ਖਬਰਾਂਮਨੋਰੰਜਨ

ਪ੍ਰਸਿੱਧ ਗਾਇਕ ਭੁਪਿੰਦਰ ਸਿੰਘ ਚੱਲ ਵਸੇ

ਮੁੰਬਈ- ਪ੍ਰਸਿੱਧ ਗਜ਼ਲ ਗਾਇਕ ਭੁਪਿੰਦਰ ਸਿੰਘ (82) ਜਿਨ੍ਹਾਂ ਬਾਲੀਵੁਡ ਲਈ ਕਈ ਪ੍ਰਸਿੱਧ ਗਾਣੇ ਗਾਏ, ਦਾ ਬੀਤੇ ਸੋਮਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਪਤਨੀ ਤੇ ਗਾਇਕਾ ਮਿਤਾਲੀ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਕਈ ਸਿਹਤ ਸੰਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ। ਭੁਪਿੰਦਰ ਸਿੰਘ ਨੇ ਕ੍ਰਿਟੀ ਕੇਅਰ ਹਸਪਤਾਲ ‘ਵਿਚ ਆਪਣੇ ਆਖਰੀ ਸਾਹ ਲਏ। ਉਨ੍ਹਾਂ ਦੇ ਢਿੱਡ ‘ਵਿਚ ਇਨਫੈਕਸ਼ਨ ਸੀ ਤੇ ਇਸੇ ਦੌਰਾਨ ਉਨ੍ਹਾਂ ਨੂੰ ਕੋਰੋਨਾ ਵੀ ਹੋ ਗਿਆ ਅਤੇ ਹਾਲਤ ਹੋਰ ਵਿਗੜ ਗਈ। ਭੁਪਿੰਦਰ ਸਿੰਘ ਨੂੰ ‘ਮੌਸਮ, ਸੱਤੇ ਪੇ ਸੱਤਾ, ਆਹਿਸਤਾ ਆਹਿਸਤਾ, ਦੂਰੀਆਂ, ਹਕੀਕਤ’ ਵਰਗੀਆਂ ਫਿਲਮਾਂ ‘ਵਿਚ ਆਪਣੇ ਬਿਹਤਰੀਨ ਗੀਤਾਂ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਕੁਝ ਪ੍ਰਸਿੱਧ ਗੀਤ ‘ਦੁਨੀਆ ਛੁਟੇ ਯਾਰ ਨਾ ਛੁਟੇ (ਧਰਮ ਕਾਂਤਾ), ਥੋੜੀ ਸੀ ਜ਼ਮੀਨ ਥੋੜਾ ਆਸਮਾਨ (ਸਿਤਾਰਾ), ਨਾਮ ਗੁੰਮ ਜਾਏਗਾ (ਕਿਨਾਰਾ), ‘ਹੋਕੇ ਮਜ਼ਬੂਰ ਮੁਝੇ, ਉਸ ਨੇ ਬੁਲਾਇਆ ਹੋਗਾ, ਦਿਲ ਢੂੰਡਤਾ ਹੈ (ਮੌਸਮ), ਦੁੱਕੀ ਪੇ ਦੁੱਕੀ ਹੋ ਜਾਂ ਸੱਤੇ ਪੇ ਸੱਤਾ’ ਆਦਿ ਹਨ। ਭੁਪਿੰਦਰ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ‘ਵਿਚ ਹੋਇਆ ਸੀ। ਭੁਪਿੰਦਰ ਸਿੰਘ ਦੇ ਪਿਤਾ ਪ੍ਰੋਫੈਸਰ ਨੱਥਾ ਸਿੰਘ ਵੀ ਚੰਗੇ ਸੰਗੀਤਕਾਰ ਸਨ। ਭੁਪਿੰਦਰ ਸਿੰਘ ਨੇ 1980 ਦੇ ਦਹਾਕੇ ‘ਵਿਚ ਬੰਗਲਾਦੇਸ਼ ਦੀ ਹਿੰਦੂ ਗਾਇਕਾ ਮਿਤਾਲੀ ਮੁਖਰਜੀ ਨਾਲ ਵਿਆਹ ਕੀਤਾ। ਉਨ੍ਹਾਂ ਦਾ ਇਕ ਬੇਟਾ ਨਿਹਾਲ ਸਿੰਘ ਵੀ ਹੈ ਜੋ ਸੰਗੀਤਕਾਰ ਹੈ। ਉਨ੍ਹਾਂ ਆਪਣੇ ਪੰਜ ਦਹਾਕਿਆਂ ਦੇ ਲੰਬੇ ਕੈਰੀਅਰ ‘ਵਿਚ ਸੰਗੀਤ ਜਗਤ ਦੇ ਸਭ ਤੋਂ ਵੱਡੇ ਨਾਵਾਂ ਜਿਵੇਂ ਕਿ ਮੁਹੰਮਦ ਰਫੀ, ਆਰ.ਡੀ. ਬਰਮਨ, ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ ਅਤੇ ਬੱਪੀ ਲਹਿਰੀ ਸਮੇਤ ਹੋਰਾਂ ਨਾਲ ਕੰਮ ਕੀਤਾ। ਉਨ੍ਹਾਂ ਦੇ ਦੋਗਾਣਾ ਗੀਤਾਂ ‘ਚ ‘ਦੋ ਦੀਵਾਨੇ ਸ਼ਹਿਰ ਮੇਂ, ਨਾਮ ਗੁੰਮ ਜਾਏਗਾ, ਕਭੀ ਕਿਸੀ ਕੋ ਮੁਕੰਮਲ, ਏਕ ਅਕੇਲਾ ਇਸ ਸ਼ਹਿਰ ਮੇਂ’ ਸਮੇਤ ਕਈ ਗਾਣੇ ਸ਼ੁਮਾਰ ਹਨ।

Comment here