ਨਵੀਂ ਦਿੱਲੀ- ਸ਼ਿਕਾਗੋ ਯੂਨੀਵਰਸਿਟੀ ਦੀ ਏਅਰ ਕੁਆਲਿਟੀ ਲਾਈਫ ਇੰਡੈਕਸ (ਏ ਕਿਊ ਐੱਲ ਆਈ) ਦੀ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੇ ਹਵਾ ਪ੍ਰਦੂਸ਼ਣ ਦੇ ਪੱਧਰ ਵਿਚ ਸਮੇਂ ਦੇ ਨਾਲ ਭੂਗੋਲਿਕ ਰੂਪ ਵਿਚ ਵਿਸਥਾਰ ਹੋਇਆ ਹੈ । ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਇਹ ਐਨਾ ਵਧ ਗਿਆ ਹੈ ਕਿ ਇੱਕ ਵਿਅਕਤੀ ਦੀ ਉਮਰ 2.5 ਤੋਂ 2.9 ਸਾਲ ਤੱਕ ਘਟ ਰਹੀ ਹੈ । ਭਾਰਤ ਦੁਨੀਆ ਵਿਚ ਸਭ ਤੋਂ ਵੱਧ ਪ੍ਰਦੂਸ਼ਤ ਮੁਲਕਾਂ ਵਿੱਚੋਂ ਇੱਕ ਹੈ , ਇਥੇ 40 ਪ੍ਰਤੀਸ਼ਤ ਆਬਾਦੀ ਪ੍ਰਦੂਸ਼ਣ ਦੀ ਮਾਰ ਹੇਠ ਹੈ । ਭਾਰਤ ਦੁਨੀਆ ਵਿਚ ਸਭ ਤੋਂ ਵੱਧ ਪ੍ਰਦੂਸ਼ਤ ਮੁਲਕਾਂ ਵਿੱਚੋਂ ਇਕ ਹੈ, ਜਿੱਥੇ 48 ਕਰੋੜ ਲੋਕ (ਲੱਗਭੱਗ 40 ਪ੍ਰਤੀਸ਼ਤ ਆਬਾਦੀ) ਉੱਤਰ ਵਿਚ ਗੰਗਾ ਦੇ ਮੈਦਾਨੀ ਇਲਾਕਿਆਂ ‘ਚ ਰਹਿੰਦੀ ਹੈ ਜਿੱਥੇ ਪ੍ਰਦੂਸ਼ਣ ਦਾ ਪੱਧਰ ਦੁਨੀਆ ਵਿਚ ਕਿਤੇ ਹੋਰ ਪਾਏ ਜਾਣ ਵਾਲੇ ਪੱਧਰ ਤੋਂ ਵੱਧ ਹੈ।
ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਜੇ ਕੋਈ ਵਿਅਕਤੀ ਸਵੱਛ ਹਵਾ ਵਿਚ ਸਾਹ ਲੈਂਦਾ ਹੈ ਤਾਂ ਉਹ ਕਿੰਨੇ ਸਮੇਂ ਤੱਕ ਜਿਊਂਦਾ ਰਹਿ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇ 2019 ਦਾ ਪੱਧਰ ਬਣਿਆ ਰਹਿੰਦਾ ਹੈ ਤਾਂ ਉੱਤਰ ਭਾਰਤ ਦੇ ਲੋਕ ਜ਼ਿੰਦਗੀ ਦੇ 9 ਸਾਲ ਤੋਂ ਵੱਧ ਗੁਆਉਣ ਦੀ ਰਾਹ ‘ਤੇ ਹਨ, ਕਿਉਂਕਿ ਇਸ ਖੇਤਰ ਨੂੰ ਦੁਨੀਆ ‘ਚ ਹਵਾ ਪ੍ਰਦੂਸ਼ਣ ਦੇ ਸਭ ਤੋਂ ਉਤਲੇ ਪੱਧਰ ਦਾ ਸਾਹਮਣਾ ਹੈ। ਰਿਪੋਰਟ ਮੁਤਾਬਕ 2019 ਵਿਚ ਭਾਰਤ ਦਾ ਔਸਤ ਪਾਰਟੀਕੁਲੇਟ ਮੈਟਰ ਕੰਸਨਟ੍ਰੇਸ਼ਨ (ਹਵਾ ਵਿਚ ਪ੍ਰਦੂਸ਼ਣਕਾਰੀ ਸੂਖਮ ਕਣ ਦੀ ਮੌਜੂਦਗੀ) 70.3 ਮਾਈਕਰੋਗਰਾਮ ਪ੍ਰਤੀ ਕਿਊਬਿਕ ਮੀਟਰ ਸੀ, ਜੋ ਦੁਨੀਆ ਵਿਚ ਸਭ ਤੋਂ ਵੱਧ ਅਤੇ ਵਿਸ਼ਵ ਸਿਹਤ ਜਥੇਬੰਦੀ ਦੇ 10 ਮਾਈਕਰੋਗਰਾਮ ਪ੍ਰਤੀ ਕਿਊਬਿਕ ਮੀਟਰ ਦੇ ਦਿਸ਼ਾ-ਨਿਰਦੇਸ਼ ਨਾਲੋਂ ਸੱਤ ਗੁਣਾ ਵੱਧ ਹੈ। ਰਿਪੋਰਟ ਮੁਤਾਬਕ ਭਾਰਤ ਦੇ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਦਾ ਸਮੇਂ ਦੇ ਨਾਲ ਖਤਰਨਾਕ ਰੂਪ ਵਿਚ ਭੂਗੋਲਿਕ ਤੌਰ ‘ਤੇ ਵਿਸਤਾਰ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਸਲੀ ਰਹਿੰਦ-ਖੂੰਹਦ, ਭੱਠੇ ਤੇ ਹੋਰ ਸਨਅਤੀ ਸਰਗਰਮੀਆਂ ਨੇ ਵੀ ਇਸ ਖੇਤਰ ਵਿਚ ਪ੍ਰਦੂਸ਼ਣਕਾਰੀ ਸੂਖਮ ਕਣਾਂ ਨੂੰ ਵਧਾਉਣ ਵਿਚ ਯੋਗਦਾਨ ਪਾਇਆ ਹੈ। ਅਜਿਹੇ ਸੂਖਮ ਕਣਾਂ ਨਾਲ ਹੋਣ ਵਾਲਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਦੁਨੀਆ ਦਾ ਸਭ ਤੋਂ ਵੱਡਾ ਖਤਰਾ ਹੈ।
ਰਿਪੋਰਟ ਦੱਸਦੀ ਹੈ ਕਿ ਕੁਝ ਦਹਾਕੇ ਪਹਿਲਾਂ ਦੀ ਤੁਲਨਾ ਵਿਚ ਸੂਖਮ ਕਣਾਂ ਦਾ ਪ੍ਰਦੂਸ਼ਣ ਹੁਣ ਸਿਰਫ ਗੰਗਾ ਦੇ ਮੈਦਾਨੀ ਇਲਾਕਿਆਂ ਦੀ ਵਿਸ਼ੇਸ਼ਤਾ ਨਹੀਂ ਹੈ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿਚ ਵੀ ਪ੍ਰਦੂਸ਼ਣ ਕਾਫੀ ਵਧ ਗਿਆ ਹੈ। ਮਿਸਾਲ ਦੇ ਤੌਰ ‘ਤੇ ਇਨ੍ਹਾਂ ਰਾਜਾਂ ਵਿਚ ਔਸਤ ਵਿਅਕਤੀ ਦੀ ਉਮਰ ਵਿਚ ਹੁਣ 2000 ਦੀ ਸ਼ੁਰੂਆਤ ਦੇ ਮੁਕਾਬਲੇ 2.5 ਤੋਂ 2.9 ਸਾਲ ਦੀ ਗਿਰਾਵਟ ਆਈ ਹੈ । ਬੰਗਲਾਦੇਸ਼, ਭਾਰਤ, ਨੇਪਾਲ ਤੇ ਪਾਕਿਸਤਾਨ ਲਈ ਏ ਕਿਊ ਐੱਲ ਆਈ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੇ ਵਿਸ਼ਵ ਸਿਹਤ ਜਥੇਬੰਦੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪ੍ਰਦੂਸ਼ਣ ਘੱਟ ਕੀਤਾ ਜਾਂਦਾ ਹੈ ਤਾਂ ਔਸਤਨ ਵਿਅਕਤੀ 5.6 ਸਾਲ ਵੱਧ ਜਿਊਂਦਾ ਰਹੇਗਾ। ਬੰਗਲਾਦੇਸ਼, ਭਾਰਤ, ਨੇਪਾਲ ਤੇ ਪਾਕਿਸਤਾਨ ਦੀ ਆਬਾਦੀ ਦੁਨੀਆ ਦੀ ਆਬਾਦੀ ਦਾ ਲੱਗਭਗ ਚੌਥਾ ਹਿੱਸਾ ਹੈ ਅਤੇ ਇਹ ਲਗਾਤਾਰ ਦੁਨੀਆ ਦੇ ਪੰਜ ਸਭ ਤੋਂ ਵੱਧ ਪ੍ਰਦੂਸ਼ਤ ਦੇਸ਼ਾਂ ਵਿਚ ਸ਼ੁਮਾਰ ਹਨ।
Comment here