰਹੀ ਹੈ ਉੱਥੇ ਹੀ ਕੁਝ ਲੀਡਰ ਅਜਿਹੇ ਹਨ ਜੋ ਖੂਨ ਦੇ ਬਦਲੇ ਦੀ ਮੰਗ ਕਰ ਰਹੇ ਹਨ। ਉਸ ਹਮਲੇ ‘ਚ ਫਹੀਮ ਦਸ਼ਤੀ ਕਰੀਬ 90 ਫੀਸਦ ਸੜ ਗਏ ਸਨ। ਤਾਲਿਬਾਨ ਨਾਲ ਜਾਰੀ ਤਾਜ਼ਾ ਤਕਰਾਰ ‘ਚ ਉਹ ਖੁੱਲ੍ਹ ਕੇ ਮੁਕਾਬਲਾ ਕਰ ਰਹੇ ਸਨ। ਦਸ਼ਤੀ ਦੀ ਮੌਤ ਰੈਸਿਸਟੈਂਸ ਫਰੰਟ ਲਈ ਅਜਿਹਾ ਵੱਡਾ ਨੁਕਸਾਨ ਹੈ ਜਿਸ ਦੀ ਭਰਪਾਈ ਸੰਭਵ ਨਹੀਂ ਹੈ।ਇਸ ਦਰਮਿਆਨ ਅਫ਼ਗਾਨਿਸਤਾਨ ਦੇ ਪੱਤਰਕਾਰ ਬਿਲਾਲ ਸਰਵਰੀ ਨੇ ਦਾਅਵਾ ਕੀਤਾ ਕਿ ਗਨੀ ਸਰਕਾਰ ‘ਚ ਉਪ ਰਾਸ਼ਟਰਪਤੀ ਰਹੇ ਅਮਰੁੱਲਾਹ ਸਾਲੇਹ ਦੇ ਘਰ ਹੈਲੀਕਾਪਟਰ ਨਾਲ ਹਮਲਾ ਹੋਇਆ ਹੈ। ਇਸ ਤੋਂ ਬਾਅਦ ਅਮਰੁੱਲਾਹ ਸਾਲੇਹ ਨੂੰ ਪੰਜਸ਼ੀਰ ‘ਚ ਹੀ ਕਿਸੇ ਅਗਿਆਤ ਥਾਂ ‘ਤੇ ਲੁਕਣਾ ਪਿਆ ਹੈ। ਬਿਲਾਲ ਸਰਵਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਸਾਲੇਹ ਦੇ ਕਰੀਬੀ ਨੇ ਦਿੱਤੀ ਹੈ।
ਮਸੂਦ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ
ਅਹਿਮਦ ਮਸੂਦ ਨੇ ਇਕ ਵਾਰ ਫਿਰ ਤਾਲਿਬਾਨ ਨਾਲ ਗੱਲਬਾਤ ਜ਼ਰੀਏ ਮਾਮਲਾ ਸੁਲਝਾਉਣ ਦੀ ਪੇਸਕਸ਼ ਕੀਤੀ ਹੈ। ਅਹਿਮਦ ਮਸੂਦ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਗੱਲਬਾਤ ਜ਼ਰੀਏ ਵਿਵਾਦ ਦੇ ਹੱਲ ਦੀ ਗੱਲ ਕਹੀ ਹੈ ਤਾਂ ਕਿ ਅੱਗੇ ਤੋਂ ਪੰਜਸ਼ੀਰ ‘ਚ ਘੱਟ ਤੋਂ ਘੱਟ ਨੁਕਸਾਨ ਹੋਵੇ। ਮੰਨਿਆ ਜਾ ਰਿਹਾ ਕਿ ਦਸਤੀ ਤੇ ਅਬਦੁਲ ਵੁਦੂਦ ਦੀ ਮੌਤ ਤੋਂ ਬਾਅਦ ਹੁਣ ਅਹਿਮਦ ਮਸੂਦ ਹੋਰ ਜ਼ਿਆਦਾ ਨੁਕਸਾਨ ਨਹੀਂ ਚਾਹੁੰਦੇ। ਇਸ ਲਈ ਗੱਲਬਾਤ ਦੀ ਪਹਿਲ ਦੀ ਪੇਸ਼ਕਸ਼ ਕਰ ਰਹੇ ਹਨ। ਇਸ ਦਰਮਿਆਨ ਤਾਲਿਬਾਨ ਗੱਲਬਾਤ ਅਸਫ਼ਲ ਰਹਿਣ ਲਈ ਰੇਸਿਸਟੈਂਸ ਫਰੰਟ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਤਾਲਿਬਾਨੀ ਲੀਡਰ ਅਹਿਮਦਉੱਲਾਹ ਵਾਸਿਕ ਨੇ ਚੀਨੀ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਸ਼ੀਰ ਅਫ਼ਗਾਨਿਸਤਾਨ ਦਾ ਹਿੱਸਾ ਹੈ। ਵਿਰੋਧ ਕਰਨ ਵਾਲਿਆਂ ਨੂੰ ਅਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਸਾਡੇ ਨਾਲ ਸ਼ਾਮਿਲ ਹੋਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਠੁਕਰਾ ਦਿੱਤੀ। ਸਾਡਾ ਮਕਸਦ ਹੈ ਕਿ ਸਥਾਨਕ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ। ਕਿਉਂਕਿ ਗੱਲਬਾਤ ਫੇਲ੍ਹ ਰਹੀ ਤਾਂ ਸਾਡੇ ਕੋਲ ਫੌਜੀ ਕਾਰਵਾਈ ਤੋਂ ਬਿਨਾਂ ਦੂਜਾ ਕੋਈ ਵਿਕਲਪ ਨਹੀਂ ਹੈ।
Comment here