ਅਪਰਾਧਸਿਆਸਤਖਬਰਾਂ

ਪੋਂਪੀਓ ਦਾ ਦਾਅਵਾ-ਬਾਲਾਕੋਟ ਸਟ੍ਰਾਈਕ ਤੋਂ ਬਾਅਦ ਭਾਰਤ ‘ਤੇ ਪਰਮਾਣੂ ਹਮਲੇ ਦੀ ਤਿਆਰੀ ‘ਚ ਸੀ ਪਾਕਿ

ਵਾਸ਼ਿੰਗਟਨ-ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਆਪਣੀ ਨਵੀਂ ਕਿਤਾਬ ‘ਨੇਵਰ ਗਿਵ ਐਨ ਇੰਚ: ਫਾਈਟਿੰਗ ਫਾਰ ਦਿ ਅਮਰੀਕਾ ਆਈ ਲਵ’ ਵਿੱਚ ਦਾਅਵਾ ਕੀਤਾ ਹੈ ਕਿ ਉਹ ਆਪਣੀ ਤਤਕਾਲੀ ਭਾਰਤੀ ਹਮਰੁਤਬਾ ਸੁਸ਼ਮਾ ਸਵਰਾਜ ਨਾਲ ਗੱਲ ਕਰਨ ਲਈ ਨੀਂਦ ਤੋਂ ਜਾਗੇ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਪਾਕਿਸਤਾਨ ਫਰਵਰੀ 2019 ਵਿੱਚ ਬਾਲਾਕੋਟ ਸਰਜੀਕਲ ਸਟ੍ਰਾਈਕ ਦੇ ਮੱਦੇਨਜ਼ਰ ਪ੍ਰਮਾਣੂ ਹਮਲੇ ਦੀ ਤਿਆਰੀ ਕਰ ਰਿਹਾ ਹੈ ਅਤੇ ਭਾਰਤ ਆਪਣੀ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਪੋਂਪੀਓ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਉਹ 27-28 ਫਰਵਰੀ ਨੂੰ ਅਮਰੀਕਾ-ਉੱਤਰੀ ਕੋਰੀਆ ਸਿਖਰ ਸੰਮੇਲਨ ਲਈ ਹਨੋਈ ਵਿੱਚ ਸਨ ਅਤੇ ਉਨ੍ਹਾਂ ਦੀ ਟੀਮ ਨੇ ਇਸ ਸੰਕਟ ਨੂੰ ਟਾਲਣ ਲਈ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਪੂਰੀ ਰਾਤ ਕੰਮ ਕੀਤਾ।
ਪੋਂਪੀਓ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਮੈਨੂੰ ਨਹੀਂ ਲੱਗਦਾ ਕਿ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਕਿ ਫਰਵਰੀ 2019 ਵਿੱਚ ਭਾਰਤ-ਪਾਕਿਸਤਾਨ ਦੁਸ਼ਮਣੀ ਕਿਵੇਂ ਪ੍ਰਮਾਣੂ ਹਮਲੇ ਨੇੜੇ ਪਹੁੰਚ ਗਈ ਸੀ। ਸੱਚ ਤਾਂ ਇਹ ਹੈ ਕਿ ਮੈਨੂੰ ਇਸ ਦਾ ਸਹੀ ਜਵਾਬ ਵੀ ਨਹੀਂ ਪਤਾ ਹੈ, ਮੈਂ ਬੱਸ ਇਹ ਜਾਣਦਾ ਹਾਂ ਕਿ ਇਹ ਬਹੁਤ ਨੇੜੇ ਸੀ।’ ਭਾਰਤ ਦੇ ਲੜਾਕੂ ਜਹਾਜ਼ਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ 40 ਜਵਾਨਾਂ ਦੀ ਸ਼ਹਾਦਤ ਦੇ ਜਵਾਬ ਵਿਚ ਫਰਵਰੀ 2019 ਵਿਚ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਿਖਲਾਈ ਕੇਂਦਰ ਨੂੰ ਤਬਾਹ ਕਰ ਦਿੱਤਾ ਸੀ।
ਪੋਂਪੀਓ ਨੇ ਕਿਹਾ, “ਮੈਂ ਉਸ ਰਾਤ ਨੂੰ ਕਦੇ ਨਹੀਂ ਭੁੱਲਾਂਗਾ, ਜਦੋਂ ਮੈਂ ਹਨੋਈ, ਵੀਅਤਨਾਮ ਵਿੱਚ ਸੀ। ਪਰਮਾਣੂ ਹਥਿਆਰਾਂ ‘ਤੇ ਉੱਤਰੀ ਕੋਰੀਆ ਦੇ ਲੋਕਾਂ ਨਾਲ ਗੱਲਬਾਤ ਕਰਨਾ ਕਾਫ਼ੀ ਨਹੀਂ ਸੀ, ਜਿਵੇਂ ਕਿ ਭਾਰਤ ਅਤੇ ਪਾਕਿਸਤਾਨ ਨੇ ਉੱਤਰੀ ਸਰਹੱਦ ‘ਤੇ ਕਸ਼ਮੀਰ ਖੇਤਰ ਨੂੰ ਲੈ ਕੇ ਦਹਾਕਿਆਂ ਤੋਂ ਚੱਲ ਰਹੇ ਵਿਵਾਦ ਦੇ ਸਬੰਧ ਵਿੱਚ ਇੱਕ-ਦੂਜੇ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।’ ਉਨ੍ਹਾਂ ਲਿਖਿਆ, “ਹਨੋਈ ਵਿੱਚ ਮੈਂ ਆਪਣੇ ਭਾਰਤੀ ਹਮਰੁਤਬਾ ਨਾਲ ਗੱਲ ਕਰਨ ਲਈ ਜਾਗਿਆ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਪਾਕਿਸਤਾਨੀਆਂ ਨੇ ਹਮਲੇ ਲਈ ਆਪਣੇ ਪਰਮਾਣੂ ਹਥਿਆਰਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਭਾਰਤ ਇਸ ‘ਤੇ ਜਵਾਬੀ ਕਾਰਵਾਈ ‘ਤੇ ਵਿਚਾਰ ਕਰ ਰਿਹਾ ਹੈ।’

Comment here