ਸਿਆਸਤਖਬਰਾਂ

ਪ੍ਰਧਾਨ ਮੰਤਰੀ ਮੋਦੀ ਵਲੋਂ ਸੈਂਟਰਲ ਵਿਸਟਾ ਪ੍ਰੋਜੈਕਟ ਦਾ ਜਾਇਜ਼ਾ, ਕਾਂਗਰਸ ਨੇ ਕੀਤੇ ਕਟਾਖਸ਼

ਨਵੀਂ ਦਿੱਲੀ-ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੈਂਟਰਲ ਵਿਸਟਾ ਦੀ ਕੰਸਟ੍ਰਕਸ਼ਨ ਸਾਈਟ ’ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਾਈਟ ’ਤੇ ਤਕਰੀਬਨ ਇਕ ਘੰਟੇ ਦਾ ਸਮਾਂ ਬਿਤਾਇਆ ਅਤੇ ਨਿਰਮਾਣ ਦੀ ਸਥਿਤੀ ਦਾ ਨਿਰੀਖਣ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਦੀ ਪਹਿਲੀ ਤੋਂ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕੰਸਟ੍ਰਕਸ਼ਨ ਸਾਈਟ ’ਤੇ ਪਾਏ ਜਾਣ ਵਾਲਾ ਹੈਲਮੇਟ ਵੀ ਪਾਇਆ। ਰਾਜਧਾਨੀ ਦਿੱਲੀ ’ਚ ਬਣ ਰਹੇ ਸੈਂਟਰਲ ਵਿਸਟਾ ਪ੍ਰੋਜੈਕਟ ਤਹਿਤ ਨਵੇਂ ਸੰਸਦ ਭਵਨ ਦਾ ਨਿਰਮਾਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਸੰਸਦ ਭਵਨ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਂਦੇ ਹੋਏ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪੀ.ਐੱਮ. ਮੋਦੀ ਨੇ ਇਥੇ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਨਿਰਮਾਣ ਕਾਰਜ ਬਾਰੇ ਅਪਡੇਟ ਲਈ।
ਸੈਂਟਰਲ ਵਿਸਟਾ ਪ੍ਰੋਜੈਕਟ ’ਤੇ ਰੋਕ ਲਾਉਣ ਦੀ ਵੀ ਪਿਛਲੇ ਦਿਨੀਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਮੰਗ ਕੀਤੀ ਗਈ ਸੀ ਅਤੇ ਮਾਮਲਾ ਕੋਰਟ ਤੱਕ ਪਹੁੰਚ ਗਿਆ ਸੀ। ਹਾਲਾਂਕਿ ਕੋਰਟ ਨੇ ਰੋਕ ਲਾਉਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ।
ਨਵੇਂ ਸੰਸਦ ਭਵਨ ਦਾ ਨਿਰਮਾਣ ਅਗਲੇ ਸਾਲ ਤੱਕ ਹੋ ਜਾਵੇਗਾ। ਇਸ ਲਈ ਵੱਡੀ ਗਿਣਤੀ ’ਚ ਮਜ਼ਦੂਰ ਦਿਨ-ਰਾਤ ਤੇਜ਼ੀ ਨਾਲ ਕੰਮ ਕਰ ਰਹੇ ਹਨ। ਨਵਾਂ ਸੰਸਦ ਭਵਨ ਪੁਰਾਣੇ ਭਵਨ ਤੋਂ 17 ਹਜ਼ਾਰ ਵਰਗਮੀਟਰ ਵੱਡਾ ਹੋਵੇਗਾ। ਇਹ 971 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 64,500 ਵਰਗ ਮੀਟਰ ਖੇਤਰ ’ਚ ਬਣੇਗਾ। ਇਸ ਦਾ ਠੇਕਾ ਟਾਟਾ ਪ੍ਰੋਜੈਕਟਸ ਲਿਮਟਿਡ ਨੂੰ ਦਿੱਤਾ ਗਿਆ ਹੈ ਅਤੇ ਇਸ ਦਾ ਡਿਜ਼ਾਈਨ ਐੱਚ.ਸੀ.ਪੀ. ਡਿਜ਼ਾਈਨ, ਪਲਾਨਿੰਗ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਤਿਆਰ ਕੀਤਾ ਹੈ।

ਕਾਂਗਰਸ ਨੇ ਕੀਤੇ ਕਟਾਖਸ਼

ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਸੰਸਦ ਭਵਨ ਦੇ ਨਿਰਮਾਣ ਵਾਲੀ ਥਾਂ ਦਾ ਦੌਰਾ ਕਰਨ ਨੂੰ ਲੈ ਕੇ ਤੰਜ ਕੱਸਿਆ ਹੈ। ਕਾਂਗਰਸ ਮੁਤਾਬਕ ਕਾਸ਼! ਪ੍ਰਧਾਨ ਮੰਤਰੀ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ, ਜਦੋਂ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਸਨ। ਪਾਰਟੀ ਬੁਲਾਰੇ ਪਵਨ ਖੇੜਾ ਨੇ ਇਹ ਦੋਸ਼ ਵੀ ਲਾਇਆ ਕਿ ਪ੍ਰਧਾਨ ਮੰਤਰੀ ਦਾ ਨਵੇਂ ਸੰਸਦ ਭਵਨ ਦੇ ਨਿਰਮਾਣ ਵਾਲੀ ਥਾਂ ਦਾ ਦੌਰਾ ਕਰਨਾ ‘ਅਸੰਵੇਦਨਸ਼ੀਲ’ ਰਵੱਈਆ ਹੈ। ਪਵਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਜਦੋਂ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੀ ਜਦੋ-ਜਹਿੱਦ ਕਰ ਰਹੇ ਸਨ, ਕਾਸ਼, ਉਸ ਸਮੇਂ ਪ੍ਰਧਾਨ ਮੰਤਰੀ ਕਿਸੇ ਹਸਪਤਾਲ ਜਾਂ ਕਿਸੇ ਨਿਰਮਾਣ ਅਧੀਨ ਹਸਪਤਾਲ ਦਾ ਦੌਰਾ ਕਰ ਲੈਂਦੇ ਪਰ ਸੰਸਦ ਦੇ ਨਿਰਮਾਣ ਵਾਲੀ ਥਾਂ ਦੇ ਦੌਰੇ ਦਾ ਅਸੀਂ ਸਮਰਥਨ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਨਵੇਂ ਸੰਸਦ ਭਵਨ ਦੇ ਨਿਰਮਾਣ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਉੱਥੋਂ ਚੱਲ ਰਹੇ ਨਿਰਮਾਣ ਕੰਮ ਦਾ ਜਾਇਜ਼ਾ ਲਿਆ। ਨਵੇਂ ਸੰਸਦ ਭਵਨ ਦਾ ਨਿਰਮਾਣ ਅਗਲੇ ਸਾਲ ਦੇ ਦੂਜੇ ਸਾਲ ਦੇ ਅੱਧ ਤਕ ਪੂਰਾ ਹੋਣ ਦੀ ਉਮੀਦ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੋਦੀ ਨੇ ਨਿਰਮਾਣ ਕੰਮ ਦਾ ਨਿਰੀਖਣ ਕੀਤਾ ਅਤੇ ਇਸ ਕੰਮ ’ਚ ਲੋਕਾਂ ਨਾਲ ਗੱਲਬਾਤ ਕੀਤੀ। ਇਹ ਇਮਾਰਤ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੀ ਰਹੀ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ 2022 ਵਿਚ ਸੰਸਦ ਦਾ ਸਰਦ ਰੁੱਤ ਸੈਸ਼ਨ ਨਵੇਂ ਸੰਸਦ ਭਵਨ ’ਚ ਹੋਵੇਗਾ। ਸੰਸਦ ਦੇ ਨਵੇਂ ਭਵਨ ਦਾ ਖੇਤਰਫ਼ਲ 64,500 ਵਰਗ ਫੁੱਟ ਹੋਵੇਗਾ।

Comment here