ਸਿਆਸਤਖਬਰਾਂ

ਪ੍ਰਧਾਨ ਮੰਤਰੀ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ’ਤੇ ਚੁਫੇਰੇ ਖੁਸ਼ੀ ਦੀ ਲਹਿਰ

ਕਈਆਂ ਨੂੰ ਹਾਲੇ ਵੀ ਧੁੜਕੂ

ਚੰਡੀਗੜ੍ਹ-ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵੇਂ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਕੇਂਦਰ ਦੇ ਆਗਾਮੀ ਸੈਸ਼ਨ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਰੱਦ ਕੀਤਾ ਜਾਵੇਗਾ।ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਂਅ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਹਨ ਅਤੇ ਕਿਸਾਨਾਂ ਦੇ ਹੱਕ ਵਿੱਚ ਫੈਸਲੇ ਲਏ ਹਨ। ਉਨ੍ਹਾਂ ਕਿਹਾ, ”ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਾ ਪਵਿੱਤਰ ਤਿਉਹਾਰ ਹੈ। ਮੈਂ ਦੁਨੀਆ ਦੇ ਸਾਰੇ ਲੋਕਾਂ ਅਤੇ ਸਾਰੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈਆਂ ਦਿੰਦਾ ਹਾਂ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਡੇਢ ਸਾਲ ਦੇ ਵਕਫ਼ੇ ਤੋਂ ਬਾਅਦ ਹੁਣ ਕਰਤਾਰਪੁਰ ਸਾਬ੍ਹ ਕੋਰੀਡੋਰ ਮੁੜ ਖੁੱਲ੍ਹ ਗਿਆ ਹੈ। ਮੋਦੀ ਨੇ ਕਿਹਾ, ਆਪਣੇ ਪੰਜ ਦਹਾਕਿਆਂ ਦੇ ਜੀਵਨ ਵਿੱਚ ਕਿਸਾਨਾਂ ਦੀਆਂ ਚੁਣੌਤੀਆਂ ਨੂੰ ਬਹੁਤ ਨੇੜਿਓਂ ਦੇਖਿਆ ਹੈ, ਜਦੋਂ ਦੇਸ਼ ਨੇ ਸਾਨੂੰ 2014 ਵਿੱਚ ਪ੍ਰਧਾਨ ਸੇਵਕ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ, ਅਸੀਂ ਖੇਤੀਬਾੜੀ ਵਿਕਾਸ, ਕਿਸਾਨ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਕੇਂਦਰ ਦਾ ਖੇਤੀ ਬਜਟ ਪੰਜ ਗੁਣਾ ਵਧਾਇਆ ਗਿਆ ਹੈ। ਪੀਐਮ ਮੋਦੀ ਨੇ ਕਿਹਾ, ਸਾਡੀ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ ਵਿੱਚ 1 ਕਰੋੜ 62 ਲੱਖ ਰੁਪਏ ਪਾ ਦਿੱਤੇ ਹਨ। ਇਸ ਦੇ ਨਾਲ ਹੀ 22 ਕਰੋੜ ਮਿੱਟੀ ਸਿਹਤ ਕਾਰਡ ਵੰਡੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ।
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਸਭ ਤੋਂ ਵੱਧ ਅਸਰ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਦੇਖਣ ਨੂੰ ਮਿਲੇਗਾ। ਖਾਸ ਕਰਕੇ ਅਮਰਿੰਦਰ ਸਿੰਘ ਲਈ, ਜਿਨ੍ਹਾਂ ਨੇ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਈ ਹੈ… ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਨੇ ਕਦੇ ਵੀ ਪੰਜਾਬ ਵਿੱਚ ਭਾਜਪਾ ਨਾਲ ਗੱਠਜੋੜ ਕਰਨ ਤੋਂ ਇਨਕਾਰ ਨਹੀਂ ਕੀਤਾ, ਪਰ ਉਨ੍ਹਾਂ ਨੇ ਖੁੱਲ੍ਹੇਆਮ ਕਿਹਾ ਸੀ ਕਿ ਉਹ ਕਰਨਗੇ। ਭਾਜਪਾ ਨਾਲ ਗੱਠਜੋੜ ‘ਤੇ ਵਿਚਾਰ ਕਰੋ। ਹੁਣ ਜਦੋਂ ਕੇਂਦਰ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਤਾਂ ਅਮਰਿੰਦਰ ਸਿੰਘ ਲਈ ਭਾਜਪਾ ਨਾਲ ਗੱਠਜੋੜ ਕਰਕੇ ਪੰਜਾਬ ਦੀ ਸਿਆਸਤ ਵਿੱਚ ਚੋਣ ਮੈਦਾਨ ਵਿੱਚ ਉਤਰਨਾ ਆਸਾਨ ਹੋ ਗਿਆ ਹੈ।
ਅਮਰਿੰਦਰ ਸਿੰਘ, ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੇ ਸਨ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਇਸ ਸਬੰਧੀ ਕਈ ਮੌਕਿਆਂ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ। ਜਦੋਂ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੇ ਭਾਜਪਾ ਨਾਲ ਤਾਲਮੇਲ ਦਾ ਸੰਕੇਤ ਦਿੱਤਾ ਸੀ ਅਤੇ ਇਹ ਅਮਰਿੰਦਰ ਸਿੰਘ ਦੇ ਟਵੀਟ ਤੋਂ ਵੀ ਝਲਕਦਾ ਹੈ।
ਉਂਜ, ਪੰਜਾਬ ਚੋਣਾਂ ਵਿੱਚ ਖੇਤੀ ਕਾਨੂੰਨਾਂ ਦੀ ਵਾਪਸੀ ਇਕੱਲੇ ਅਮਰਿੰਦਰ ਸਿੰਘ ਲਈ ਆਸਾਨ ਨਹੀਂ ਹੋਈ। ਸਗੋਂ ਭਾਜਪਾ ਲਈ ਵੀ ਚੀਜ਼ਾਂ ਆਸਾਨ ਹੁੰਦੀਆਂ ਜਾਪ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਭਾਜਪਾ ਨਾਲ ਆਪਣਾ ਦਹਾਕਿਆਂ ਪੁਰਾਣਾ ਗਠਜੋੜ ਤੋੜ ਦਿੱਤਾ ਅਤੇ ਕਾਨੂੰਨ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ। ਲੰਮੇ ਸਮੇਂ ਤੋਂ ਅਕਾਲੀ ਦਲ ਪੰਜਾਬ ਵਿੱਚ ਭਾਜਪਾ ਦਾ ਵੱਡਾ ਭਾਈਵਾਲ ਰਿਹਾ ਹੈ। ਪਰ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਵੱਖ ਹੋ ਗਏ ਸਨ ਅਤੇ ਭਾਜਪਾ ਨੂੰ ਪੰਜਾਬ ਵਿੱਚ ਭਾਈਵਾਲ ਦੀ ਲੋੜ ਸੀ ਪਰ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਭਾਜਪਾ ਦੀ ਰਾਜਨੀਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਜਾਪਦੇ ਸਨ। ਹੁਣ ਜਦੋਂ ਖੇਤੀ ਕਾਨੂੰਨ ਦੀ ਵਾਪਸੀ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਮਜ਼ਬੂਤੀ ਨਾਲ ਆਪਣਾ ਦਾਅਵਾ ਪੇਸ਼ ਕਰ ਸਕਦੀ ਹੈ।
ਮੁੱਖ ਮੰਤਰੀ ਚੰਨੀ ਨੇ ਕੀਤਾ ਫੈਸਲੇ ਦਾ ਸਵਾਗਤ
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ।ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਕਿਸਾਨਾਂ ਦੇ ਲੰਬੇ ਸ਼ਾਂਤਮਈ ਸੰਘਰਸ਼ ਦਾ ਸਿੱਟਾ ਹੈ, ਜਿਹੜਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ। ਮੇਰਾ ਦੇਸ਼ ਦੇ ਅੰਨਦਾਤਿਆਂ ਨੂੰ ਸਲਾਮ।
ਕਾਂਗਰਸ ਪ੍ਰਧਾਨ ਸਿੱਧੂ ਵਲੋਂ ਫੈਸਲੇ ਦਾ ਸਵਾਗਤ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਕਿਹਾ ਕਿ ਹਰ ਗੱਲ ਦੀ ਨਿੰਦਾ ਕੀਤੀ ਜਾਵੇ, ਇਹ ਠੀਕ ਨਹੀਂ। ਉਨ੍ਹਾਂ ਕਿਹਾ ਕਿ ਹਰ ਚੀਜ਼ ਤੇ ਰਾਜਨੀਤੀ ਕਰਨੀ ਚੰਗੀ ਗੱਲ ਨਹੀਂ ਹੈ, ਕੇਂਦਰ ਨੇ ਚੰਗਾ ਫੈਸਲਾ ਲਿਆ ਹੈ।
ਪਰਗਟ ਸਿੰਘ ਵਲੋਂ ਫੈਸਲੇ ਦਾ ਸਵਾਗਤ
ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪੂਰੇ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੰਦੇ ਹਨ। ਇਹ ਉਨ੍ਹਾਂ ਦੇ ਸੰਘਰਸ਼ ਦੀ ਇਤਿਹਾਸਕ ਜਿੱਤ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੇ ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਅਤੇ ਲੋਕਾਂ ਦਾ ਨਾਮ ਇਤਿਹਾਸ ਵਿੱਚ ਹਮੇਸ਼ਾ ਲਿਖਿਆ ਰਹੇਗਾ।
‘ਕਾਨੂੰਨ ਵਾਪਸੀ ਦਾ ਫੈਸਲਾ ਸਿਰਫ ਇੱਕ ਜੁਮਲਾ’ – ਵੇਰਕਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਫੈਸਲੇ ਤੇ ਕਾਂਗਰਸ ਦੇ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਫੈਸਲਾ ਮੋਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਲਈ ਇਹ ਇੱਕ ਨਾਟਕ ਤੋਂ ਵੱਧ ਕੇ ਕੁੱਝ ਨਹੀਂ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਇੱਕ ਜੁਮਲਾ ਹੈ, ਜਿਹੜਾ ਇੱਕ ਜੁਮਲੇਬਾਜ ਵੱਲੋਂ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਪੀਐਮ ਮੋਦੀ ਨੂੰ ਹੈ ਕਿ ਉਹ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਅਤੇ ਹਰ ਕਿਸਾਨ ਸ਼ਹੀਦ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ। ਇਸਦੇ ਨਾਲ ਹੀ ਕਿਸਾਨ ਅੰਦੋਲਨ ਦੌਰਾਨ ਰਾਜਾਂ ਅਤੇ ਵਪਾਰੀਆਂ ਨੂੰ ਹੋਏ ਨੁਕਸਾਨ ਨੂੰ ਆਪਣੇ ਸਿਰ ਲੈਂਦੇ ਹੋਏ ਭਰਪਾਈ ਕਰਨ।
ਸੰਯੁਕਤ ਮੋਰਚੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਫੈਸਲੇ ਦਾ ਕੀਤਾ ਸਵਾਗਤ
ਸੰਯੁਕਤ ਮੋਰਚੇ ਵੱਲੋਂ ਗੁਰਪੁਰਬ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਦਿਨ ਸੰਸਦ ਵਿੱਚ ਫੈਸਲਾ ਵਾਪਸ ਲਿਆ ਜਾਵੇਗਾ, ਉਸ ਦਿਨ ਤੱਕ ਉਹ ਧਰਨੇ ਤੋਂ ਉਠਣਗੇ।
ਆਮ ਆਦਮੀ ਪਾਰਟੀ ਨੇ ਕੀਤਾ ਸਵਾਗਤ
ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਦੇ ਫੈਸਲੇ ਨੂੰ ਸਵਾਗਤ ਕਰਦੇ ਹੋਏ ਕਿਹਾ ਕਿ ਗੁਰਪੁਰਬ ‘ਤੇ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ਨਾਲ ਬਹੁਤ ਖੁਸ਼ੀ ਮਿਲੀ ਹੈ।ਉਨ੍ਹਾਂ ਕਿਹਾ, ‘ਕਿਸਾਨੀ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋ ਗਏ, ਜਿਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਮੇਰਾ ਦੇਸ਼ ਦੇ ਕਿਸਾਨਾਂ ਨੂੰ ਨਮਨ।’
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 3 ਕਾਲੇ ਕਾਨੂੰਨ ਰੱਦ ਹੋਣ ਦੀ ਖਬਰ ਸਾਰੇ ਪੰਜਾਬ ਲਈ ਖੁਸ਼ੀਆਂ ਭਰੀ ਹੈ। 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਅਮਰ ਰਹੇਗੀ। ਆਪ ਆਗੂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਕਿਵੇਂ ਇਸ ਦੇਸ਼ ਦੇ ਕਿਸਾਨਾਂ ਨੇ ਖੇਤੀ ਅਤੇ ਕਿਸਾਨੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਮੈਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਸਲਾਮ ਕਰਦਾ ਹਾਂ।
ਅਕਾਲੀ ਦਲ ਨੇ ਕੀਤਾ ਸਵਾਗਤ
ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਇਤਿਹਾਸਕ ਅਤੇ ਪਵਿੱਤਰ ਦਿਹਾੜੇ ‘ਤੇ ਕਿਸਾਨਾਂ ਦੀ ਇਤਿਹਾਸਕ ਜਿੱਤ ਦੱਸਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ
ਸਾਬਕਾ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਦਾ ਕ੍ਰਿਸ਼ੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫ਼ੈਸਲੇ ਲਈ ਧੰਨਵਾਦ ਕਰਦੇ ਹੋਏ ਇਸ ਨੂੰ ਕਿਸਾਨਾਂ ਲਈ ਵੱਡਾ ਦਿਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿ ਹੁਣ ਭਾਜਪਾ ਨਾਲ ਸੀਟਾਂ ਸਾਂਝੀਆਂ ਬਾਰੇ ਗੱਲਬਾਤ ਹੋਵੇਗੀ ਅਤੇ ਕਿਸਾਨਾਂ ਨੂੰ ਵੀ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਹਰਿਆਣਾ ਦੇ ਮੰਤਰੀ ਵਿੱਜ ਨੇ ਕੀਤਾ ਪ੍ਰਧਾਨ ਮੰਤਰੀ ਦਾ ਧੰਨਵਾਦ
ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ‘ਤੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ‘ਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ‘ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਤੁਰੰਤ ਆਪਣਾ ਧਰਨਾ ਚੁੱਕ ਕੇ ਆਪਣੇ ਘਰਾਂ ਜਾ ਕੇ ਰੋਜ਼ਾਨਾ ਦੇ ਕੰਮ ਕਰਨੇ ਚਾਹੀਦੇ ਹਨ।
ਪੰਜਾਬ ਭਾਜਪਾ ਆਗੂਆਂ ਨੇ ਦਿੱਤੀਆਂ ਵਧਾਈਆਂ
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਭਰ ਦੇ ਕਿਸਾਨਾਂ ਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਗਾਇਕ ਰਣਜੀਤ ਬਾਵਾ ਨੇ ਕਿਸਾਨਾਂ-ਮਜ਼ਦੂਰਾਂ ਦੀ ਜਿੱਤ ’ਤੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲਾ ਦਾ ਹਰ ਕੋਈ ਸਵਾਗਤ ਕਰ ਰਿਹਾ ਹੈ। ਇਸ ਵਿੱਚ ਗਾਇਕ ਵੀ ਪਿੱਛੇ ਨਹੀਂ ਹਨ। ਰਣਜੀਤ ਬਾਵਾ ਨੇ ਇਸ ਨੂੰ ਕਿਸਾਨ-ਮਜਦੂਰ ਏਕਤਾ ਦੀ ਜਿੱਤ ਦੱਸਿਆ ਹੈ ਅਤੇ ਦੇਸ਼-ਵਿਦੇਸ਼ ‘ਚ ਵਸਦੇ ਪੰਜਾਬੀਆਂ ਨੂੰ ਮੁਬਾਰਕਾਂ ਦਿੱਤੀਆਂ ਹਨ।

ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਦਾ ਜਥੇਦਾਰ ਵਲੋਂ ਸਵਾਗਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਜਥੇਦਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਕੈਬਨਿਟ ਦਾ ਧੰਨਵਾਦ ਕੀਤਾ ਹੈ। ਜਥੇਦਾਰ ਵਲੋਂ ਜਾਰੀ ਵੀਡੀਓ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਵਲੋਂ ਇਹ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਸ਼ਰਾਰਤੀ ਧਿਰਾਂ ਕਿਸਾਨ ਅੰਦੋਲਨ ਦੌਰਾਨ ਕਿਸਾਨੀ ਨਾਲ ਸੰਬੰਧਤ ਇਸ ਮਸਲੇ ਨੂੰ ਸਿੱਖ ਬਨਾਮ ਭਾਰਤ ਸਰਕਾਰ ਅਤੇ ਸਿੱਖ ਬਨਾਮ ਹਿੰਦੂ ਬਣਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਚੰਗਾ ਫ਼ੈਸਲਾ ਹੈ ਅਤੇ ਇਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ।

ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਹਰ ਇਕ ਕਿਸਾਨ ਦੀ ਜਿੱਤ: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਹਰ ਇਕ ਕਿਸਾਨ ਦੀ ਜਿੱਤ ਹੈ। ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਸਾਰੇ ਕਿਸਾਨਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ, ਜਿਨ੍ਹਾਂ ਨੇ ਅਣਥੱਕ ਸੰਘਰਸ਼ ਕੀਤਾ ਅਤੇ ਉਸ ਬੇਰਹਿਮ ਵਿਵਹਾਰ ਅੱਗੇ ਝੁਕੇ ਨਹੀਂ, ਜੋ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ’ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਸਾਰੇ ਲੋਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।
ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਝੁਕਾ ਦਿੱਤਾ ਹੰਕਾਰ ਦਾ ਸਿਰ-ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ,‘‘ਦੇਸ਼ ਦੇ ਅੰਨਦਾਤਾ ਨੇ ਸੱਤਿਆਗ੍ਰਹਿ ਨਾਲ ਹੰਕਾਰ ਦਾ ਸਿਰ ਝੁਕਾ ਦਿੱਤਾ। ਅਨਿਆਂ ਵਿਰੁੱਧ ਇਹ ਜਿੱਤ ਮੁਬਾਰਕ ਹੋਵੇ। ਜੈ ਹਿੰਦ, ਜੈ ਹਿੰਦ ਦਾ ਕਿਸਾਨ!’’ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਵਿਰੁੱਧ ਕੁਝ ਮਹੀਨੇ ਪਹਿਲਾਂ ਪੰਜਾਬ ’ਚ ਕੱਢੀ ਗਈ ਆਪਣੀ ਇਕ ਯਾਤਰਾ ਦੌਰਾਨ ਦਿੱਤੇ ਗਏ ਆਪਣੇ ਉਸ ਬਿਆਨ ਦੀ ਇਕ ਵੀਡੀਓ ਵੀ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਇਕ ਦਿਨ ਇਹ ਕਾਨੂੰਨ ਵਾਪਸ ਲੈਣ ਨੂੰ ਮਜ਼ਬੂਰ ਹੋਵੇਗੀ।
ਪ੍ਰਿਯੰਕਾ ਗਾਂਧੀ ਬੋਲੀ-ਮੋਦੀ ਜੀ, ਤੁਹਾਡੀ ਨੀਅਤ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਢਰਾ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਕਿਹਾ ਕਿ ਆਗਾਮੀ ਚੋਣਾਂ ’ਚ ਹਾਰ ਵੇਖਦੇ ਹੋਏ ਪ੍ਰਧਾਨ ਮੰਤਰੀ ਨੂੰ ਸੱਚਾਈ ਸਮਝ ਆਉਣ ਲੱਗੀ ਹੈ ਪਰ ਉਨ੍ਹਾਂ ਦੀ ਨੀਅਤ ਅਤੇ ਬਦਲਦੇ ਰਵੱਈਏ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ‘600 ਤੋਂ ਜ਼ਿਆਦਾ ਕਿਸਨਾਂ ਦੀ ਸ਼ਹਾਦਤ, 350 ਤੋਂ ਜ਼ਿਆਦਾ ਦਿਨਾਂ ਦਾ ਸੰਘਰਸ਼, ਨਰਿੰਦਰ ਮੋਦੀ ਜੀ, ਤੁਹਾਡੇ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਕੁਚਲ ਕੇ ਮਾਰ ਦਿੱਤਾ, ਤੁਹਾਨੂੰ ਕੋਈ ਪਰਵਾਹ ਨਹੀਂ ਸੀ। ਤੁਹਾਡੀ ਪਾਰਟੀ ਦੇ ਨੇਤਾਵਾਂ ਨੇ ਕਿਸਾਨਾਂ ਦਾ ਅਪਮਾਨ ਕਰਦੇ ਹੋਏ ਉਨ੍ਹਾਂ ਨੂੰ ਅੱਤਵਾਦੀ, ਦੇਸ਼ਧ੍ਰੋਹੀ, ਗੁੰਡੇ ਕਿਹਾ, ਤੁਸੀਂ ਖੁਦ ਅੰਦੋਲਨਜੀਵੀ ਕਿਹਾ।’
ਕਾਂਗਰਸ ਦੀ ਉੱਤਰ-ਪ੍ਰਦੇਸ਼ ਇੰਚਾਰਜ ਨੇ ਕਿਹਾ, ‘ਕਿਸਾਨਾਂ ’ਤੇ ਲਾਠੀਆਂ ਬਰਸਾਈਆਂ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਹੁਣ ਚੋਣਾਂ ’ਚ ਹਾਰ ਦਿਸਣ ਲੱਗੀ ਤਾਂ ਤੁਹਾਨੂੰ ਅਚਾਨਕ ਇਸ ਦੇਸ਼ ਦੀ ਸੱਚਾਈ ਸਮਝ ਆਉਣ ਲੱਗੀ- ਕਿ ਇਹ ਦੇਸ਼ ਕਿਸਾਨਾਂ ਨੇ ਬਣਾਇਆ ਹੈ, ਇਹ ਦੇਸ਼ ਕਿਸਾਨਾਂ ਦਾ ਹੈ, ਕਿਸਾਨ ਹੀ ਇਸ ਦੇਸ਼ ਦਾ ਸੱਚਾ ਰੱਖਵਾਲਾ ਹੈ ਅਤੇ ਕੋਈ ਸਰਕਾਰ ਕਿਸਾਨਾਂ ਦੇ ਹਿੱਤ ਨੂੰ ਕੁਚਲਕੇ ਇਸ ਦੇਸ਼ ਨੂੰ ਨਹੀਂ ਚਲਾ ਸਕਦੀ।’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ‘ਤੁਹਾਡੀ ਨੀਅਤ ਅਤੇ ਤੁਹਾਡੇ ਬਦਲਦੇ ਹੋਏ ਰਵੱਈਏ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਕਿਸਾਨ ਦੀ ਹਮੇਸ਼ਾ ਜਿੱਤ ਹੋਵੇਗੀ। ਜੈ ਜਵਾਨ, ਜੈ ਕਿਸਾਨ, ਜੈ ਭਾਰਤ।’
ਦੁਸ਼ਯੰਤ ਚੌਟਾਲਾ ਨੇ ਕਿਸਾਨ ਜਥੇਬੰਦੀਆਂ ਨੂੰ ਧਰਨਾ ਖ਼ਤਮ ਕਰਨ ਦੀ ਅਪੀਲ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,‘‘ਗੁਰਪੁਰਬ ਦੇ ਪਵਿੱਤਰ ਮੌਕੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਅਸੀਂ ਸੁਆਗਤ ਕਰਦੇ ਹਾਂ। ਸਮਾਜਿਕ ਸ਼ਾਂਤੀ ਅਤੇ ਭਾਈਚਾਰੇ ਦੀ ਬਹਾਲੀ ਲਈ ਇਹ ਕਦਮ ਸ਼ਲਾਘਾ ਹੈ। ਮੈਂ ਸਾਰੇ ਕਿਸਾਨ ਜਥੇਬੰਦੀਆਂ ਨਾਲ ਧਰਨਾ ਖ਼ਤਮ ਕਰਨ ਦੀ ਅਪੀਲ ਕਰਦਾ ਹਾਂ। ਅਸੀਂ ਕਿਸਾਨ ਹਿੱਤ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ।

Comment here