ਸਿਆਸਤਖਬਰਾਂਦੁਨੀਆ

ਪੋਪ ਫਰਾਂਸਿਸ ਨੂੰ ਪੀਐਮ ਮੋਦੀ ਨੇ ਭਾਰਤ ਆਉਣ ਦਾ ਦਿੱਤਾ ਸੱਦਾ

ਰੋਮ-ਹੁਣੇ ਜਿਹੇ ਈਸਾਈਆਂ ਦੇ ਸਰਵਉਚ ਧਰਮ ਗੁਰੂ ਪੋਪ ਫਰਾਂਸਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਟੀਕਨ ਸਿਟੀ ਪਹੁੰਚ ਕੇ ਬਹੁਤ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀ ਯਾਤਰਾ ਲਈ ਸੱਦਾ ਦਿੱਤੀ। ਮੋਦੀ ਸਥਾਨਕ ਸਮੇਂ ਮੁਤਾਬਕ ਕਰੀਬ ਸਾਢੇ 8 ਵਜੇ ਵੈਟੀਕਨ ਦੇ ਵਿਹੜੇ ਵਿਚ ਪਹੁੰਚੇ, ਜਿੱਥੇ ਵੈਟੀਕਨ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੋਦੀ ਦੇ ਨਾਲ ਆਏ ਵਫਦ ਵਿਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸ਼ਾਮਲ ਸਨ। ਬਾਅਦ ਵਿਚ ਮੋਦੀ ਨੇ ਜਦੋਂ ਪੋਪ ਨਾਲ ਮੁਲਾਕਾਤ ਕੀਤੀ ਤਾਂ ਪੋਪ ਨੇ ਉਨ੍ਹਾਂ ਨੂੰ ਗਲੇ ਲਗਾ ਲਿਆ। ਦੋਵਾਂ ਦੇ ਚਿਹਰਿਆਂ ’ਤੇ ਡੂੰਘੀ ਨੇੜਤਾ, ਆਪਸੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਝਲਕ ਰਹੀ ਸੀ।
ਮੋਦੀ ਨੇ ਸਭ ਤੋਂ ਪਹਿਲਾਂ ਪੋਪ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ ਅਤੇ ਫਿਰ ਵਫਦ ਪੱਧਰੀ ਬੈਠਕ ਵਿਚ ਸ਼ਾਮਲ ਹੋਏ। ਪਰੰਪਰਾ ਮੁਤਾਬਕ ਪੋਪ ਨਾਲ ਬੈਠਕ ਦਾ ਕੋਈ ਪਹਿਲਾਂ ਤੋਂ ਨਿਰਧਾਰਤ ਏਜੰਡਾ ਤੈਅ ਨਹੀਂ ਹੁੰਦਾ ਹੈ। ਬੈਠਕ ਦੇ ਬਾਅਦ ਮੋਦੀ ਨੇ ਕਿਹਾ ਕਿ ਪੋਪ ਫਰਾਂਸਿਸ ਨਾਲ ਬਹੁਤ ਹੀ ਚੰਗੀ ਮੁਲਾਕਾਤ ਰਹੀ। ਉਨ੍ਹਾਂ ਨੇ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਕਰੀਬ 20 ਮਿੰਟ ਲਈ ਤੈਅ ਸੀ ਪਰ ਇਹ ਕਰੀਬ 1 ਘੰਟੇ ਤੱਕ ਚਲੀ। ਸੂਤਰਾਂ ਮੁਤਾਬਕ ਕੋਵਿਡ ਮਹਾਮਾਰੀ ਅਤੇ ਸਿਹਤ ਸਬੰਧੀ ਵਿਸ਼ਿਆਂ ਅਤੇ ਸ਼ਾਂਤੀ ਅਤੇ ਸਥਿਰਤਾ ਬਰਕਰਾਰ ਰੱਖਣ ਲਈ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਮਿਲਜੁਲ ਕੇ ਕੰਮ ਕਰਨ ਦੇ ਤਰੀਕੇ ’ਤੇ ਵੀ ਗੱਲਬਾਤ ਹੋਈ।
ਸੂਤਰਾਂ ਨੇ ਦੱਸਿਆ ਕਿ ਮੋਦੀ ਨੇ ਪੋਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ 1999 ਵਿਚ ਪੋਪ ਜੋਨ ਪਾਲ ਦੂਜੇ ਭਾਰਤ ਆਏ ਸਨ। ਮੋਦੀ ਸਰਵਉਚ ਧਰਮ ਗੁਰੂ ਨੂੰ ਮਿਲਣ ਵਾਲੇ 5ਵੇਂ ਭਾਰਤੀ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਪੰਡਤ ਜਵਾਹਰ ਲਾਲ ਨਹਿਰੂ, ਸ਼੍ਰੀਮਤੀ ਇੰਦਰਾ ਗਾਂਧੀ, ਸ਼੍ਰੀ ਇੰਦਰ ਕੁਮਾਰ ਗੁਜਰਾਲ ਅਤੇ ਸ਼੍ਰੀ ਅਟਲ ਬਿਹਾਹੀ ਵਾਜਪੇਈ ਪੋਪ ਨੂੰ ਮਿਲ ਚੁੱਕੇ ਹਨ। 1999 ਵਿਚ ਸ਼੍ਰੀ ਵਾਜਪੇਈ ਨੇ ਪੋਪ ਜੋਨ ਪਾਲ ਦੂਜੇ ਨਾਲ ਮੁਲਾਕਾਤ ਕੀਤੀ ਸੀ।

Comment here