ਅਪਰਾਧਸਿਆਸਤਖਬਰਾਂ

ਪੰਚਾਇਤੀ ਜਮ਼ੀਨ ਚ ਹੱਕ ਮੰਗ ਰਹੇ ਮਜ਼ਦੂਰ ਆਗੂਆਂ ’ਤੇ ਹਮਲਾ

ਬਟਾਲਾ-ਬਟਾਲਾ ਦੇ ਨਜ਼ਦੀਕੀ ਪਿੰਡ ਮਸਾਣੀਆਂ ’ਚ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਦੀ ਡਮੀ ਬੋਲੀ ਦੇ ਵਿਰੁੱਧ ਧਰਨਾ ਦੇ ਰਹੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਮਜ਼ਦੂਰਾਂ ’ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ, ਸਥਾਨਕ ਆਗੂ ਇਕਬਾਲ ਸਿੰਘ ਅਤੇ ਬਬਰੇਜ ਸਿੰਘ ਸਮੇਤ ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਭਰਤੀ ਕਰਵਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੁਨੀਅਨ ਵਲੋਂ ਪਿਛਲੇ ਇਕ ਮਹੀਨੇ ਤੋਂ ਵੱਧ ਪਿੰਡ ਮਸਾਣੀਆਂ ’ਚ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਦੀ ਡਮੀ ਬੋਲੀ ਨੂੰ ਰੱਦ ਕਰਵਾਉਣ ਲਈ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ ’ਚ ਉਨ੍ਹਾਂ ਵਲੋਂ ਬੀ.ਡੀ.ਪੀ.ਓ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਦੇ ਸਾਹਮਣੇ ਵੀ ਧਰਨਾ ਦਿੱਤਾ ਗਿਆ ਸੀ। ਇਸਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਅੱਜ ਸਵੇਰੇ ਜਦ ਯੂਨੀਅਨ ਦੇ ਆਗੂ ਅਤੇ ਮਜ਼ਦੂਰ ਰੋਜ਼ਾਨਾ ਦੀ ਤਰ੍ਹਾਂ ਪਿੰਡ ਮਸਾਣੀਆਂ ’ਚ ਧਰਨਾ ਦੇ ਰਹੇ ਸਨ ਤਾਂ ਕੁਝ ਵਿਅਕਤੀਆਂ ਨੇ ਅਚਾਨਕ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਓਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਸਿਟੀ ਲਲਿਤ ਕੁਮਾਰ ਪੁਲਸ ਪਾਰਟੀ ਸਮੇਤ ਘਟਨਾਸਥਲ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਡੀ.ਐੱਸ.ਪੀ. ਲਲਿਤ ਕੁਮਾਰ ਨੇ ਕਿਹਾ ਕਿ ਪੁਲਸ ਵਲੋਂ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Comment here