ਚੰਡੀਗੜ੍ਹ-ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ‘ਤੇ ਉਨ੍ਹਾਂ ਦੀ ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੁਰਾਣੀ ਪਾਰਟੀ ਨੂੰ ‘ਸਿਰਫ ਪੈਦਲ ਚੱਲਣ’ ਨਾਲ ਜਨਤਾ ਦਾ ਸਮਰਥਨ ਨਹੀਂ ਮਿਲੇਗਾ। ਰਾਹੁਲ ਗਾਂਧੀ ਨੇ ਇਸ ਯਾਤਰਾ ਦੀ ਸ਼ੁਰੂਆਤ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਕੀਤੀ ਸੀ, ਜੋ 8 ਰਾਜਾਂ- ਤਾਮਿਲਨਾਡੂ, ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਹੁਣ ਰਾਜਸਥਾਨ ਤੋਂ ਲੰਘ ਰਹੀ ਹੈ।
ਹੁਣ ਤੱਕ 2800 ਕਿਲੋਮੀਟਰ ਤੋਂ ਵੱਧ ਦੀ ਪੈਦਲ ਯਾਤਰਾ ਦੌਰਾਨ ਰਾਹੁਲ ਗਾਂਧੀ ਆਪਣੇ ਸਮਰਥਕਾਂ ਦੇ ਨਾਲ-ਨਾਲ ਆਲੋਚਕਾਂ ਦਾ ਵੀ ਧਿਆਨ ਖਿੱਚਣ ‘ਚ ਕਾਮਯਾਬ ਰਹੇ ਹਨ। ਇਸ ਦੌਰਾਨ ਕਈ ਵਿਵਾਦ ਵੀ ਹੋਏ ਅਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਸ਼ਬਦੀ ਜੰਗ ਵੀ ਹੋਈ। ਹੁਣ ਇਹ ਭਾਰਤ ਜੋੜੋ ਯਾਤਰਾ 24 ਦਸੰਬਰ ਨੂੰ ਦਿੱਲੀ ਵਿੱਚ ਪ੍ਰਵੇਸ਼ ਕਰੇਗੀ ਅਤੇ ਫਿਰ ਕਰੀਬ ਅੱਠ ਦਿਨਾਂ ਦੇ ਵਿਰਾਮ ਤੋਂ ਬਾਅਦ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਤੋਂ ਹੁੰਦੀ ਹੋਈ ਅੰਤ ਵਿੱਚ ਜੰਮੂ-ਕਸ਼ਮੀਰ ਵੱਲ ਰਵਾਨਾ ਹੋਵੇਗੀ।
ਕੁਝ ਮਹੀਨੇ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਆਗੂ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿੱਚ ਆਯੋਜਿਤ ਨਿਊਜ਼ ਚੈਨਲ ਐਨਡੀਟੀਵੀ ਦੇ ਕਨਕਲੇਵ ‘ਸਾਡਾ ਪੰਜਾਬ’ ਵਿੱਚ ਰਾਹੁਲ ਗਾਂਧੀ ਦੀ ਫੇਰੀ ਬਾਰੇ ਕਿਹਾ, ‘ਤੁਸੀਂ ਕਿਸ ਨੂੰ ਜੋੜ ਰਹੇ ਹੋ? ਅਤੇ ਕਿਵੇਂ – ਮੈਨੂੰ ਸਮਝ ਨਹੀਂ ਆ ਰਿਹਾ। ਤੁਸੀਂ ਸਿਰਫ਼ ਕੰਨਿਆਕੁਮਾਰੀ ਤੋਂ ਸ੍ਰੀਨਗਰ ਤੱਕ ਪੈਦਲ ਚੱਲ ਕੇ ਲੋਕਾਂ ਨੂੰ ਇਕਜੁੱਟ ਨਹੀਂ ਕਰ ਸਕਦੇ। ਲੋਕ ਵਿਚਾਰਾਂ, ਨੀਤੀਆਂ ਦਾ ਸਮਰਥਨ ਕਰਦੇ ਹਨ। ਤੁਹਾਨੂੰ ਦੱਸਣਾ ਪਵੇਗਾ ਕਿ ਤੁਸੀਂ ਭਾਰਤ ਲਈ, ਲੋਕਾਂ ਲਈ ਕੀ ਕਰੋਗੇ। ਸਿਰਫ਼ ਪੈਦਲ ਯਾਤਰਾ ਕਰਨ ਨਾਲ ਤੁਹਾਨੂੰ ਲੋਕਾਂ ਦਾ ਸਮਰਥਨ ਨਹੀਂ ਮਿਲੇਗਾ।
ਸਾਬਕਾ ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਪਾਰਟੀ ਵਿੱਚ ਗੜਬੜ ਸੀ ਤਾਂ ਉਨ੍ਹਾਂ ਰਾਹੁਲ ਗਾਂਧੀ ਨੂੰ ਯਾਤਰਾ ਵਰਗਾ ਹੀ ਇੱਕ ਵਿਚਾਰ ਦਿੱਤਾ ਸੀ। ਉਨ੍ਹਾਂ ਕਿਹਾ, ‘ਉਹ (ਰਾਹੁਲ ਗਾਂਧੀ) ਭਾਰਤ ਨੂੰ ਦੇਖਣਗੇ। ਮੈਨੂੰ ਯਾਦ ਹੈ, ਜਦੋਂ ਸਾਡੀ ਪਾਰਟੀ (ਕਾਂਗਰਸ) ਵਿਚ ਹੰਗਾਮਾ ਹੋਇਆ ਸੀ, ਮੈਂ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਭਾਰਤ ਦੇਖਣਾ ਚਾਹੀਦਾ ਹੈ। ਖੈਰ, ਹੁਣ ਉਹ ਮੇਰੇ ਨਾਲ ਸਹਿਮਤ ਹੈ ਅਤੇ ਉਹ ਭਾਰਤ ਵੱਲ ਦੇਖ ਰਿਹਾ ਹੈ।
Comment here