ਲੁਧਿਆਣਾ : ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਲੜਕੀ ਵਲੋਂ ਵਿਆਹ ਕਰਵਾਉਣ ਦਾ ਦਬਾਅ ਬਣਾਉਣ ‘ਤੇ ਇੱਕ ਨੌਜਵਾਨ ਇਸ ਕਦਰ ਪ੍ਰੇਸ਼ਾਨ ਹੋ ਗਿਆ ਕਿ ਉਸਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ।ਇਸ ਮਾਮਲੇ ਵਿਚ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਨੌਜਵਾਨ ਲਵਪ੍ਰੀਤ ਸਿੰਘ (24) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਦੇ ਬਿਆਨ ਉੱਪਰ ਪਿੰਡ ਰਾਈਆ ਦੀ ਰਹਿਣ ਵਾਲੀ ਲੜਕੀ ਮੀਨੂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਕੂੰਮਕਲਾਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਈਆ ਦੇ ਵਾਸੀ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਛੇ ਮਹੀਨੇ ਪਹਿਲੋਂ ਉਸ ਦੇ ਬੇਟੇ ਲਵਪ੍ਰੀਤ ਦੀ ਦੋਸਤੀ ਮੀਨੂ ਨਾਮ ਦੀ ਲੜਕੀ ਨਾਲ ਹੋਈ ਸੀ, ਪਰ ਕੁਝ ਦਿਨਾਂ ਬਾਅਦ ਦੋਵਾਂ ਦੀ ਆਪਸ ਵਿੱਚ ਗੱਲਬਾਤ ਹੋਣੀ ਬੰਦ ਹੋ ਗਈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੀਨੂ ਉਸ ਦੇ ਬੇਟੇ ਉੱਪਰ ਵਿਆਹ ਕਰਾਉਣ ਦਾ ਦਬਾਅ ਬਣਾ ਰਹੀ ਸੀ। ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਲੜਕੀ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ। ਲੜਕੀ ਵੱਲੋਂ ਦਬਾਅ ਬਣਾਉਣ ‘ਤੇ ਲਵਪ੍ਰੀਤ ਇਸ ਕਦਰ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰ ਲਈ। ਇਸ ਮਾਮਲੇ ਵਿੱਚ ਏਐਸਆਈ ਧਰਮਪਾਲ ਦਾ ਕਹਿਣਾ ਹੈ ਕਿ ਪੁਲਿਸ ਨੇ ਗੁਰਮੀਤ ਸਿੰਘ ਦੇ ਬਿਆਨ ‘ਤੇ ਮੀਨੂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Comment here