ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਪ੍ਰਿਯੰਕਾ ਗਾਂਧੀ ਨੇ ਔਰਤ-ਮਰਦ ਬਰਾਬਰੀ ਵਾਲਾ ਇਤਿਹਾਸਕ ਨਾਅਰਾ ਮਾਰਿਆ

ਆਖ਼ਰਕਾਰ ਇਕ ਸਿਆਸਤਦਾਨ ਦੇ ਖ਼ੇਮੇ ਵਿਚੋਂ ਇਕ ਅਜਿਹੀ ਆਵਾਜ਼ ਉਠੀ ਹੈ ਜਿਸ ਦੀ ਭਾਰਤ ਨੂੰ ਚਿਰਾਂ ਤੋਂ ਉਡੀਕ ਸੀ। ਸਿਆਸਤਦਾਨਾਂ ਨੇ ਹਜ਼ਾਰਾਂ ਸੁਪਨੇ ਵਿਖਾਏ, ਹਜ਼ਾਰਾਂ ਨਾਹਰੇ ਲਗਾਏ ਪਰ ਅੱਜ ਪਹਿਲੀ ਵਾਰ ਇਕ ਤਾਕਤਵਰ ਆਵਾਜ਼ ਨੇ ਕੁਦਰਤ ਦੇ ਕਾਨੂੰਨਾਂ ਮੁਤਾਬਕ ਇਕ ਨਾਹਰਾ ਦਿਤਾ ਹੈ ਕਿ ਹੁਣ ਤੋਂ ਸਿਆਸਤ ਵਿਚ ਔਰਤਾਂ ਦਾ ਤਕਰੀਬਨ ਬਰਾਬਰ ਦਾ ਹਿੱਸਾ ਹੋਵੇਗਾ। ਇਸ ਨਾਹਰੇ ਨਾਲ ਪ੍ਰਿਯੰਕਾ ਗਾਂਧੀ ਨੇ ਵਿਖਾ ਦਿਤਾ ਹੈ ਕਿ ਭਾਵੇਂ ਉਸ ਦੇ ਚਿਹਰੇ ਵਿਚੋਂ ਇੰਦਰਾ ਗਾਂਧੀ ਦੀ ਦਿਖ ਝਲਕਦੀ ਹੈ ਪਰ ਉਸ ਦੀ ਸੋਚ ਨਹਿਰੂ ਵਰਗੀ ਹੈ। ਭਾਰਤ ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦੀ ਤਾਂ ਮਿਲ ਗਈ ਪਰ ਸੋਚ ਨੂੰ ਆਜ਼ਾਦੀ ਅਜੇ ਤਕ ਨਹੀਂ ਮਿਲੀ। ਭਾਰਤੀ ਸੰਵਿਧਾਨ ਵਿਚ ਭਾਵੇਂ ਜਾਤ-ਪਾਤ ਦੀ ਬਰਾਬਰੀ ਮੰਨੀ ਗਈ ਹੈ ਪਰ ਹਕੀਕਤ ਬਣ ਕੇ ਕਦੇ ਸਾਹਮਣੇ ਨਹੀਂ ਆਈ। ਰਾਖਵਾਂਕਰਨ ਪੂਰੀ ਤਰ੍ਹਾਂ ਹੀ ਅਸਫ਼ਲ ਸਾਬਤ ਹੋਇਆ ਤੇ ਹਾਲ ਵਿਚ ਹੀ ਸੁਪਰੀਮ ਕੋਰਟ ਨੇ ਪੁਛਿਆ ਕਿ 70 ਸਾਲ ਦੇ ਰਾਖਵੇਂਕਰਨ ਤੋਂ ਬਾਅਦ ਵੀ ਤਾਕਤਵਰ ਅਹੁਦਿਆਂ ’ਤੇ ਪਛੜੀਆਂ ਜਾਤੀਆਂ ਦੀ ਹਾਜ਼ਰੀ ਨਾ ਹੋਣ ਵਰਗੀ ਹੀ ਕਿਉਂ ਹੈ? ਭਾਰਤੀ ਸਮਾਜ ਵਿਚ ਕਈ ਤਰ੍ਹਾਂ ਦੀਆਂ ਕੁਰੀਤੀਆਂ ਹਨ ਜਿਨ੍ਹਾਂ ਨੇ ਸਮਾਜ ਨੂੰ ਸਿਉਂਕ ਵਾਂਗ ਚੱਟ ਕੇ ਖੋਖਲਾ ਕਰ ਦਿਤਾ ਹੈ। ਅਸੀ ਅਪਣੇ ਸਿਆਸਤਦਾਨਾਂ ਤੋਂ ਕਿਸੇ ਚੰਗੀ ਸੋਚ ਦੀ ਆਸ ਤਾਂ ਨਹੀਂ ਰਖਦੇ ਪਰ ਸੱਚ ਕਹੀਏ ਤਾਂ ਇਕ ਆਮ ਭਾਰਤੀ ਕਿਸੇ ਵੀ ਵਰਗ ਦੇ ਆਗੂ ਤੋਂ ਨਾ ਕੋਈ ਆਸ ਰਖਦਾ ਹੈ ਤੇ ਨਾ ਕਿਸੇ ਨੂੰ ਆਸ ਦੇਂਦਾ ਹੀ ਹੈ। ਇਕ ਸਿੱਧੀ ਜਹੀ ਗੱਲ ਹੈ ਕਿ ਜਿਹੜਾ ਸਮਾਜ ਅਜਿਹੀ ਬੁਨਿਆਦ ’ਤੇ ਉਸਰਿਆ ਹੈ ਜੋ ਅਪਣੇ ਆਪ ਵਿਚ ਹੀ ਕਮਜ਼ੋਰ ਹੈ ਤੇ ਜੋ ਬਰਾਬਰੀ ਨਹੀਂ ਮੰਨਦਾ, ਜਿਥੇ ਤਾਨਾਸ਼ਾਹੀ ਚਲਦੀ ਹੈ, ਉਸ ਬੁਨਿਆਦ ’ਤੇ ਸਿਰਜਿਆ ਸਮਾਜ ਵੀ ਤਾਂ ਉਨ੍ਹਾਂ ਕੁਰੀਤੀਆਂ ਵਰਗਾ ਹੀ ਬਣੇਗਾ। ਬਾਬੇ ਨਾਨਕ ਨੇ ਔਰਤ ਨੂੰ ਮੰਦਾ ਮੰਨਣ ਵਾਲੀ ਸੋਚ ਨੂੰ ਚੁਨੌਤੀ ਦਿਤੀ ਸੀ ਤੇ ਔਰਤ ਨੂੰ ਬਰਾਬਰੀ ਦਿਤੀ ਸੀ ਕਿਉਂਕਿ ਉਹ ਜਾਣਦੇ ਸਨ ਕਿ ਜਦ ਤਕ ਮਰਦ ਤੇ ਔਰਤ ਬਰਾਬਰ ਨਹੀਂ ਹੁੰਦੇ, ਸਮਾਜ ਵਿਚੋਂ ਕਮਜ਼ੋਰੀਆਂ ਜਾ ਹੀ ਨਹੀਂ ਸਕਦੀਆਂ। ਜਿਹੜਾ ਆਦਮੀ ਘਰ ਵਿਚ ਪਤਨੀ ਨਾਲ ਦੁਰਵਿਵਹਾਰ ਕਰਦਾ ਹੋਵੇ, ਉਸ ਨੂੰ ਅਪਣੇ ਪੈਰ ਦੀ ਜੁੱਤੀ ਮੰਨਦਾ ਹੋਵੇ, ਬੇਟੇ ਤੇ ਬੇਟੀ ਵਿਚ ਅੰਤਰ ਕਰਦਾ ਹੋਵੇ, ਉਹ ਸਮਾਜ ਦੇ ਕਿਸੇ ਵੀ ਖੇਤਰ ਵਿਚ ਚੰਗਾ ਯੋਗਦਾਨ ਕਿਸ ਤਰ੍ਹਾਂ ਪਾ ਸਕਦਾ ਹੈ? ਤੁਸੀਂ ਕਈ ਅਜਿਹੇ ਜੋੜੇ ਵੇਖੇ ਹੋਣਗੇ ਜੋ ਬਰਾਬਰੀ ਤੇ ਪਿਆਰ ਵਿਚ ਗੜੁਚ ਰਹਿੰਦੇ ਹਨ ਤੇ ਫਿਰ ਤੁਸੀਂ ਉਨ੍ਹਾਂ ਦੇ ਪ੍ਰਵਾਰ ਤੇ ਕੰਮ ਵਿਚ ਵੀ ਝਾਕ ਕੇ ਵੇਖਣਾ, ਇਸੇ ਤਰ੍ਹਾਂ ਦੀਆਂ ਗੱਲਾਂ ਵੇਖਣ ਨੂੰ ਮਿਲਣਗੀਆਂ।ਸਿਆਸਤਦਾਨ ਜ਼ਿਆਦਾਤਰ ਪੈਸੇ ਬਾਰੇ ਹੀ ਸੋਚਦੇ ਹਨ ਕਿਉਂਕਿ ਉਨ੍ਹਾਂ ਦੀ ਬਚਪਨ ਤੋਂ ਸੋਚ ਸਿਰਫ਼ ਪੈਸਾ ਕਮਾਉਣ ਵਾਲੀ ਹੀ ਵਿਕਸਤ ਹੋਈ ਹੁੰਦੀ ਹੈ। ਔਰਤ ਦੀ ਸੋਚ, ਕੁੱਝ ਸਿਰਜਣ, ਵਧਾਉਣ, ਪਾਲਣ-ਪੋਸਣ ਵਾਲੀ ਹੁੰਦੀ ਹੈ। ਉਹ ਪੈਸੇ ਤੋਂ ਵੱਧ ਇੱਜ਼ਤ ਵਲ ਧਿਆਨ ਦਿੰਦੀ ਹੈ। ਉਹ ਡਰ ਵਿਚੋਂ ਨਿਕਲ ਕੇ, ਅਪਣੇ ਨਾਲ, ਸੱਭ ਨੂੰ ਆਜ਼ਾਦੀ ਦਿਵਾਉਣ ਵਿਚ ਯਕੀਨ ਕਰਦੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਯੋਗਿੰਡਾ ਦੀ ਅਗਵਾਈ ਵਿਚ ਉਹ ਮੁਲਕ ਸੱਭ ਤੋਂ ਵਧੀਆ ਦੇਸ਼ ਬਣ ਰਿਹਾ ਹੈ। ਪ੍ਰਿਯੰਕਾ ਗਾਂਧੀ ਦੀ ਉੱਤਰ ਪ੍ਰਦੇਸ਼ ਵਿਚ ਰਾਜਨੀਤੀ ਸਿਰਫ਼ ਇਕ ਸੂਬੇ ਤਕ ਸੀਮਤ ਨਹੀਂ ਰਹਿਣੀ ਚਾਹੀਦੀ। ਕਾਂਗਰਸ ਕੋਲ ਇਕ ਵਧੀਆ ਮੌਕਾ ਹੈ ਕਿ ਉਹ ਪੰਜਾਬ ਤੇ ਗੋਆ ਵਿਚ ਵੀ ਔਰਤਾਂ ਨੂੰ ਘਰੋਂ ਬਾਹਰ ਕੱਢ ਕੇ ਦੇਸ਼ ਦੇ ਸੱਭ ਤੋਂ ਜ਼ਰੂਰੀ ਕਿੱਤੇ, ਸਿਆਸਤ ਵਿਚ ਲੈ ਕੇ ਆਵੇ ਤਾਕਿ ਭਾਰਤ ਵਿਚ ਨਾ-ਬਰਾਬਰੀ ਦੀ ਸੋਚ ਖ਼ਤਮ ਕੀਤੀ ਜਾ ਸਕੇ।
-ਨਿਮਰਤ ਕੌਰ

Comment here