ਸਿਆਸਤਖਬਰਾਂ

ਪ੍ਰਧਾਨ ਮੰਤਰੀ ਵੱਲੋਂ ਅਗਲੇ ਵਰ੍ਹੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦਾ ਸੱਦਾ ਪ੍ਰਵਾਨ

ਪ੍ਰਧਾਨ ਮੰਤਰੀ ਨੇ ਗੋਬਿੰਦ ਘਾਟ-ਹੇਮਕੁੰਟ ਰੋਪਵੇਅ ਦਾ ਨੀਂਹ ਪੱਥਰ ਰਖਿਆ
*ਪੌਣੇ ਘੰਟੇ ਵਿੱਚ ਤੈਅ ਹੋਵੇਗਾ ਸਫ਼ਰ
*ਸਿੱਖ ਗੁਰੂਆਂ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰਦੇ ਰਹਾਂਗੇ-ਪ੍ਰਧਾਨ ਮੰਤਰੀ
*ਜਥੇਦਾਰ  ਅਕਾਲ ਤਖਤ ਸਾਹਿਬ ਨੇ ਕੀਤਾ ਮੋਦੀ ਦਾ ਧੰਨਵਾਦ
ਅੰਮ੍ਰਿਤਸਰ-ਉੱਤਰਾਖੰਡ ’ਚ ਲਗਭਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਰੋਪਵੇਅ ਬਣਨ ਨਾਲ ਹੁਣ ਹਰੇਕ ਸ਼ਰਧਾਲੂ ਉਥੋਂ ਦੇ ਦਰਸ਼ਨ ਕਰ ਸਕੇਗਾ। ਕਰੀਬ 1163 ਕਰੋੜ ਰੁਪਏ ਨਾਲ ਤਿਆਰ ਹੋਣ ਵਾਲੇ ਇਸ ਰੋਪਵੇਅ ਦਾ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਂਹ ਪੱਥਰ ਰੱਖਿਆ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਗਲੇ ਵਰ੍ਹੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਆਉਣ ਦਾ ਸੱਦਾ ਦਿੱਤਾ ਹੈ ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ ਹੈ। ਨੀਂਹ ਪੱਥਰ ਰੱਖਣ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਪਹੁੰਚ ਲਈ ਰੋਪਵੇਅ ਦਾ ਲਾਭ ਨਾ ਸਿਰਫ਼ ਦੇਸ਼ ਸਗੋਂ ਇੰਗਲੈਂਡ, ਜਰਮਨੀ ਅਤੇ ਕੈਨੇਡਾ ਦੇ ਸਿੱਖਾਂ ਨੂੰ ਵੀ ਹੋਵੇਗਾ।ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਦਾ ਰਾਹ ਪੱਧਰਾ ਹੋਣ ’ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਇਹ ਇਕ ਵੱਡੀ ਯੋਜਨਾ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੋਪਵੇਅ ਮਾਰਗ ਤਿਆਰ ਹੋਣ ਨਾਲ ਜਿੱਥੇ ਸਮਾਂ ਬਚੇਗਾ, ਉੱਥੇ ਬਜ਼ੁਰਗ, ਬੱਚੇ, ਔਰਤਾਂ ਅਤੇ ਹਰ ਉਮਰ ਦੇ ਸ਼ਰਧਾਲੂ ਦਰਸ਼ਨ ਕਰ ਸਕਣਗੇ।    ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹੇਮਕੁੰਟ ਸਾਹਿਬ ‘ਰੋਪਵੇਅ’ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ । ਜਥੇਦਾਰ ਨੇ ਕਿਹਾ ਹੈ ਕਿ ਕਿਸੇ ਵੀ ਸ਼ਰਧਾਲੂ ਸਿੱਖ ਲਈ ਇਹ ਇਕ ਇਤਿਹਾਸਕ ਮੌਕਾ ਹੈ, ਜੋ ਉਨ੍ਹਾਂ ਨੂੰ ਆਪਣੇ ਗੁਰਧਾਮਾਂ ਦੇ ਨੇੜੇ ਲਿਆਵੇਗਾ । ਉਨ੍ਹਾਂ ਲਿਖਿਆ ਕਿ ਤੁਸੀਂ ਸਿੱਖ ਪਰੰਪਰਾਵਾਂ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪ੍ਰਤੀ ਬਹੁਤ ਸੰਵੇਦਨਸ਼ੀਲਤਾ ਅਤੇ ਸਤਿਕਾਰ ਦਿਖਾਇਆ ਹੈ । ਉਨ੍ਹਾਂ ਪ੍ਰਧਾਨ ਮੰਤਰੀ ਵਲੋਂ ਹੋਰ ਯਤਨਾ ਤੋਂ ਇਲਾਵਾ ਲਾਲ ਕਿਲੇ ‘ਤੇ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਗਏ ਪ੍ਰਕਾਸ਼ ਪੁਰਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਵੱਖ-ਵੱਖ ਭਖਦੇ ਸਿੱਖ ਮੁੱਦਿਆਂ ‘ਤੇ ਫਲਦਾਇਕ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਸੀ ਕਿ ਉਹ ਸੰਬੰਧਿਤ ਮੁੱਦਿਆਂ ਬਾਰੇ ਤੁਹਾਨੂੰ ਨਿੱਜੀ ਤੌਰ ‘ਤੇ ਜਾਣੂ ਕਰਵਾਉਣਗੇ ਅਤੇ ਅਸੀਂ ਮਿਲ ਕੇ ਇਨ੍ਹਾਂ ਸਾਰੀਆਂ ਚੁਣੌਤੀਆਂ ‘ਤੇ ਕਾਬੂ ਪਾਵਾਂਗੇ | ਜਥੇਦਾਰ ਨੇ ਕਿਹਾ ਕਿ ਅਸੀਂ ਸਕਾਰਾਤਮਕ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ, ਜੋ ਸਾਡੇ ਭਾਈਚਾਰੇ ਨੂੰ ਉੱਜਵਲ ਭਵਿੱਖ ਵੱਲ ਲੈ ਜਾਣਗੇ |                   ਯਾਦ ਰਹੇ ਕਿ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਵਿਚ ਉਨ੍ਹਾਂ ਦੇ ਤਪ ਅਸਥਾਨ ਵਜੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚਣ ਲਈ ਰਾਹ ਸੁਖਾਲਾ ਕਰਨ ਵਾਸਤੇ ਪਿਛਲੇ ਇੱਕ ਦਹਾਕੇ ਤੋਂ ਯਤਨ ਕੀਤੇ ਜਾ ਰਹੇ ਸਨ। ਸਾਲ 2016 ਵਿੱਚ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਲਗਪਗ ਛੇ ਕਿਲੋਮੀਟਰ ਦੇ ਰਸਤੇ ਵਾਸਤੇ ਰੋਪਵੇਅ ਦੀ ਯੋਜਨਾ ਤਿਆਰ ਹੋਈ ਸੀ। ਇਸ ਸਬੰਧ ਵਿੱਚ ਹਰ ਵਿਭਾਗ ਕੋਲੋਂ ਐੱਨਓਸੀ ਵੀ ਲੈ ਲਈ ਗਈ ਸੀ ਪਰ ਐਨ ਆਖਰੀ ਮੌਕੇ ’ਤੇ ਇਹ ਯੋਜਨਾ ਠੰਢੇ ਬਸਤੇ ਵਿੱਚ ਪੈ ਗਈ ਸੀ।  ਬਿੰਦਰਾ ਨੇ ਦੱਸਿਆ ਕਿ ਪ੍ਰਸਤਾਵਿਤ ਰੋਪਵੇਅ ਯੋਜਨਾ ਤਹਿਤ ਕਰੀਬ ਸਾਢੇ 12 ਕਿਲੋਮੀਟਰ ਦਾ ਰੋਪਵੇਅ ਤਿਆਰ ਹੋਵੇਗਾ ਅਤੇ ਇਹ ਰਸਤਾ ਸਿਰਫ਼ 45 ਮਿੰਟਾਂ ਵਿੱਚ ਪੂਰਾ ਕੀਤਾ ਜਾ ਸਕੇਗਾ। ਇਸ ਵੇਲੇ ਲਗਪਗ 19 ਕਿਲੋਮੀਟਰ ਦੀ ਤਿੱਖੀ ਚੜ੍ਹਾਈ ਵਾਲਾ ਇਹ ਰਸਤਾ ਦੋ ਦਿਨਾਂ ਵਿਚ ਯਾਤਰੂਆਂ ਵੱਲੋਂ ਪੂਰਾ ਕੀਤਾ ਜਾਂਦਾ ਹੈ। ਇਹ ਯੋਜਨਾ 2024 ਤਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਮੀਤ ਚੇਅਰਮੈਨ ਨੇ ਦੱਸਿਆ ਕਿ ਇਸ ਯੋਜਨਾ ਸਬੰਧੀ ਟੈਂਡਰ ਪ੍ਰਕਿਰਿਆ ਜਨਵਰੀ ਤੱਕ ਮੁਕੰਮਲ ਹੋ ਜਾਵੇਗੀ ਜਿਸ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਮੁਕੰਮਲ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖ ਗੁਰੂਆਂ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰਦੀ ਰਹੇਗੀ । ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਗੁਰਦੁਆਰਾ ਹੇਮਕੁੰਟ ਸਾਹਿਬ ‘ਰੋਪਵੇਅ’ ਦਾ ਨੀਂਹ ਪੱਥਰ ਰੱਖਣ ਲਈ ਉਨ੍ਹਾਂ ਦਾ ਧੰਨਵਾਦ ਕਰਨ ਵਾਲੇ ਪੱਤਰ ‘ਤੇ ਪ੍ਰਤੀਕਿਰਿਆ ਦੇ ਰਹੇ ਸਨ, ਜੋ ਗੋਬਿੰਦਘਾਟ ਨੂੰ ਹੇਮਕੁੰਟ ਸਾਹਿਬ ਨਾਲ ਜੋੜੇਗਾ । ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਮੁੱਖ ਅਧਿਆਤਮਿਕ ਸ਼ਖ਼ਸੀਅਤਾਂ ਸਮੇਤ ਸਿੱਖ ਭਾਈਚਾਰੇ ਦੇ ਸਤਿਕਾਰਯੋਗ ਮੈਂਬਰਾਂ ਨੇ ਹੇਮਕੁੰਟ ਸਾਹਿਬ ‘ਰੋਪਵੇਅ’ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ।ਮੈਂ ਉਨ੍ਹਾਂ ਦੇ ਪਿਆਰ ਭਰੇ ਸ਼ਬਦਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਸੰਗਤ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਗੁਰੂ ਸਾਹਿਬਾਨ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੰਮ ਕਰਦੇ ਰਹਾਂਗੇ ।

Comment here