ਕਰਤਾਰਪੁਰ ਸਾਹਿਬ-1947 ਦੀ ਭਾਰਤ ਵੰਡ ਦੌਰਾਨ ਉਥਲ-ਪੁਥਲ ਭਰੇ ਦਿਨਾਂ ਦੌਰਾਨ ਲੱਖਾਂ ਲੋਕ ਵਿਛੜ ਗਏ। ਹਾਲੇ ਵੀ ਜਿਉੰਦੇ ਜੀਅ ਆਪਣੀ ਜੰਮਣ ਭੋਇੰ ਨੂੰ, ਆਪਣੇ ਪਿਆਰਿਆਂ ਨੂੰ ਮਿਲਣ ਨੂੰ ਤਰਸਦੇ ਹਨ। ਬੀਤੇ ਦਿਨ ਕਰਤਾਰਪੁਰ ਸਾਹਿਬ ਵਿਖੇ 1947 ਦੀ ਵੰਡ ਦੌਰਾਨ ਵਿਛੜੇ ਦੋ ਪਰਿਵਾਰ 74 ਸਾਲ ਬਾਅਦ ਇਕ-ਦੂਜੇ ਨੂੰ ਮਿਲੇ, ਜੋ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਵੱਖ ਹੋ ਗਏ ਮਸੀਹੀ ਮਿੱਠੂ ਪਰਿਵਾਰ ਦੀ ਦੂਜੀ ਪੀੜ੍ਹੀ ਦੇ ਮੈਂਬਰਾਂ ਲਈ ਇਹ ਬਹੁਤ ਹੀ ਭਾਵੁਕ ਪਲ ਸੀ ਜਦੋਂ ਉਹ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਡਾਨ ਨੇ ਇਹ ਰਿਪੋਰਟ ਦਿੱਤੀ। ਕਰਤਾਰਪੁਰ ਕੋਰੀਡੋਰ ਨੇ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੂੰ 74 ਸਾਲ ਬਾਅਦ ਮੁੜ ਇਕੱਠੇ ਹੋਣ ਦਾ ਮੌਕਾ ਪ੍ਰਦਾਨ ਕੀਤਾ ਕਿਉਂਕਿ ਉਹਨਾਂ ਨੂੰ ਇੱਕ ਪੰਜਾਬੀ ਨਿਊਜ਼ ਚੈਨਲ ਰਾਹੀਂ ਇੱਕ ਦੂਜੇ ਬਾਰੇ ਜਾਣਕਾਰੀ ਮਿਲੀ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਨਕਾਣਾ ਜ਼ਿਲ੍ਹੇ ਦੇ ਮਾਨਾਂਵਾਲਾ ਦਾ ਰਹਿਣ ਵਾਲਾ ਸ਼ਾਹਿਦ ਰਫੀਕ ਮਿੱਠੂ ਆਪਣੇ ਪਰਿਵਾਰ ਦੇ 40 ਮੈਂਬਰਾਂ ਨਾਲ ਕਰਤਾਰਪੁਰ ਪਹੁੰਚਿਆ, ਜਦਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਸ਼ਾਹਪੁਰ ਡੋਗਰਾਂ ਦਾ ਰਹਿਣ ਵਾਲਾ ਸੋਨੂੰ ਮਿੱਠੂ ਕਰਤਾਰਪੁਰ ਦੇ ਰਸਤੇ ਸ਼ੁੱਕਰਵਾਰ ਨੂੰ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਪਰਿਵਾਰ ਦੇ ਅੱਠ ਮੈਂਬਰਾਂ ਨਾਲ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਦੌਰਾਨ ਪਰਿਵਾਰ ਦੇ ਮੈਂਬਰ ਇੰਨੇ ਭਾਵੁਕ ਹੋਏ ਕਿ ਉਹ ਇੱਕ ਦੂਜੇ ਨੂੰ ਗਲੇ ਲਗਾ ਕੇ ਰੋਣ ਲੱਗ ਪਏ। ਸ਼ਾਹਿਦ ਰਫੀਕ ਮਿੱਠੂ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇਰਿਆਂ ਵਿਚੋਂ ਇਕਬਾਲ ਮਸੀਹ 1947 ਦੀ ਵੰਡ ਵੇਲੇ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਚਲਾ ਗਿਆ ਸੀ, ਜਦੋਂ ਕਿ ਉਸ ਦਾ (ਇਕਬਾਲ ਦਾ) ਭਰਾ ਇਨਾਇਤ ਹੰਗਾਮੇ ਦੌਰਾਨ ਗੁਆਚ ਗਿਆ ਸੀ ਅਤੇ ਪੰਜਾਬ ਵਿਚ ਹੀ ਪਿੱਛੇ ਰਹਿ ਗਿਆ ਸੀ। ਸ਼ਾਹਿਦ ਮਿੱਠੂ ਨੇ ਅਫਸੋਸ ਜਤਾਉਂਦੇ ਹੋਏ ਦੱਸਿਆ ਕਿ ਦੋਹਾਂ ਬਜ਼ੁਰਗਾਂ ਇਕਬਾਲ ਅਤੇ ਇਨਾਇਤ ਦੀ ਮੌਤ ਹੋ ਚੁੱਕੀ ਹੈ। ਸ਼ਾਹਿਦ ਨੇ ਦੱਸਿਆ ਕਿ ਲਗਭਗ ਇੱਕ ਸਾਲ ਪਹਿਲਾਂ ਮੇਰੀ ਇੰਟਰਵਿਊ ਇੱਕ ਪੰਜਾਬੀ ਨਿਊਜ਼ ਚੈਨਲ ਦੁਆਰਾ ਪ੍ਰਸਾਰਿਤ ਕੀਤੀ ਗਈ ਸੀ, ਜਿਸ ਵਿੱਚ ਮੈਂ ਵੰਡ ਦੌਰਾਨ ਸਾਡੇ ਬਜ਼ੁਰਗਾਂ ਦੇ ਵਿਛੋੜੇ ਬਾਰੇ ਗੱਲ ਕੀਤੀ ਸੀ, ਜਿਸ ਨੂੰ ਪੰਜਾਬ ਵਿੱਚ ਸਾਡੇ ਰਿਸ਼ਤੇਦਾਰਾਂ ਨੇ ਦੇਖਿਆ ਸੀ। ਇਸ ਮਗਰੋਂ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਅਸੀਂ ਕਰਤਾਰਪੁਰ ਵਿਖੇ ਮੁੜ ਮਿਲਣ ਦੀ ਯੋਜਨਾ ਬਣਾਈ। ਸੋਨੋ ਮਿੱਠੂ ਨੇ ਕਿਹਾ ਕਿ ਮੈਂ ਕਰਤਾਰਪੁਰ ਵਿਖੇ ਸ਼ਾਹਿਦ ਰਫੀਕ ਮਿੱਠੂ ਅਤੇ 35 ਹੋਰ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬਹੁਤ ਖੁਸ਼ ਹਾਂ।ਮੁੜ ਇਕੱਠੇ ਹੋਏ ਰਿਸ਼ਤੇਦਾਰਾਂ ਨੇ ਆਪਣੇ ਦਿਲ ਦੀ ਗੱਲਬਾਤ ਕੀਤੀ ਅਤੇ ਇੱਕ ਦੂਜੇ ਨਾਲ ਆਪਣੀਆਂ ਕਹਾਣੀਆਂ ਅਤੇ ਆਪਣੇ ਮਰਹੂਮ ਬਜ਼ੁਰਗਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।ਇਸ ਮੌਕੇ ਕਰਤਾਰਪੁਰ ਪ੍ਰਸ਼ਾਸਨ ਵੱਲੋਂ ਦੋਵਾਂ ਪਰਿਵਾਰਾਂ ਨੂੰ ਮਠਿਆਈਆਂ ਵਰਤਾਈਆਂ ਗਈਆਂ।ਉਪਰੰਤ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਦਰਬਾਰ ਸਾਹਿਬ ਦੇ ਵੱਖ-ਵੱਖ ਹਿੱਸਿਆਂ ਦੇ ਦਰਸ਼ਨ ਕੀਤੇ ਅਤੇ ਬਾਬਾ ਗੁਰੂ ਨਾਨਕ ਲੰਗਰ ਹਾਲ ਵਿਖੇ ਇਕੱਠੇ ਲੰਗਰ ਛਕਿਆ। ਉਹ ਖਰੀਦਾਰੀ ਲਈ ਇੱਕ ਸਥਾਨਕ ਬਾਜ਼ਾਰ ਵਿੱਚ ਵੀ ਗਏ ਅਤੇ ਗੱਲਬਾਤ ਕਰਦੇ ਰਹੇ।ਉਨ੍ਹਾਂ ਨੇ ਦੁਬਾਰਾ ਮਿਲਣ ਦੀ ਯੋਜਨਾ ਬਣਾਈ ਅਤੇ ਸੋਨੋ ਦੇ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਨੇ ਇੱਥੇ ਗੁਰਦੁਆਰਾ ਸਾਹਿਬ ਦੀ ਅਗਲੀ ਫੇਰੀ ਦੌਰਾਨ ਹੋਰ ਮੈਂਬਰਾਂ ਨੂੰ ਲਿਆਉਣ ਲਈ ਕਿਹਾ।
Comment here