ਕੁੜੀ ਦਾ ਪਰਿਵਾਰ ਹਥਿਆਰਾਂ ਦੇ ਬਲਬੂਤੇ ਲੈ ਗਿਆ
ਜਗਰਾਓਂ- ਇੱਥੇ ਨੇੜੇ ਹੀ ਪੈਂਦੇਪਿੰਡ ਕੋਠੇ ਬੱਗੂ ਦੇ ਗੁਰਦੁਆਰਾ ਸਾਹਿਬ ਚ ਪ੍ਰੇਮ ਵਿਆਹ ਤੋਂ ਨਰਾਜ਼ ਕੁੜੀ ਦੇ ਮਾਪੇ ਹਥਿਆਰਾਂ ਦੇ ਜੋਰ ਪ੍ਰੇਮੀ ਜੋੜੇ ਨੂੰ ਅਗਵਾ ਕਰਕੇ ਲੈ ਗਏ। ਜਾਣਕਾਰੀ ਅਨੁਸਾਰ ਦੋਵੇਂ ਮੋਗਾ ਜ਼ਿਲ੍ਹੇ ਦੇ ਪਿੰਡਾਂ ਨਾਲ ਸਬੰਧਤ ਹਨ। ਲੜਕੀ ਦੀ ਉਮਰ 20 ਸਾਲ ਅਤੇ ਲੜਕਾ 22 ਸਾਲਾਂ ਦਾ ਹੈ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਲੜਕੇ ਦਾ ਪਰਿਵਾਰ ਵਿਆਹ ਲਈ ਰਜ਼ਾਮੰਦ ਸੀ ਪਰ ਲੜਕੀ ਦਾ ਪਰਿਵਾਰ ਇਸ ਵਿਆਹ ਦੇ ਹੱਕ ਵਿੱਚ ਨਹੀਂ ਸੀ। ਇਸ ਦੇ ਚੱਲਦਿਆਂ ਲੜਕੀ ਘਰੋਂ ਭੱਜ ਆਈ ਤੇ ਮਿੱਥੇ ਪ੍ਰੋਗਰਾਮ ਅਨੁਸਾਰ ਪਿੰਡ ਕੋਠੇ ਬੱਗੂ ਦੇ ਗੁਰਦੁਆਰੇ ’ਚ ਆਨੰਦ ਕਾਰਜ ਕਰਵਾਉਣ ਪਹੁੰਚ ਗਈ। ਹਾਲੇ ਆਨੰਦ ਕਾਰਜ ਦੀਆਂ ਰਸਮਾਂ ਚੱਲ ਰਹੀਆਂ ਸਨ ਕਿ ਲੜਕੀ ਦੇ ਪਰਿਵਾਰ ਦੇ ਕੁੱਝ ਮੈਂਬਰ ਹਥਿਆਰਾਂ ਨਾਲ ਲੈਸ ਹੋ ਕੇ ਦੋ ਗੱਡੀਆਂ ਵਿੱਚ ਆਏ ਅਤੇ ਲੜਕੇ-ਲੜਕੀ ਨੂੰ ਜਬਰੀ ਗੱਡੀ ’ਚ ਸੁੱਟ ਕੇ ਲੈ ਗਏ। ਗੁਰਦੁਆਰੇ ਦੇ ਗ੍ਰੰਥੀ ਨੇ ਇਸ ਦੀ ਸੂਚਨਾ ਸਰਪੰਚ ਤੇ ਪੁਲਸ ਨੂੰ ਦਿੱਤੀ ਤਾਂ ਪੁਲੀਸ ਟੀਮ ਮੌਕੇ ਤੇ ਪੁੱਜੀ, ਮੁੰਡੇ ਦੇ ਪਰਿਵਾਰ ਅਤੇ ਗ੍ਰੰਥੀ ਦੇ ਬਿਆਨਾਂ ਦੇ ਅਧਾਰ ਤੇ ਕੁੜੀ ਦੇ ਪਿਤਾ, ਭਰਾ ਤੇ ਹੋਰ ਸਾਥੀਆਂ ਤੇ ਕੇਸ ਦਰਜ ਕਰ ਲਿਆ ਹੈ। ਮੁੰਡੇ ਦੇ ਪਰਿਵਾਰ ਨੇ ਜੋੜੇ ਦਾ ਕੋਈ ਨੁਕਸਾਨ ਹੋਣ ਦਾ ਖਦਸ਼ਾ ਜਤਾਉਂਦਿਆਂ ਪੁਲਸ ਕੋਲ ਦੋਵਾਂ ਨੂੰ ਜਲਦੀ ਲੱਭਣ ਦੀ ਫਰਿਆਦ ਕੀਤੀ ਹੈ।ਪੁਲਸ ਜਾਂਚ ਕਰ ਰਹੀ ਹੈ।
Comment here