ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਪ੍ਰਦੂਸ਼ਣ ਗੰਭੀਰ ਮਸਲਾ, ਪਰ ਅਵਾਮ ਲਈ ਕਿਉਂ ਨਹੀਂ?

ਵਿਸ਼ੇਸ਼ ਰਿਪੋਰਟ-ਅਮਨ

ਪੂਰੇ ਦੇਸ਼ ਚ ਪਰਦੂਸ਼ਣ ਦੇ ਮਾਮਲੇ ਤੇ ਸਿਰ ਜੋੜ ਕੇ ਚਰਚਾ ਹੁੰਦੀ ਰਹਿੰਦੀ ਹੈ, ਪਰ ਸਿਰ ਵਰਤ ਕੇ ਕੋਈ ਠੋਸ ਹੱਲ ਹਾਲੇ ਤੱਕ ਨਹੀਂ ਹੋਇਆ। ਬਿਹਾਰ ਤੋਂ ਖਬਰ ਹੈ ਜਿਥੇ ਵੱਡੇ ਹਿੱਸੇ ਵਿਚ ਜ਼ਮੀਨ ਹੇਠਲੇ ਪਾਣੀ ‘ਚ ਭਾਰੀ ਮਾਤਰਾ ’ਚ ਰਸਾਇਣਿਕ ਪ੍ਰਦੂਸ਼ਣ ਫੈਲ ਚੁੱਕਿਆ ਹੈ। ਹਾਲ ਹੀ ਵਿਚ ਉਪ ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਵੱਲੋਂ ਵਿਧਾਨ ਸਭਾ ਵਿਚ ਪੇਸ਼ ਬਿਹਾਰ ਆਰਥਿਕ ਸਰਵੇਖਣ ਰਿਪੋਰਟ 2021-22 ਵਿਚ ਕਿਹਾ ਗਿਆ ਹੈ ਕਿ ਸੂਬੇ ਦੇ 38 ਵਿਚੋਂ 31 ਜ਼ਿਲਿਆਂ ਦੇ ਪੇਂਡੂ ਇਲਾਕਿਆਂ ‘ਚ ਜ਼ਮੀਨ ਹੇਠਲਾ ਪਾਣੀ ਆਰਸੈਨਿਕ, ਫਲੋਰਾਈਡ ਅਤੇ ਲੋਹੇ ਦੇ ਪ੍ਰਦੂਸ਼ਣ ਨਾਲ ਪ੍ਰਭਾਵਿਤ ਹੈ।  ਇਹ ਸਿਹਤ ਸਬੰਧੀ ਕਈ ਖਤਰੇ ਪੈਦਾ ਕਰ ਰਿਹਾ ਹੈ। ਕਸ਼ਟ ਹਰਨ ਵਾਲੀ ਗੰਗਾ ਨਦੀ ਦੇ ਕੰਢੇ ’ਤੇ ਸਥਿਤ 14 ਜ਼ਿਲਿਆਂ ਵਿਚੋਂ 4742 ਪੇਂਡੂ ਖੇਤਰ ਖਾਸ ਤੌਰ ’ਤੇ ਆਰਸੈਨਿਕ ਪ੍ਰਦੂਸ਼ਣ ਤੋਂ ਪ੍ਰਭਾਵਿਤ ਹਨ। 11 ਜ਼ਿਲਿਆਂ ਦੇ 3791 ਪੇਂਡੂ ਵਾਰਡਾਂ ਵਿਚ ਪੀਣ ਵਾਲੇ ਪਾਣੀ ਦੇ ਸੋਮੇ ਫਲੋਰਾਈਡ ਤੋਂ ਪੀੜਤ ਹਨ। ਦੂਸ਼ਿਤ ਪਾਣੀ ਦੀ ਵਰਤੋਂ ਕਰਨ ਨਾਲ ਬਿਹਾਰ ਦੇ ਲੋਕਾਂ ਵਿੱਚ ਚਮੜੀ, ਗੁਰਦੇ ਅਤੇ ਕਈ ਹੋਰ ਭਿਆਨਕ ਰੋਗ ਫੈਲਣ ਦਾ ਡਰ ਹੈ।

ਬੁੱਢਾ ਨਾਲਾ

ਪੰਜਾਬ ਦੇ ਲੁਧਿਆਣਾ ਦਾ ਬੁੱਢਾ ਨਾਲਾ ਵੀ ਕਦੇ ਕਦਾਈਂ ਚਰਚਾ ਚ ਆਉਂਦਾ ਹੈ। ਇਹ ਨਾਲਾ ਕੂਮ ਕਲਾਂ ਪਿੰਡ ’ਚੋਂ ਨਿਕਲਦਾ ਹੈ ਅਤੇ ਧਨਾਨਸੂ ਪਿੰਡ ਵਿਚ ਇਕ ਹੋਰ ਜਲਧਾਰਾ ਨੂੰ ਆਪਣੇ ਆਪ ਵਿਚ ਸਮਾਉਣ ਤੋ ਬਾਅਦ ਇਸ ਦਾ ਸਫਰ ਸਨਅਤੀ ਸ਼ਹਿਰ ਲੁਧਿਆਣਾ ਵੱਲ ਨੂੰ ਹੋਣਾ ਸ਼ੁਰੂ ਹੁੰਦਾ ਹੈ। ਇਸ ਦੇ ਨਾਲ ਹੀ ਇਸ ਦੇ ਪ੍ਰਦੂਸ਼ਨ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ। 1964 ਤੋਂ ਪਹਿਲਾਂ ਇਹ ਦਰਜਨਾਂ ਕਿਸਮਾਂ ਦੀਆਂ ਮੱਛੀਆਂ ਵਾਲਾ ਇੱਕ ਤਾਜ਼ੇ ਪਾਣੀ ਦਾ ਸਰੋਤ ਸੀ ਪਰ ਬਦਕਿਸਮਤੀ ਨਾਲ ਹੁਣ ਇਸ ਦੀ ਜਲਧਾਰਾ ਜ਼ਹਿਰੀਲੇ ਕੈਮੀਕਲ ਕਾਰਨ ਮੱਛੀ ਤਾਂ ਕਿ ਮਨੁੱਖੀ ਜਿੰਦੜੀਆ ਲਈ ਵੀ ਘਾਤਕ ਬਣ ਗਈ ਹੈ। ਇਸ ਦਾ ਜ਼ਹਿਰੀਲਾ ਪਾਣੀ ਹੁਣ ਸਨਅਤੀ ਸ਼ਹਿਰ ਦੇ ਵਸਨੀਕਾਂ ਨੂੰ ਹੀ ਨਹੀ ਦੱਖਣੀ ਪੰਜਾਬ ਦੇ ਨਾਲ-ਨਾਲ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਨੂੰ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ। ਸਾਰੇ ਸ਼ਹਿਰ ਦੀ ਗੰਦਗੀ ਨੂੰ ਆਪਣੇ ਆਪ ਵਿਚ ਸਮੇਟ ਕੇ ਅਤੇ ਅਣਗਿਣਤ ਬਿਮਾਰੀਆਂ ਦਾ ਸਰੋਤ ਬਣ ਕੇ ਇਹ ਮੁੱੜ ਪਿੰਡ ਵਲੀਪੁਰ ਕਲਾਂ ਵਿਖੇ ਜਾ ਕੇ ਸਤਲੁਜ ਵਿਚ ਮਿਲ ਜਾਂਦਾ ਹੈ। ਦੱਖਣੀ-ਪੱਛਮੀ ਪੰਜਾਬ ਦਾ ਜ਼ਿਆਦਾਤਰ ਹਿੱਸਾ ਸਿੰਚਾਈ ਲਈ ਸਤਲੁਜ ਦਰਿਆ ਅਤੇ ਇਸ ਦੀਆਂ ਸਹਾਇਕ ਨਹਿਰਾਂ ’ਤੇ ਨਿਰਭਰ ਕਰਦਾ ਹੈ ਅਤੇ ਇਹ ਬੁੱਢਾ ਦਰਿਆ ਬਹੁਤ ਹੀ ਪ੍ਰਦੁਸ਼ਨ ਯੁਕਤ ਪਾਣੀ ਜੋ ਆਪਣੇ ਆਪ ਵਿਚ ਕਈ ਜ਼ਹਿਰੀਲੇ ਕੈਮੀਕਲ, ਸਨਅਤੀ ਰਹਿੰਦ-ਖੂੰਦ ਤੇ ਜੈਵਿਕ ਕੂੜਾ ਸਮੋਈ ਬੈਠਾ ਹੁੰਦਾ ਹੈ, ਸਤਲੁਜ ਦੀ ਗੋਦ ਵਿਚ ਜਾ ਸਮਾਉਂਦਾ ਹੈ। ਬੁੱਢੇ ਨਾਲੇ ਦਾ ਪ੍ਰਦੂਸ਼ਿਤ ਪਾਣੀ ਫ਼ਿਰੋਜ਼ਪੁਰ ਨੇੜੇ ਹਰੀਕੇ ਵਾਟਰ ਵਰਕਸ ਤੋਂ ਬਾਅਦ ਵੱਖ-ਵੱਖ ਨਹਿਰਾਂ ਵਿਚ ਦਾਖਲ ਹੁੰਦਾ ਹੈ, ਇਸ ਤਰ੍ਹਾਂ ਦੂਰ-ਦੁਰਾਡੇ ਦੇ ਖੇਤਰਾਂ ਜਿਵੇਂ ਕਿ ਮਲੋਟ, ਜ਼ੀਰਾ, ਅੱਪਰ ਲੰਬੀ, ਨੂੰ ਪ੍ਰਭਾਵਿਤ ਕਰਦਾ ਹੈ। ਸਰਹਿੰਦ ਫੀਡਰ ਵਾਲੇ ਖੇਤਰ, ਇਸ ਦੇ ਪ੍ਰਦੂਸ਼ਣ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਕਈ ਸਾਲ ਪਹਿਲਾ ਪੰਜਾਬ ਖੇਤੀਬਾੜੀ ਯੂਨੀਵਰਸਟੀ ਵੱਲੋ ਕੀਤੇ ਗਏ ਇਕ ਅਧਿਐਨ ਮੁਤਾਬਕ ਬੁੱਢੇ ਨਾਲੇ ਨਾਲ ਪ੍ਰਭਾਵਿਤ ਹੋਏ ਪਾਣੀ ਰਾਹੀ ਕੀਤੀ ਗਈ ਸਿੰਚਾਈ ਨਾਲ ਕਾਸ਼ਤ ਕੀਤੀਆਂ ਗਈਆਂ ਸਬਜ਼ੀਆਂ ਅਤੇ ਹੋਰ ਫ਼ਸਲਾਂ ਜ਼ਹਿਰੀਲੇ ਅਤੇ ਭਾਰੀ ਧਾਤਾਂ ਦੀ ਮੌਜੂਦਗੀ ਦਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਸੀ। ਇਸ ਤੋਂ ਬਾਅਦ ਪੀਜੀਆਈਐਮਈਆਰ, ਚੰਡੀਗੜ੍ਹ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਕੀਤੇ ਗਏ ਇੱਕ ਹੋਰ ਅਧਿਐਨ ਵਿੱਚ ਨਾਲ ਲੱਗਦੇ ਪਿੰਡਾਂ ਵਿੱਚ, ਜ਼ਮੀਨੀ ਅਤੇ ਨਲਕੇ ਦੇ ਪਾਣੀ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਫਲੋਰਾਈਡ, ਪਾਰਾ, ਬੀਟਾ-ਐਂਡੋਸਲਫਾਨ ਆਦਿ ਤੈਅ ਹੱਦ  ਤੋਂ ਵੱਧ ਸਨ। ਪਾਣੀ ਵਿੱਚ ਰਸਾਇਣਕ ਅਤੇ ਬਾਇਓਕੈਮੀਕਲ ਆਕਸੀਜਨ ,ਅਮੋਨੀਆ, ਫਾਸਫੇਟ, ਕਲੋਰਾਈਡ, ਕ੍ਰੋਮੀਅਮ, ਆਰਸੈਨਿਕ ਅਤੇ ਕਲੋਰੋ-ਪਾਈਰੀਫੋਸ ਦੀ ਮਾਤਰਾ ਵੀ ਵਧੇਰੇ ਪਾਈ ਗਈ ਸੀ। ਜਿਥੇ ਜਿਥੇ ਇਹ ਪਾਣੀ ਸਿੰਚਾਈ ਲਈ ਵਰਤਿਆ ਗਿਆ, ਓਥੇ  ਚਾਰਾ, ਸਬਜ਼ੀਆਂ, ਗਊਆਂ ਅਤੇ ਮਨੁੱਖੀ ਖੂਨ ਦੇ ਨਮੂਨਿਆਂ ਵਿੱਚ ਵੀ ਕੀਟਨਾਸ਼ਕ ਦਾ ਜਰੂਰਤ ਤੋ ਕਿਤੇ ਵੱਧ ਮਾਤਰਾ ਵਿਚ ਪਾਇਆ ਜਾਣਾ ਖਤਰੇ ਵੱਲ ਸੰਕੇਤ ਦਿੰਦਾ ਹੈ। ਸਰਕਾਰਾਂ ਵੱਲੋ ਕਈ ਪ੍ਰਾਜੈਕਟ ਵੀ ਬਣਾਏ ਗਏ , ਦਾਅਵਾ ਕੀਤਾ ਜਾਂਦਾ ਹੈ ਕਿ ਇਸ ਦੇ ਪਾਣੀ ਨੂੰ ਸਾਫ ਕੀਤਾ ਜਾਵੇਗਾ ਪਰ ਬੁੱਢੇ ਦਰਿਆ ਵਿਚ ਡਿੱਗ ਰਹੇ ਕੈਮੀਕਲ ਯੁਕਤ ਪਾਣੀ ਤੇ ਹੋਰ ਸਨਅਤੀ ਰਹਿੰਦ-ਖੂੰਦ ਦੀ ਮਾਤਰਾ ਮੁਤਾਬਿਕ ਸਰਕਾਰੀ ਚਾਰਾਜੋਈ ਊਠ ਦੇ ਮੂੰਹ ਵਿਚ ਜ਼ੀਰੇ ਦੇ ਸਮਾਨ ਹਨ।

ਦੁਨੀਆ ਚ ਪ੍ਰਦੂਸ਼ਣ ਨਾਲ ਮਰਨ ਵਾਲਾ ਚੌਥਾ ਬੰਦਾ ਭਾਰਤੀ

ਪਿਛਲੇ 2 ਦਹਾਕਿਆਂ ‘ਚ ਭਾਰਤ ਵਿਚ ਪ੍ਰਦੂਸ਼ਣ ਦੇ ਕਾਰਨ ਹੋਣ ਵਾਲੀਆਂ ਮੌਤਾਂ ਵਿਚ 2.5 ਗੁਣਾ ਵਾਧਾ ਹੋਇਆ ਹੈ। ਸੈਂਟਰ ਫਾਰ ਸਾਈਂਸ ਐਂਡ ਐਨਵਾਇਰਨਮੈਂਟ ਦੀ ਇਕ ਨਵੀਂ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਕੇਂਦਰੀ ਵਾਤਾਵਰਣ ਮੰਤਰੀ ਭੂਪਿੰਦਰ ਯਾਦਵ ਵਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਵਿਚ ਹਵਾ ਪ੍ਰਦੂਸ਼ਣ ਕਾਰਨ ਹਰ 4 ਵਿਚੋਂ ਇਕ ਮੌਤ ਭਾਰਤ ਵਿਚ ਹੋਈ। ਦੁਨੀਆ ਵਿਚ ਹਵਾ ਪ੍ਰਦੂਸ਼ਣ ਕਾਰਨ 66.7 ਲੱਖ ਲੋਕ ਮਾਰੇ ਗਏ। ਇਨ੍ਹਾਂ ਵਿਚੋਂ 16.7 ਲੱਖ ਮੌਤਾਂ ਭਾਰਤ ਵਿਚ ਹੋਈਆਂ। ਚੀਨ ਵਿਚ ਹਵਾ ਪ੍ਰਦੂਸ਼ਣ ਕਾਰਨ 18.5 ਲੱਖ ਲੋਕਾਂ ਦੀ ਮੌਤ ਹੋਈ। 2019 ਵਿਚ ਹਵਾ ਪ੍ਰਦੂਸ਼ਣ ਦੇ ਜੋਖਮ ਨਾਲ ਜੁੜੇ ਸਿਹਤ ਪ੍ਰਭਾਵਾਂ ਕਾਰਨ ਗਲੋਬਲ ਪੱਧਰ ਤੇ 4,76,000 ਬੱਚਿਆਂ ਦੀ ਮੌਤ ਹੋਈ। ਇਨ੍ਹਾਂ ਬੱਚਿਆਂ ਦੀ ਉਮਰ ਇਕ ਮਹੀਨੇ ਤੱਕ ਸੀ। ਇਨ੍ਹਾਂ ਵਿਚੋਂ 1,16,000 ਬੱਚਿਆਂ ਦੀ ਮੌਤ ਭਾਰਤ ਵਿਚ ਹੋਈ।

ਪਰ ਸਾਡੇ ਮੁਲਕ ਵਾਸੀਆਂ ਲਈ ਇਹ ਕੋਈ ਮਸਲਾ ਨਹੀਂ, ਇਹੋ ਜਿਹੇ ਮਸਲੇ ਤਾਂ ਚੰਦ ਕੁ ਲੋਕਾਂ ਦੀ ਬੇਚੈਨੀ ਲਈ ਹੁੰਦੇ ਨੇ।

ਵੈਸੇ ਵੀ ਅਸੀਂ ਧਰਮੀ ਕਰਮੀਂ ਲੋਕ ਹਾਂ ਡੱਡੀਆਂ ਮੱਛੀਆਂ ਵਾਂਗ ਪਾਪ ਧੋ ਕੇ ਸ਼ੁੱਧ ਹੋ ਜਾਂਦੇ ਹਾਂ, ਇਹ ਪ੍ਰਦੂਸ਼ਣ ਪ੍ਰਦਾਸ਼ਣ ਸਾਡਾ ਕੁਝ ਨਹੀਂ ਵਿਗਾੜਦੇ..

ਵਾਤਾਵਰਨ ਪ੍ਰਤੀ ਭਾਰਤੀ ਨਹੀਂ ਗੰਭੀਰ

ਯੂ ਪੀ ਦੇ ਵਾਰਾਣਸੀ ’ਚ ਕਾਸ਼ੀ ਵਿਸ਼ਵਨਾਥ ਮੰਦਰ ਦੇ ਗਰਭ ਗ੍ਰਹਿ ਦੀਆਂ ਕੰਧਾਂ ’ਤੇ 37 ਕਿਲੋ ਸੋਨੇ ਦੇ ਪੱਤਰੇ ਚੜ੍ਹਾਉਣ ਦਾ ਕੰਮ ਹੋ ਗਿਆ ਹੈ। ਮੰਦਰ ਪ੍ਰਸ਼ਾਸਨ ਮੁਤਾਬਕ ਇਸ ਸੋਨੇ ਦਾ ਵਜ਼ਨ ਪੀ. ਐੱਮ. ਮੋਦੀ ਜੀ ਦੀ ਮਾਂ ਦੇ ਭਾਰ ਦੇ ਬਰਾਬਰ ਹੈ ਅਤੇ ਹੁਣ ਗਰਭ ਗ੍ਰਹਿ ਦੇ ਚਾਰ ਦਰਵਾਜ਼ਿਆਂ ਤੋਂ ਚਾਂਦੀ ਦੇ ਪੱਤਰੇ ਹਟਾ ਕੇ ਉਨ੍ਹਾਂ ’ਤੇ ਸੋਨੇ ਦੇ ਪੱਤਰੇ ਚੜ੍ਹਾ ਦਿੱਤੇ ਜਾਣਗੇ। ਇੱਥੇ ਬਾਬਾ ਵਿਸ਼ਵਨਾਥ ਦੇ ਦੱਖਣ ਭਾਰਤ ਦੇ ਇਕ ਸ਼ਰਧਾਲੂ ਨੇ ਗੁਪਤ ਦਾਨ ਵਜੋਂ ਸੋਨਾ ਦੇਣ ਦੀ ਇੱਛਾ ਪ੍ਰਗਟਾਈ ਸੀ। ਤੇ 187 ਸਾਲ ਪਹਿਲਾਂ ਪੰਜਾਬ ਦੇ ਤਤਕਾਲੀ ਮਹਾਰਾਜਾ ਰਣਜੀਤ ਸਿੰਘ ਨੇ 22 ਮਣ ਸੋਨੇ ਨਾਲ ਮੰਦਰ ਦੇ ਦੋਵੇਂ ਗੁਬੰਦਾਂ ਨੂੰ ਮੜ੍ਹਾਇਆ ਸੀ।

… ਇਕ ਪਾਸੇ ਸੁਨਹਿਰੇ ਲਿਸ਼ਕਦੇ ਅਸਥਾਨਾਂ ਚ ਨਤਮਸਤਕੀ ਤੇ ਦੂਜੇ ਪਾਸੇ ਹਵਾ, ਪਾਣੀ, ਮਿੱਟੀ ਚ ਪੱਸਰਦੀ ਜਾ ਰਹੀ ਜ਼ਹਿਰ ਦਾ ਭਾਰਤੀ ਲੋਕਾਂ ਦੇ ਜੀਵਨ ਬਿਮਾਰੀਆਂ ਦੀ ਕਾਲਖ ਭਰਦੇ ਜਾਣਾ.. ਕੈਸਾ ਸੁਮੇਲ ਹੈ… ਹਮ ਬੋਲੇਂਗੇ ਤੋ ਬੋਲੋਗੇ ਕਿ ਬੋਲਤਾ ਕਿਉਂ ਹੈ..??

 

 

Comment here