ਅਪਰਾਧਸਿਆਸਤਖਬਰਾਂਮਨੋਰੰਜਨ

ਪ੍ਰੀਤੀ ਸਪਰੂ ਨੇ ਪੰਜਾਬੀ ਫਿਲਮ ਇੰਡਸਟਰੀ ਦਾ ਕੀਤਾ ਪਰਦਾਫਾਸ਼   

 ਲੁਧਿਆਣਾ-ਨਿਰਮਾਤਾ, ਨਿਰਦੇਸ਼ਕ, ਲੇਖਕ ਤੇ ਅਦਾਕਾਰਾ ਪ੍ਰੀਤੀ ਸਪਰੂ ਨੇ  ਕਿਹਾ ਕਿ ਪੰਜਾਬੀ ਫ਼ਿਲਮ ਉਦਯੋਗ ਵਿਚ ਗਾਇਕ ਗਿੱਪੀ ਗਰੇਵਾਲ, ਐਮੀ ਵਿਰਕ ਸਮੇਤ ਇਕ ਜਾਂ ਦੋ ਹੋਰ ਗਾਇਕਾਂ ਦਾ ਕਬਜ਼ਾ ਹੈ ਅਤੇ ਸਿਨੇਮਾ ਘਰਾਂ ਵਿਚ ਫ਼ਿਲਮ ਲਗਾਉਣ ਵਾਲੀਆਂ 2 ਕੰਪਨੀਆਂ ਓਮਜ਼ੀ ਡਿਸਟਰੀਬਿਊਟਰ ਤੇ ਵਾਈਟਹਿੱਲ ਹਨ । ਕੁੱਝ ਗਾਇਕਾਂ ਤੇ ਦੋ ਫ਼ਿਲਮ ਡਿਸਟਰੀਬਿਊਟਰਾਂ ਦਾ ਪੰਜਾਬੀ ਫ਼ਿਲਮ ਉਦਯੋਗ ‘ਤੇ ਕਬਜ਼ਾ ਹੋਣਾ ਪੰਜਾਬੀ ਫ਼ਿਲਮ ਉਦਯੋਗ ਲਈ ਘਾਤਕ ਹੈ ।ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮ ਉਦਯੋਗ ‘ਤੇ ਕਾਬਜ਼ ਗਾਇਕਾਂ ਤੇ ਫ਼ਿਲਮ ਡਿਸਟਰੀਬਿਊਟਰਾਂ ਕਰਕੇ ਨਵੇਂ ਅਦਾਕਾਰਾਂ ਤੇ ਨਿਰਮਾਤਾਵਾਂ ਨੂੰ ਆਪਣੀ ਫ਼ਿਲਮ ਬਣਾਉਣ ਅਤੇ ਫ਼ਿਲਮ ਨੂੰ ਸਾਰੇ ਸਿਨੇਮਾਘਰਾਂ ਵਿਚ ਲਗਾਉਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਆਪਣੀ ਫ਼ਿਲਮ ਲਈ ਸਕਰੀਨਾਂ ਲੈਣ ਵਿਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਵਾਇਤੀ ਪੰਜਾਬੀ ਕਲਾਕਾਰਾਂ ਨੂੰ ਆਪਣੀ ਫ਼ਿਲਮ ਵਿਚ ਲੈਣ ਦੀ ਥਾਂ ‘ਤੇ ਗਾਇਕ ਅਖਿਲ ਨੂੰ ਆਪਣੀ ਫ਼ਿਲਮ ‘ਤੇਰੀ ਮੇਰੀ ਗੱਲ ਬਣੀ ਗਈ’ ਵਿਚ ਕੰਮ ਕਰਨ ਦਾ ਮੌਕਾ ਦਿੱਤਾ । ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮ ਉਦਯੋਗ ਕਿਸੇ ਇਕ ਦਾ ਨਹੀਂ ਸਗੋਂ ਸਾਰਿਆਂ ਦਾ ਹੈ ।ਪੰਜਾਬ ਅੰਦਰ ਹੁਨਰ ਦੀ ਕੋਈ ਕਮੀ ਨਹੀਂ । ਪੰਜਾਬੀ ਲੜਕੇ ਤੇ ਲੜਕੀਆਂ ਉਨ੍ਹਾਂ ਨੂੰ ਆਪਣੀਆਂ ਵੀਡੀਓ ਬਣਾ ਕੇ ਭੇਜਣ ਉਹ ਮੁੰਬਈ ਜਾ ਕੇ ਉਨ੍ਹਾਂ ਨੂੰ ਫ਼ਿਲਮ ਜਗਤ ਵਿਚ ਵੱਖ-ਵੱਖ ਕਿਸਮ ਦਾ ਕੰਮ ਦੁਆਉਣ ਲਈ ਪੂਰੀ ਵਾਹ ਲਗਾਉਣਗੇ । ਪ੍ਰੀਤੀ ਸਪਰੂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਰਾਠੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਮਹਾਂਰਾਸ਼ਟਰ ਸਰਕਾਰ ਵਲੋਂ ਹਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਉਸੇ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਫ਼ਿਲਮ ਬਣਾਉਣ ਵਾਲਿਆਂ ਨੂੰ ਰਾਹਤ ਦੁਆਉਣ ਤੇ ਸਰਕਾਰੀ ਸਹਾਇਤਾ ਦੁਆਉਣ ਲਈ ਉਹ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ । ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਦੇ ਹਰ ਸਿਨੇਮਾ ਵਿਚ ਮਰਾਠੀ ਫ਼ਿਲਮ ਲਗਾਉਣੀ ਜ਼ਰੂਰੀ ਹੈ ਅਤੇ ਫ਼ਿਲਮ ਬਣਾਉਣ ਵਾਲਿਆਂ ਨੂੰ ਸਰਕਾਰ ਵਲੋਂ ਸਬਸਿਡੀ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਹ ਪੰਜਾਬ ਦੇ ਹਰ ਸਿਨੇਮੇ ਵਿਚ ਹਰ ਸਮੇਂ ਪੰਜਾਬੀ ਫ਼ਿਲਮ ਜ਼ਰੂਰ ਲਗਾਉਣ ਦਾ ਹੁਕਮ ਜਾਰੀ ਕਰਨ, ਪੰਜਾਬੀ ਫ਼ਿਲਮਾਂ ‘ਤੇ ਟੈਕਸ ਮੁਆਫ਼ ਕਰਨ ਅਤੇ ਪੰਜਾਬੀ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਸਬਸਿਡੀ ਦੇਣ ਦੀ ਮੰਗ ਕਰਨਗੇ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਫ਼ਿਲਮ ਸਿਟੀ ਹੋਣੀ ਚਾਹੀਦੀ ਹੈ, ਜਿਸ ਅੰਦਰ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਕਰਨ ਸਮੇਂ ਖਾਸ ਰਿਆਇਤ ਦੇਣੀ ਚਾਹੀਦੀ ਹੈ ਅਤੇ ਫ਼ਿਲਮ ਸਿਟੀ ਅੰਦਰ ਸਟਾਰਕਾਸਟ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਰਹਿਣ ਲਈ ਹੋਸਟਲ ਬਣਾਉਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਫ਼ਿਲਮ ਸਿਟੀ ਨੂੰ ਸੈਰ ਸਪਾਟੇ ਲਈ ਵੀ ਖੋਲ੍ਹਣਾ ਚਾਹੀਦਾ ਹੈ । ਦੱਖਣ ਭਾਰਤ ਵਿਚ ਫ਼ਿਲਮ ਸਟੂਡੀਓ ਹੋਣ ਕਰਕੇ ਤੇ ਸਰਕਾਰੀ ਸਹਾਇਤਾ ਮਿਲਣ ਕਰਕੇ ਉਥੋਂ ਦੇ ਸਿਨੇਮਾ ਨੇ ਵਿਸ਼ਵ ਭਰ ਵਿਚ ਆਪਣੀ ਵੱਖਰੀ ਥਾਂ ਬਣਾਈ ਹੈ ।ਪੰਜਾਬ ਅੰਦਰ ਜੇਕਰ 100 ਫ਼ਿਲਮਾਂ ਬਣਦੀਆਂ ਹਨ, ਤਾਂ ਉਸ ਵਿਚੋਂ 90 ਫ਼ਿਲਮਾਂ ਨਹੀਂ ਚਲਦੀਆਂ, ਜਿਸ ਕਰਕੇ ਨਿਰਮਾਤਾ ਨੂੰ ਵੱਡੇ ਪੱਧਰ ‘ਤੇ ਘਾਟਾ ਪੈਂਦਾ ਹੈ, ਤਾਂ ਉਹ ਨਿਰਮਾਤਾ ਭਵਿੱਖ ਵਿਚ ਫ਼ਿਲਮ ਬਣਾਉਣ ਬਾਰੇ ਨਹੀਂ ਸੋਚਦਾ ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਪੰਜਾਬੀ ਫ਼ਿਲਮ ਉਦਯੋਗ ਵੀ ਨਵੀਆਂ ਪੁਲਾਂਘਾਂ ਪੁੱਟ ਸਕਦਾ ਹੈ ।

Comment here