ਅਪਰਾਧਸਿਆਸਤਚਲੰਤ ਮਾਮਲੇਪ੍ਰਵਾਸੀ ਮਸਲੇ

ਪ੍ਰਵਾਸ ਦੌਰਾਨ ਨਸ਼ੇ ਦੇ ਜਾਲ਼ ਚ ਫਸੇ ਪੰਜਾਬੀ

  ਪਰਵਾਸ ਇੱਕ ਦੇਸ ਤੋਂ ਦੂਜੇ ਦੇਸ ਵਿੱਚ ਪ੍ਰਵਾਸ ਕਰ ਜਾਣ ਵਾਲਾ ਸਹਿਜ ਵਰਤਾਰਾ ਹੈ। ਉੰਨੀਵੀਂ ਸਦੀ ਦੇ ਅੰਤਮ ਵਰ੍ਹਿਆਂ ਦੌਰਾਨ ਪਰਵਾਸ ਦਾ ਆਗਾਜ਼ ਹੁੰਦਾ ਹੈ ਤੇ ਐਨੀ ਮੂਰੇ ਪਰਵਾਸ ਕਰਨ ਵਾਲਾ ਪਹਿਲਾ ਜੀਅ ਬਣਦੀ ਹੈ। ਐਨੀ ਪੰਦਰਾਂ ਸਾਲ ਦੀ ਉਮਰ ਵਿੱਚ ਆਇਰਲੈਂਡ ਤੋਂ ਏਲਿਸ ਆਈਲੈਂਡ ਪਹੁੰਚੀ ਜਿੱਥੋਂ ਉਹ ਅਮਰੀਕਾ ਵਿੱਚ ਦਾਖ਼ਲ ਹੋਈ। ਇੰਝ ਉਹ ਅਮਰੀਕਾ ਪਹੁੰਚਣ ਵਾਲੀ ਵੀ ਪਹਿਲੀ ਪਰਵਾਸੀ ਔਰਤ ਬਣੀ। ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਫਿਲਪੀਨ, ਭਾਰਤ ਅਤੇ ਚੀਨ ਦੇ ਲੋਕ ਸਭ ਤੋਂ ਵੱਧ ਪਰਵਾਸ ਕਰਕੇ ਇਸ ਧਰਤੀ ’ਤੇ ਪਹੁੰਚੇ ਹਨ। ਆਸਟਰੇਲੀਆ ਤੋਂ ਬਾਅਦ ਵਿਦਿਆਰਥੀ ਵੀਜ਼ੇ ’ਤੇ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਆਏ ਹਨ ਤੇ ਆ ਰਹੇ ਹਨ। ਬੀਤੇ ਵਰ੍ਹੇ ਸਭ ਤੋਂ ਵੱਧ ਲੋਕ ਭਾਰਤ ਤੋਂ ਪਰਵਾਸ ਕਰਕੇ ਕੈਨੇਡਾ ਵਿੱਚ ਆਏ ਹਨ। ਯਕੀਨਨ ਇਨ੍ਹਾਂ ਵਿੱਚ ਬਹੁ-ਗਿਣਤੀ ਵਿਦਿਆਰਥੀ ਵੀਜ਼ੇ ’ਤੇ ਆਏ ਬੱਚਿਆਂ ਦੀ ਹੈ। ਆਪਣੇ ਮਾਪਿਆਂ ਤੋਂ ਦੂਰ ਆਏ ਇਨ੍ਹਾਂ ਵਿਦਿਆਰਥੀਆਂ ਦੇ ਬਹੁਤ ਸਾਰੇ ਸੁਪਨੇ ਹਨ। ਇੱਥੇ ਆਉਣ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਬਣਤਰ ਬਦਲ ਜਾਂਦੀ ਹੈ। ਪਰਿਵਾਰ ਦੋ ਦੇਸਾਂ ਅਤੇ ਦੋ ਘਰਾਂ ਵਿੱਚ ਵੰਡਿਆ ਜਾਂਦਾ ਹੈ। ਕਈ ਹਾਲਤਾਂ ਵਿੱਚ ਬਜ਼ੁਰਗਾਂ ਨੂੰ ਆਪਣੇ ਰਹਿਣ ਸਹਿਣ ਅਤੇ ਭਾਈਚਾਰਕ ਸਾਂਝ ਦਾ ਤਿਆਗ ਕਰਨਾ ਪੈਂਦਾ ਹੈ। ਪਰ ਅਜਿਹੇ ਵਿਦਿਆਰਥੀਆਂ ਦੀ ਅਬਾਦੀ ਵਧਣ ਨਾਲ ਹੁਣ ਇਹ ਇਕੱਲੇ-ਦੁਕੱਲੇ ਨਹੀਂ ਰਹੇ, ਸਗੋਂ ਭੀੜਾਂ ਬਣ ਗਏ ਹਨ। ਭੀੜਾਂ ਦੀ ਆਪਣੀ ਮਾਨਸਿਕਤਾ ਅਤੇ ਵਿਵਹਾਰ ਹੁੰਦਾ ਹੈ। ਇਸ ਵਿਵਹਾਰ ਵਿੱਚ ਬਹੁਤ ਸਾਰਾ ਅਜਿਹਾ ਵੀ ਸ਼ਾਮਲ ਹੋ ਜਾਂਦਾ ਹੈ ਜੋ ਸਿਸਟਮ ਦੇ ਹਾਣ ਦਾ ਨਹੀਂ ਹੁੰਦਾ। ਇਹ ਵਿਵਹਾਰ ਦਹਾਕੇ ਪਹਿਲਾਂ ਆ ਵਸੇ ਹਮ-ਵਤਨੀਆਂ ਦੀ ਸਮਾਜਿਕਤਾ ਨੂੰ ਵੀ ਠੇਸ ਪੁਚਾਉਂਦਾ ਹੈ। ਨਤੀਜੇ ਵਜੋਂ ਉਨ੍ਹਾਂ ਸਥਾਈ ਵੱਸੋਂ ਵਾਲਿਆਂ ਦਾ ਇਨ੍ਹਾਂ ਨਵੇਂ ਆਏ ਬੱਚਿਆਂ ਨਾਲ ਰਿਸ਼ਤਾ ਮੋਹ ਵਾਲਾ ਨਹੀਂ ਰਹਿੰਦਾ। ਕੁਝ ਵਰ੍ਹੇ ਪਹਿਲਾਂ ਇਨ੍ਹਾਂ ਨੂੰ ਆਸਰਾ ਦੇਣ ਵਾਲੇ, ਘਰ ਰੱਖ ਕੇ ਰੋਟੀ ਖੁਆਉਣ ਵਾਲੇ ਹੁਣ ਉਲਾਮੇਂ ਦਿੰਦੇ ਹਨ, ਸ਼ਿਕਾਇਤਾਂ ਕਰਦੇ ਹਨ। ਇੱਥੋਂ ਦੇ ਸਿਸਟਮ ਨਾਲ ਇੱਕਸੁਰ ਹੋਏ ਪੁਰਾਣੇ ਲੋਕ ਮਹਿਸੂਸ ਕਰਦੇ ਹਨ ਕਿ ਇਹ ਨਵੀਂ ਆਮਦ ਸਿਸਟਮ ਵਿੱਚ ਵਿਗਾੜ ਪੈਦਾ ਕਰ ਰਹੀ ਹੈ। ਜਿਸ ਸੁਥਰੇ ਸਿਸਟਮ ਦੀ ਖਿੱਚ ਨੇ ਉਨ੍ਹਾਂ ਨੂੰ ਆਪਣੀ ਭੋਇੰ ਛੱਡਣ ਲਈ ਲਈ ਮਜ਼ਬੂਰ ਕੀਤਾ ਸੀ ਜਾਂ ਪ੍ਰੇਰਿਆ ਸੀ, ਉਸ ਦੀ ਨਿਰਸ਼ਲਤਾ ਵਿੱਚ ਕੁਝ ਲੋਕਾਂ ਦਾ ਵਿਵਹਾਰ ਅਤੇ ਪੂੰਜੀ ਕਮਾਉਣ ਦਾ ਲੋਭ ਦੂਸ਼ਿਤ ਵਾਤਾਵਰਣ ਪੈਦਾ ਕਰ ਰਿਹਾ ਹੈ। ਡਰੱਗਜ਼ ਵਰਗਾ ਕਾਰੋਬਾਰ, ਜਿਸ ਤੋਂ ਪੰਜਾਬ ਬੁਰੀ ਤਰ੍ਹਾਂ ਪੀੜਤ ਹੈ, ਦੀ ਦਸਤਕ ਜਦ ਸੱਤ ਸਮੁੰਦਰ ਪਾਰ ਇਸ ਧਰਤੀ ਉੱਪਰ ਸੁਣਦੀ ਹੈ ਤਾਂ ਸੁਪਨੇ ਵਿਲਕਦੇ ਵੀ ਹਨ ਅਤੇ ਟੁੱਟਦੇ ਵੀ ਹਨ। ਡਰੱਗਜ਼ ਦੇ ਇਸ ਘਿਨਾਉਣੇ ਵਰਤਾਰੇ ਦੀ ਪਹੁੰਚ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੱਕ ਵੀ ਹੋ ਗਈ ਹੈ। ਜਦੋਂ ਕੋਈ ਪਰਿਵਾਰ ਆਪਣੀ ਚੰਗੀ ਭਲੀ ਜ਼ਿੰਦਗੀ ਅਤੇ ਅਹੁਦੇ ਤਿਆਗ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੀ ਖਾਤਰ ਇਸ ਵਤਨ ਵਿੱਚ ਪਨਾਹ ਲੈਂਦਾ ਹੈ, ਉਸ ਪਰਿਵਾਰ ਦੇ ਬੱਚੇ ਜੇਕਰ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਣ ਤਾਂ ਮਾਪਿਆਂ ਦੀ ਮਾਨਸਿਕਤਾ ਅਤੇ ਪੀੜਾ ਤੁਸੀਂ ਸਮਝ ਹੀ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਆਪਣੇ ਘਰ ਇਨ੍ਹਾਂ ਵਿਦਿਆਰਥੀਆਂ ਨੂੰ ਕਿਰਾਏ ’ਤੇ ਦਿੱਤੇ ਹਨ, ਉਨ੍ਹਾਂ ਦੀ ਇਹ ਸ਼ਿਕਾਇਤ ਕਿ ਜੀ ਗੰਦ ਬੜਾ ਪਾਉਂਦੇ ਹਨ, ਸ਼ਰਮਸਾਰ ਕਰਦੀ ਹੈ। ਪੰਜਾਬੀ ਸੁਭਾਅ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਦੁਨੀਆਂ ਵਿੱਚ ਬੋਲਬਾਲਾ ਹੈ। ਪਰ ਇਸੇ ਸੁਭਾਅ ਵਿਚਲੀਆਂ ਖਰਮਸਤੀਆਂ, ਆਪਹੁਦਰਾਪਣ, ਫੁਕਰਾਪਣ ਅਤੇ ਹੁੱਲੜ੍ਹਬਾਜ਼ੀ ਸੰਵੇਦਨਸ਼ੀਲ ਬੰਦੇ ਨੂੰ ਪ੍ਰੇਸ਼ਾਨ ਕਰਨ ਲਈ ਵੱਡੀ ਭੁਮਿਕਾ ਨਿਭਾਉਂਦੀਆਂ ਹਨ। ਸਮਾਜ ਵਿੱਚ ਤੁਹਾਡਾ ਰੁਤਬਾ ਅਹੁਦੇ ਕਰਕੇ ਵੀ ਹੁੰਦਾ ਹੈ ਅਤੇ ਤੁਹਾਡੇ ਰਹਿਣ-ਸਹਿਣ ਅਤੇ ਵਿਵਹਾਰ ਕਰਕੇ ਵੀ। ਆਪਣੀ ਸਮਾਜਿਕਤਾ ਨੂੰ ਸਤਿਕਾਰਤ ਮੁਹਾਂਦਰਾ ਦੇਣ ਲਈ ਵਕਤ ਲੱਗਦਾ ਹੈ। ਪਰ ਇਸ ਵਕਾਰ ਨੂੰ ਮਿੱਟੀ ਵਿੱਚ ਮਿਲਾਉਣ ਲਈ ਕੁਝ ਕੁ ਲੋਕਾਂ ਦੀਆਂ ਬੇਤਰਤੀਬ ਹਰਕਤਾਂ ਬਹੁਤ ਹੁੰਦੀਆਂ ਹਨ। ਆਪਣੇ ਦੇਸ ਦੀ ਬੁਰਾਈ ਅਸੀਂ ਜਿਨ੍ਹਾਂ ਗੱਲਾਂ ਕਰਕੇ ਕਰਦੇ ਹਾਂ, ਉਨ੍ਹਾਂ ਗੱਲਾਂ ਦੇ ਵਿਗਸਣ ਦਾ ਮਹੌਲ ਜਦ ਇੱਥੇ ਬਣਾਵਾਂਗੇ ਤਾਂ ਸਮਾਂ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਇੱਕ ਪੰਜਾਬੀ ਡਰਾਇਵਰ ਨੇ ਦੱਸਿਆ, “ ਇੱਕ ਸਟਾਪ ਤੋਂ ਪੰਜਾਬੀ ਸੀਨੀਅਰ ਸਿਟੀਜ਼ਨ ਮੇਰੀ ਬੱਸ ਵਿੱਚ ਚੜ੍ਹਿਆ। ਉਸਨੇ ਭਾਈਚਾਰਕ ਤੌਰ `ਤੇ ਸਾਸਰੀ ਕਾਲ ਬੁਲਾਈ। ਇਹ ਜਾਣਦਿਆਂ ਕਿ ਡਰਾਇਵਰ ਪੰਜਾਬੀ ਹੈ, ਉਸ ਬਜ਼ੁਰਗ ਨੇ ਟਿਕਟ ਲੈਣ ਲਈ ਹੱਥ ਵਿੱਚ ਫੜੇ ਡਾਲਰ ਵਾਪਸ ਜੇਬ ਵਿੱਚ ਪਾ ਲਏ। ਮੈਂ ਕਿਹਾ- ਬਾਬਾ ਜੀ, ਉਸ ਪੰਜਾਬ ਦਾ ਬੇੜਾ ਤਾਂ ਗਰਕ ਕਰ ਦਿੱਤਾ ਹੈ, ਹੁਣ ਇਸ ਦਾ ਵੀ ਕਰਨਾ ਹੈ?” ਇਸ ਕਥਨ ਦੀ ਵਿਆਖਿਆ ਕਰਨ ਦੀ ਲੋੜ ਨਹੀਂ ਹੈ। ਕੈਨੇਡਾ ਆ ਵਸੇ ਪੰਜਾਬੀਆਂ ਦਾ ਇਸ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੈ। ਵੇਅਰਹਾਊਸ ਵਿੱਚ ਮਜ਼ਦੂਰੀ ਕਰਨ ਤੋਂ ਇਲਾਵਾ ਆਮਦਨ ਉੱਪਰ ਟੈਕਸ ਦੇਣਾ, ਖਰਦੋ-ਫਰੋਖਤ ਕਰਨੀ, ਰਿਹਾਇਸ਼ੀ ਘਰਾਂ ਦਾ ਕਾਰੋਬਾਰ ਅਤੇ ਟਰਾਂਸਪੋਰਟ ਰਾਹੀਂ ਦੇਸ ਦੀ ਆਰਥਿਕਤਾ ਵਿੱਚ ਪਰਵਾਸੀ ਆਪਣਾ ਹਿੱਸਾ ਪਾ ਰਹੇ ਹਨ। ਦੇਸ ਦੀ ਰਾਜਨੀਤੀ ਵਿੱਚ ਵੀ ਇਨ੍ਹਾਂ ਪਰਵਾਸੀਆਂ ਦਾ ਯੋਗਦਾਨ ਜ਼ਿਕਰ-ਗੋਚਰਾ ਹੈ। ਸਮਾਜਿਕ ਅਤੇ ਸਾਹਿਤਕ,ਕਲਾਤਮਿਕ, ਕਾਰਜਾਂ ਵਿੱਚ ਰੁੱਝੇ ਲੋਕ ਵੀ ਆਪਣੇ ਭਾਈਚਾਰੇ ਦਾ ਮਾਣ ਵਧਾ ਰਹੇ ਹਨ। ਟਰਾਂਸਪੋਰਟ ਸਮੇਤ ਬਹੁਤ ਸਾਰੇ ਕਾਰੋਬਾਰਾਂ ਵਿੱਚ ਇਨ੍ਹਾਂ ਦੀ ਸਰਦਾਰੀ ਹੈ। ਇਸ ਸਰਦਾਰੀ ਨੂੰ ਬਣਾਈ ਰੱਖਣ ਲਈ ਬਾਲਗ ਪਰਵਾਸੀਆਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਇਸ ਨਵੀਂ ਆਮਦ ਨੂੰ ਕੰਮ ਲੱਭਣ, ਰਹਿਣ ਲਈ ਰੈਂਟ ਅਤੇ ਖਾਣ-ਪੀਣ ਦਾ ਪ੍ਰਬੰਧ ਕਰਨ ਵਿੱਚ ਮੁਸ਼ਕਲਾਂ ਵੀ ਆ ਰਹੀਆਂ ਹਨ। ਇੱਥੇ ਜ਼ਿੰਦਗੀ ਦਾ ਆਰੰਭ ਚਣੌਤੀ ਭਰਿਆ ਹੈ। ਪਰ ਜਿਵੇਂ ਜਿਵੇਂ ਤੁਸੀਂ ਇੱਥੋਂ ਦੇ ਲੋਕਾਂ, ਭਾਸ਼ਾ, ਅਨੁਸ਼ਾਸਨ ਅਤੇ ਸੱਭਿਆਚਾਰ ਬਾਰੇ ਜਾਣੂ ਹੁੰਦੇ ਜਾਂਦੇ ਹੋ, ਜੀਵਨ ਸੁਖਾਲਾ ਹੁੰਦਾ ਜਾਂਦਾ ਹੈ। ਲੋੜ ਆਪਣੀਆਂ ਕੁਝ ਕੁ ਅਮਾਨਵੀ, ਦੂਸ਼ਿਤ, ਰੌਲੇ ਅਤੇ ਝਗੜੇ ਵਰਗੀਆਂ ਆਦਤਾਂ ਨੂੰ ਤਿਆਗਣ ਦੀ ਹੈ। ਇਹ ਆਦਤਾਂ ਹਰ ਨਿਜ਼ਾਮ ਅੰਦਰ ਸਮੱਸਿਆਵਾਂ ਪੈਦਾ ਕਰਦੀਆਂ ਹਨ। ਲੋੜ ਇੱਥੋਂ ਦੇ ਸਹਿਜ ਨੂੰ ਅਪਨਾਉਣ ਦੀ ਹੈ। ਲੋੜ ਇਥੋਂ ਦੀ ਇਮਾਨਦਾਰਾਨਾ ਸੋਚ ਨੂੰ ਅਪਨਾਉਣ ਦੀ ਹੈ।
–  ਮਲਵਿੰਦਰ 

Comment here