ਰੋਹਤਕ-ਬੀਤੇ ਦਿਨੀਂ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਕਿਲੋਈ ਪਿੰਡ ਦੇ ਪ੍ਰਾਚੀਨ ਸ਼ਿਵ ਮੰਦਿਰ ’ਚ ਪੁੱਜੇ ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹਨ। ਭਾਜਪਾ ਆਗੂਆਂ ਦੀਆਂ ਗੱਡੀਆਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਹੈ ਤੇ ਮੰਦਰ ਦੇ ਬਾਹਰ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਦਰਅਸਲ ਉੱਤਰਾਖੰਡ ਦੇ ਧਾਰਮਿਕ ਸਥਾਨ ਕੇਦਾਰਨਾਥ ਧਾਮ ’ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਜਾ ਪਾਠ ਸਮੇਤ ਕਰੀਬ 400 ਕਰੋੜ ਰੁਪਏ ਦੇ ਨੀਂਹ ਪੱਥਰ ਤੇ ਉਦਘਾਟਨੀ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕਿਲੋਈ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਕੀਤਾ ਜਾ ਰਿਹਾ ਸੀ। ਇਸ ਮੌਕੇ ਸੂਬੇ ਦੇ ਹਰ ਜ਼ਿਲ੍ਹੇ ਦੇ ਸ਼ਿਵ ਮੰਦਰਾਂ ਵਿੱਚ ਪ੍ਰਧਾਨ ਮੰਤਰੀ ਦਾ ਲਾਈਵ ਪ੍ਰੋਗਰਾਮ ਚਲ ਰਿਹਾ ਸੀ।
ਇਸ ਪ੍ਰੋਗਰਮ ਵਿੱਚ ਸੂਬਾ ਭਾਜਪਾ ਮੀਤ ਪ੍ਰਧਾਨ, ਸਾਬਕਾ ਸਹਿਕਾਰਤਾ ਮੰਤਰੀ ਮਨੀਸ਼ ਕੁਮਾਰ ਗਰੋਵਰ, ਸੰਗਠਨ ਮੰਤਰੀ ਰਵਿੰਦਰ ਰਾਜੂ, ਮੇਅਰ ਮਨਮੋਹਨ ਗੋਇਲ, ਜ਼ਿਲ੍ਹਾ ਪ੍ਰਧਾਨ ਅਜੇ ਬਾਂਸਲ, ਸਤੀਸ਼ ਨੰਦਲ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਰਾਮ ਅਵਤਾਰ ਬਾਲਮੀਕੀ, ਸੀਨੀਅਰ ਡਿਪਟੀ ਮੇਅਰ ਰਾਜਕਮਲ ਸਹਿਗਲ ਸਮੇਤ ਕਈ ਭਾਜਪਾ ਕੌਂਸਲਰ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਊਸ਼ਾ ਸ਼ਰਮਾ, ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਨਵੀਨ ਢੁਲ, ਰੋਹਤਕ ਭਾਜਪਾ ਨੇਤਾ ਤੇ ਕਈ ਅਧਿਕਾਰੀ ਮੰਦਰ ਦੇ ਪ੍ਰੋਗਰਾਮ ’ਚ ਪਹੁੰਚੇ ਸਨ।
ਸੂਚਨਾ ਮਿਲਣ ’ਤੇ ਮੰਦਰ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਮੰਦਰ ਦੇ ਅੰਦਰ ਵੜ ਗਏ ਤੇ ਉੱਥੇ ਜ਼ਬਰਦਸਤ ਹੰਗਾਮਾ ਹੋਇਆ। ਮੌਕੇ ਉਤੇ ਪੁਲਿਸ ਫੋਰਸ ਤਾਇਨਾਤ ਹੈ ਤੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ, ਇਥੇ 6 ਘੰਟੇ ਭਾਜਪਾ ਨੇਤਾ ਮੰਦਰ ਦੇ ਅੰਦਰ ਬੰਦ ਕਰੀ ਰੱਖੇ । ਕਿਸਾਨਾਂ ਨੇ ਮੰਦਰ ਦੇ ਵਿਹੜੇ ’ਚ ਲੱਗੇ ਟੀਵੀ ਸਕਰੀਨ ਦੀਆਂ ਤਾਰਾਂ ਵੀ ਤੋੜ ਦਿੱਤੀਆਂ, ਲੋਕਾਂ ਨੇ ਮੰਦਰ ਦੇ ਮੁੱਖ ਗੇਟਾਂ ਦੇ ਬਾਹਰ ਪੱਥਰ ਤੇ ਝਾੜੀਆਂ ਰੱਖ ਦਿੱਤੀਆਂ।ਤਣਾਅ ਵਾਲਾ ਮਹੌਲ ਰਿਹਾ।
Comment here