ਅਪਰਾਧਸਿਆਸਤਖਬਰਾਂ

ਪ੍ਰੋਟੋਕੋਲ : ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਹਾਈ ਪਾਵਰ ਕਮੇਟੀ ਦਾ ਗਠਨ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਬੁੱਧਵਾਰ ਨੂੰ ਪੰਜਾਬ ਦੌਰੇ ‘ਤੇ ਗਏ ਹੋਏ ਸਨ, ਜਿੱਥੇ ਉਨ੍ਹਾਂ ਨੇ ਫਿਰੋਜ਼ਪੁਰ ਨੇੜੇ ਇਕ ਰੈਲੀ ਨੂੰ ਵੀ ਸੰਬੋਧਨ ਕਰਨਾ ਸੀ। ਜਦੋਂ ਪ੍ਰਧਾਨ ਮੰਤਰੀ ਖਰਾਬ ਮੌਸਮ ਕਾਰਨ ਸੜਕ ਰਾਹੀਂ ਫਿਰੋਜ਼ਪੁਰ ਜਾਣ ਲੱਗੇ ਤਾਂ ਰਸਤੇ ਵਿੱਚ ਕਥਿਤ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦਾ ਰਸਤਾ ਰੋਕ ਦਿੱਤਾ ਗਿਆ। ਇਹ ਵੀ ਦੋਸ਼ ਹੈ ਕਿ ਪੰਜਾਬ ਪੁਲਿਸ ਨੇ ਇਸ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਪੰਜਾਬ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ 3 ਮੈਂਬਰ ਹਨ। ਇਹ ਕਮੇਟੀ ਜਾਂਚ ਕਰੇਗੀ ਕਿ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਸੁਰੱਖਿਆ ਵਿਚ ਕੀ ਖਾਮੀਆਂ ਸਨ ਅਤੇ ਉਸ ਲਈ ਕੌਣ ਜ਼ਿੰਮੇਵਾਰ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਅਨੁਸਾਰ, ਇਸ ਉੱਚ ਪੱਧਰੀ ਕਮੇਟੀ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦੇ ਅਧੀਨ ਕੈਬਨਿਟ ਸਕੱਤਰੇਤ ਦੇ ਸਕੱਤਰ (ਸੁਰੱਖਿਆ), ਸੁਧੀਰ ਕੁਮਾਰ ਸਕਸੈਨਾ, ਕੇਂਦਰੀ ਖੁਫ਼ੀਆ ਬਿਊਰੋ ਦੇ ਸੰਯੁਕਤ ਡਾਇਰੈਕਟਰ ਬਲਵੀਰ ਸਿੰਘ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਵਿਸ਼ੇਸ਼ ਸੁਰੱਖਿਆ ਸਮੂਹ (ਐਸ.ਪੀ.ਜੀ.) ਦੇ ਇੰਸਪੈਕਟਰ ਜਨਰਲ ਸੁਰੇਸ਼ ਨੂੰ ਮੈਂਬਰ ਬਣਾਇਆ ਗਿਆ ਹੈ।ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਉੱਚ ਪੱਧਰੀ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਦਾ ਕਾਫਲਾ ਕਰੀਬ 20 ਮਿੰਟ ਤੱਕ ਇੱਕ ਪੁਲ ‘ਤੇ ਖੜ੍ਹਾ ਰਿਹਾ ਅਤੇ ਇਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਪੰਜਾਬ ਪ੍ਰਸ਼ਾਸਨ ਤੋਂ ਰਿਪੋਰਟ ਤਲਬ ਕੀਤੀ ਹੈ, ਜਿਸ ਦੇ ਜਵਾਬ ਵਿੱਚ ਪੰਜਾਬ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਐੱਸਪੀਜੀ ਅਤੇ ਕੇਂਦਰੀ ਖੁਫੀਆ ਬਿਊਰੋ ਨੇ ਵੀ ਮਾਮਲੇ ਦੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਧਿਕਾਰਤ ਤੌਰ ‘ਤੇ 3 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ਨੇ ਇਸ ਮਾਮਲੇ ਵਿੱਚ ਪੂਰੀ ਰਿਪੋਰਟ ਤਿਆਰ ਕਰਕੇ ਜਲਦੀ ਤੋਂ ਜਲਦੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੇਸ਼ ਕਰਨੀ ਹੈ।

Comment here