ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੈਗੰਬਰ ਮੁਹੰਮਦ ਖਿਲਾਫ ਵਿਵਾਦਤ ਟਿੱਪਣੀ ਦਾ ਵਿਵਾਦ ਹਾਲੇ ਵੀ ਗਰਮ

ਯੂਪੀ ਪੁਲਿਸ 350 ਮੁਸਲਮਾਨਾਂ ਨੂੰ ਕਰ ਚੁੱਕੀ ਹੈ ਗ੍ਰਿਫਤਾਰ
ਲਖਨਊ-ਭਾਜਪਾ ਦੀ ਸਾਬਕਾ ਬੁਲਾਰਾ ਨੁਪੁਰ ਸ਼ਰਮਾ ਦੇ ਪੈਗੰਬਰ ਹਜ਼ਰਤ ਮੁਹੰਮਦ ਖ਼ਿਲਾਫ਼ ਬਿਆਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਭਾਰਤ ਦੇ ਕਈ ਹਿੱਸਿਆਂ ਵਿਚ ਮੁਜ਼ਾਹਰੇ ਹੋ ਰਹੇ ਹਨ।ਨੁਪੁਰ ਸ਼ਰਮਾ ਨੇ ਇੱਕ ਟੀਵੀ ਸ਼ੋਅ ਦੌਰਾਨ ਪੈਗੰਬਰ ਮੁਹੰਮਦ ਬਾਰੇ ਇੱਕ ਵਿਵਾਦਤ ਟਿੱਪਣੀ ਕੀਤੀ ਸੀ।ਇਸ ਮਗਰੋਂ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ। ਨੁਪੁਰ ਨੂੰ 70 ਹਜ਼ਾਰ ਦੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ।ਉਨ੍ਹਾਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਜਿਸ ਨੂੰ ਮੁਸਲਿਮ ਪੈਗੰਬਰ ਮੁਹੰਮਦ ਦੀ ਸ਼ਾਨ ਦੇ ਖਿਲਾਫ਼ ਮੰਨਦੇ ਹਨ, ਬਾਬਤ ਕਈ ਥਾਂ ਕੇਸ ਵੀ ਦਰਜ ਹੋ ਚੁੱਕੇ ਹਨ।ਮੁਜ਼ਾਹਰਿਆਂ ਦੌਰਾਨ ਹੋਈ ਹਿੰਸਾ ਵਿੱਚ ਪ੍ਰਯਾਗਰਾਜ ਪੁਲਿਸ ਵੱਲੋਂ ਮੁੱਖ ਮੁਲਜ਼ਮ ਮੁਹੰਮਦ ਜਾਵੇਦ ਉਰਫ਼ ਜਾਵੇਦ  ਦੇ ਕਰੇਲੀ ਇਲਾਕੇ ਵਿਚਲੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਕੇ ਉਸ ਨੂੰ  ਗ੍ਰਿਫ਼ਤਾਰ ਕੀਤਾ ਸੀ।ਪੁਲੀਸ ਮੁਤਾਬਕ ਉਸ ਦਾ ਘਰ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ।
ਯੂਪੀ ਪੁਲਿਸ ਨੇ  ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਅੱਠ ਜ਼ਿਲ੍ਹਿਆਂ ਤੋਂ 350 ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਸਭ ਜ਼ਿਆਦਾਤਰ ਗ੍ਰਿਫਤਾਰੀਆਂ ਪ੍ਰਯਾਗਰਾਜ ਤੋਂ ਹੋਈਆਂ ਹਨ।ਪ੍ਰਯਾਗਰਾਜ ‘ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਹੋਏ ਮੁਜ਼ਾਹਰਿਆਂ ਦੌਰਾਨ ਹਿੰਸਾ ਅਤੇ ਅਗਜ਼ਨੀ ਤੋਂ ਬਾਅਦ ਪੁਲਿਸ ਨੇ 91ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ।ਪੁਲਿਸ ਪ੍ਰਸ਼ਾਸਨ ਉਨ੍ਹਾਂ ਖ਼ਿਲਾਫ਼ ਰਾਸੁਕਾ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ”ਮਾਹੌਲ ਖ਼ਰਾਬ ਕਰਨ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਪੂਰੀ ਸਖ਼ਤੀ ਕੀਤੀ ਜਾਵੇਗੀ। ਪ੍ਰਯਾਗਰਾਜ ਦੇ ਐੱਸਐੱਸਪੀ ਅਜੇ ਕੁਮਾਰ ਨੇ  ਦੱਸਿਆ ਸੀ ਕਿ ਪ੍ਰਯਾਗ ਡਿਵਲੈਪਮੈਂਟ ਅਥਾਰਿਟੀ ਵੱਲੋਂ ਮੁਲਜ਼ਮਾਂ ਦੇ ਗ਼ੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਗੈਂਗਸਟਰ ਐਕਟ ਤਹਿਤ ਮੁਲਜ਼ਮਾਂ ਦੀ ਕਾਲੀ ਕਮਾਈ ਨੂੰ ਜ਼ਬਤ ਕੀਤਾ ਜਾਵੇਗਾ ਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।ਪੁਲਿਸ ਦਾ ਦਾਅਵਾ ਹੈ ਕਿ ਨਾਬਾਲਗ਼ ਬੱਚਿਆਂ ਨੇ ਵੀ ਪੱਥਰਬਾਜੀ ਵਿੱਚ ਹਿੱਸਾ ਲਿਆ ਸੀ। ਪੁਲਿਸ ਨੇ ਪੰਜ ਹਜ਼ਾਰ ਅਣਪਛਾਤੇ ਮੁਲਜ਼ਮਾਂ ਨੂੰ ਵੀ ਮੁਕਦਮੇ ਵਿੱਚ ਸ਼ਾਮਿਲ ਕੀਤਾ ਹੈ।
ਕਾਨਪੁਰ ਵਿਚ ਕਾਨਪੁਰ ਵਿਕਾਸ ਅਥਾਰਿਟੀ ਨੇ ਮੁਹੰਮਦ ਇਸ਼ਤਿਆਕ ਨਾਂ ਦੇ ਵਿਅਕਤੀ ਦੀ ਇਮਾਰਤ ‘ਤੇ ਬੁਲਡੋਜ਼ਰ ਚਲਾ ਦਿੱਤਾ।ਕਾਨਪੁਰ ਦੇ ਸੰਯੁਕਤ ਸੀਪੀ ਆਨੰਦ ਪ੍ਰਕਾਸ਼ ਤਿਵਾਰੀ ਨੇ ਕਿਹਾ, “ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਦੰਗਿਆਂ (ਹਿੰਸਕ ਮੁਜ਼ਾਹਰੇ) ਦੇ ਮੁੱਖ ਦੋਸ਼ੀ ਜ਼ਫਰ ਹਯਾਤ ਹਾਸ਼ਮੀ ਅਤੇ ਮੁਹੰਮਦ ਇਸ਼ਤਿਆਕ ਦੋਵੇਂ ਇਕ ਦੂਜੇ ਦੇ ਬਹੁਤ ਨੇੜੇ ਹਨ ਅਤੇ ਸਾਡੇ ਕੋਲ ਇਹ ਭਰੋਸਾ ਕਰਨ ਦੇ ਕਈ ਕਾਰਨ ਹਨ।”
ਸਹਾਰਨਪੁਰ ‘ਵਿਚ ਸ਼ੁੱਕਰਵਾਰ ਨੂੰ ਭੜਕੀ ਹਿੰਸਾ ਵਿਚ ਪੁਲਿਸ ਨੇ ਕੁੱਲ 64 ਮੁਸਲਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਵਿੱਚ ਦੋ ਮੁਲਜ਼ਮਾਂ ਮੁਜ਼ੱਮਿਲ ਅਤੇ ਅਬਦੁਲ ਵਕਾਰ ਦੇ ਘਰਾਂ ਉੱਤੇ ਨਗਰ ਨਿਗਮ ਨੇ ਬੁਲਡੋਜ਼ਰ ਚਲਾ ਦਿੱਤਾ ਅਤੇ ਦੋਵਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
 ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ’ਵਿਚ ਹੁਣ ਤੱਕ ਸੌ ਦੇ ਕਰੀਬ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਝਾਰਖੰਡ ਦੇ ਰਾਂਚੀ ਵਿੱਚ ਹਾਲਾਤ ਤਣਾਅ ਵਾਲੇ ਬਣੇ ਰਹੇ। ਰਾਂਚੀ ਵਿੱਚ ਪੁਲੀਸ ਨੇ ਹੁਣ ਤੱਕ ਹਜ਼ਾਰਾਂ ਵਿਅਕਤੀਆਂ ਖ਼ਿਲਾਫ਼ 25 ਦੇ ਕਰੀਬ ਕੇਸ ਦਰਜ ਕੀਤੇ ਹਨ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਭੜਕਾਊ ਤਕਰੀਰ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਜੰਮੂ ਦੀ ਚਨਾਬ ਘਾਟੀ ’ਵਿਚ ਲਗਾਤਾਰ  ਕਰਫਿਊ ਤੇ ਪਾਬੰਦੀਆਂ ਜਾਰੀ ਰਹੀਆਂ।
ਹਿੰਦੂਤਵੀ ਫਾਸ਼ੀਵਾਦ ਤੇ ਟੀ.ਵੀ. ਚੈਨਲਾਂ ਦਾ ਗੱਠਜੋੜ ਘੱਟ ਗਿਣਤੀਆਂ ਵਿਰੋਧੀ
ਮੀਡੀਆ ਦੇ ਇਕ ਵੱਡੇ ਹਿੱਸੇ ਅਤੇ ਭਾਰਤੀ ਜਨਤਾ ਪਾਰਟੀ ਸਮਰਥਕ ਬੁੱਧੀਜੀਵੀਆਂ ਨੇ ਨੂਪੁਰ-ਨਵੀਨ ਮਾਮਲੇ ‘ਵਿਚ ਉੱਠੇ ਸਵਾਲਾਂ ‘ਤੇ ਚਰਚਾ ਕਰਨ ਦੀ ਬਜਾਏ ਮੁਸਲਮਾਨਾਂ ਵਲੋਂ ਕੀਤੇ ਗਏ ਹਮਲਾਵਰ ਪ੍ਰਦਰਸ਼ਨਾਂ ‘ਤੇ ਆਲੋਚਨਾਤਮਿਕ ਟਿੱਪਣੀਆਂ ਕਰਨ ਨੂੰ ਤਰਜੀਹ ਦਿੱਤੀ ਹੈ। ਉਹ ਇਹ ਸਵਾਲ ਵੀ ਪੁੱਛ ਰਹੇ ਹਨ ਕਿ ਜਿਨ੍ਹਾਂ ਇਸਲਾਮਿਕ ਦੇਸ਼ਾਂ ਦਾ ਖ਼ੁਦ ਦਾ ਰਵੱਈਆ ਲੋਕਤੰਤਰਿਕ ਨਹੀਂ ਹੈ, ਉਨ੍ਹਾਂ ਨੂੰ ਭਾਰਤ ‘ਤੇ ਉਂਗਲ ਚੁੱਕਣ ਦਾ ਹੱਕ ਕਿਸ ਨੇ ਦਿੱਤਾ? ਪਰ ਅਜਿਹਾ ਕਰਨ ਸਮੇਂ ਉਹ ਇਹ ਭੁੱਲ ਰਹੇ ਹਨ ਕਿ ਖਾੜੀ ਦੇਸ਼ਾਂ ਦੇ ਇਨ੍ਹਾਂ ਸ਼ੇਖਾਂ ਦੇ ਨਾਲ ਚੰਗੇ ਸੰਬੰਧ ਬਣਾਉਣ ਸਮੇਂ ਭਾਰਤ ਸਰਕਾਰ ਨੇ ਉਨ੍ਹਾਂ ਦੀ ਲੋਕਤੰਤਰਿਕ ਪਛਾਣ ਨੂੰ ਪਹਿਲ ਨਹੀਂ ਦਿੱਤੀ ਸੀ। ਦੂਜਾ ਇਹ ਲੋਕ ਇਹ ਵੀ ਨਹੀਂ ਦੇਖ ਰਹੇ ਕਿ ਨੂਪੁਰ-ਨਵੀਨ ਮਾਮਲੇ ‘ਤੇ ਧਿਆਨ ਹਟਾਉਣ ਦੀ ਉਨ੍ਹਾਂ ਦੀ ਇਹ ਕੋਸ਼ਿਸ਼ ਭਾਰਤ ਦੇ ਆਮ ਜੀਵਨ ‘ਵਿਚ ਪਿਛਲੇ ਦਿਨੀਂ ਆਏ ਵਿਗਾੜ ਨੂੰ ਹੋਰ ਉਤਸ਼ਾਹਿਤ ਕਰਨ ਵਾਲੀ ਸਾਬਤ ਹੋਵੇਗੀ। ਅੱਜ ਦਾ ਭਾਰਤੀ ਮੀਡੀਆ ਭਗਵੇਂ ਰੰਗ ਵਿਚ ਰੰਗਿਆ ਗਿਆ ਹੈ। ਹੋਰ ਤਾਂ ਹੋਰ ਆਮ ਜੀਵਨ ‘ਚ ਘੱਟ ਗਿਣਤੀਆਂ ਦਾ ਰਾਕਸ਼ੀਕਰਨ ਕਰਨ ਦੀ ਬਿਰਤੀ ਸਿਰ ਚੜ੍ਹ ਕੇ ਬੋਲ ਰਹੀ ਹੈ। ਹਿੰਦੂਤਵਵਾਦੀ ਤਾਕਤਾਂ ਅਤੇ ਮੀਡੀਆ ਆਪਸ ਵਿਚ ਗੱਠਜੋੜ ਕਰਕੇ ਫਾਸ਼ੀਵਾਦੀ ਹਿੰਦੂਆਂ ਦੀ  ਗੋਲਬੰਦੀ ਨੂੰ ਉਤਸ਼ਾਹਿਤ ਕਰ ਰਹੇ ਹਨ।
ਯਾਦ ਰਹੇ ਕਿ ਨੂਪੁਰ ਸ਼ਰਮਾ ਵਲੋਂ ਦਿੱਤਾ ਗਿਆ ਇਤਰਾਜ਼ਯੋਗ ਬਿਆਨ ਇਕ ਮੀਡੀਆ ਮੰਚ ‘ਤੇ ਜਾਣ ਬੁਝਕੇ ਦਿੱਤਾ ਗਿਆ ਸੀ। ਇਸ ਮੰਚ ‘ਤੇ ਹੋ ਰਹੀ ਬਹਿਸ ਦਾ ਸੰਚਾਲਨ ਇਕ ਤਜਰਬੇਕਾਰ ਅਤੇ ਸੀਨੀਅਰ ਮਹਿਲਾ ਐਂਕਰ ਦੇ ਹੱਥ ‘ਵਿਚ ਸੀ। ਜੇਕਰ ਉਸ ਐਂਕਰ ਨੇ ਉਸੇ ਵਕਤ ਇਤਰਾਜ਼ਯੋਗ ਟਿੱਪਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੁੰਦੀ ਅਤੇ ਉਸ ‘ਤੇ ਖ਼ੇਦ ਜਤਾਇਆ ਹੁੰਦਾ ਜਾਂ ਬਿਆਨ ਦਿੱਤੇ ਜਾਣ ਤੋਂ ਬਾਅਦ ਵੀ ਟੀ.ਵੀ. ਚੈਨਲ ਵਲੋਂ ਅਧਿਕਾਰਤ ਤੌਰ ‘ਤੇ ਉਸ ਨੂੰ ਵਾਪਸ ਲੈ ਲਿਆ ਹੁੰਦਾ ਤਾਂ ਸ਼ਾਇਦ ਇਸਲਾਮਿਕ ਦੇਸ਼ਾਂ ਵਲੋਂ ਐਨੀ ਤਿੱਖੀ ਪ੍ਰਤੀਕਿਰਿਆ ਨਾ ਹੁੰਦੀ।ਇਸ ਨਾਲ ਭਾਰਤ ਦੀ ਨਮੋਸ਼ੀ ਹੋਈ ਹੈ।
ਇਸ ਤਰ੍ਹਾਂ ਦੀ ਇਹ ਪਹਿਲੀ ਬਹਿਸ ਨਹੀਂ ਸੀ। ਠੀਕ ਇਸੇ ਤਰ੍ਹਾਂ ਦੀ ਨਾ ਸਹੀ, ਪਰ ਇਸ ਨਾਲ ਮਿਲਦੀਆਂ-ਜੁਲਦੀਆਂ ਪਤਾ ਨਹੀਂ ਕਿੰਨੀਆਂ ਹੀ ਬਹਿਸਾਂ ਖ਼ਬਰਾਂ ਵਾਲੇ ਚੈਨਲਾਂ ‘ਤੇ ਪਿਛਲੇ ਅੱਠ ਸਾਲਾਂ ਤੋਂ ਅਕਸਰ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਸਮੇਂ-ਸਮੇਂ ‘ਤੇ ਭਗਵੇਂ ਫਾਸ਼ੀਵਾਦੀ ਨਵੇਂ-ਨਵੇਂ ਸਾਧੂ ਅਤੇ ਸਾਧਵੀਆਂ ਇਨ੍ਹਾਂ ਚੈਨਲਾਂ ‘ਤੇ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਮੁਕਾਬਲਾ ਕਰਨ ਲਈ ਗੋਲ ਟੋਪੀਧਾਰੀ ਮੌਲਵੀ ਲੱਗਣ ਵਾਲੇ ਲੋਕ ਤੈਨਾਤ ਕੀਤੇ ਜਾਂਦੇ ਹਨ। ਇਨ੍ਹਾਂ ਦਾ ਹਿੰਦੂ ਅਧਿਆਤਮ ਜਾਂ ਇਸਲਾਮਿਕ ਅਧਿਆਤਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਉਕਸਾਵੇ-ਭਰੀ, ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਦੁਖੀ ਕਰਨ ਵਾਲੀ ਭਾਸ਼ਾ ਬੋਲਣ ਵਾਲੇ ਇਨ੍ਹਾਂ ਟੀ.ਵੀ. ਯੋਧਿਆਂ ਨੂੰ ਐਂਕਰਾਂ ਵਲੋਂ ਮੁਰਗਿਆਂ ਵਾਂਗ ਲੜਾਇਆ ਜਾਂਦਾ ਹੈ। ਮੋਦੀ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਿਕ ਦੇਸ਼ਾਂ ਨੂੰ ਸਫ਼ਾਈ ਦਿੰਦਿਆਂ ਇਸ ਤਰ੍ਹਾਂ ਦੇ ਬਿਆਨਾਂ ਨੂੰ ‘ਫਰਿੰਜ ਐਲੀਮੈਂਟਸ’ (ਗ਼ੈਰ-ਸਮਾਜਿਕ ਤੱਤਾਂ) ਦੀ ਕਾਰਸਤਾਨੀ ਕਰਾਰ ਦਿੱਤਾ ਹੈ। ਪਰ ਟੀ.ਵੀ. ਚੈਨਲਾਂ ਦੀਆਂ ਬਹਿਸਾਂ ‘ਚ ਇਹ ‘ਗ਼ੈਰ-ਸਮਾਜਿਕ ਤੱਤਾਂ’ ਲਗਾਤਾਰ ‘ਮੇਨਸਟ੍ਰੀਮਿੰਗ’ (ਮੁੱਖ ਧਾਰਾ ‘ਚ ਲਿਆਉਣ) ਦੀ ਪ੍ਰਕਿਰਿਆ ‘ਵਿਚੋਂ ਲੰਘਦੇ ਰਹਿੰਦੇ ਹਨ। ਐਂਕਰਾਂ ਦਾ ਕੰਮ ‘ਗ਼ੈਰ-ਸਮਾਜਿਕ ਤੱਤਾਂ’ ਦੀ ‘ਮੇਨਸਟ੍ਰੀਮਿੰਗ’ ਕਰਨਾ ਹੋ ਗਿਆ ਹੈ ਅਤੇ ਜਿਨ੍ਹਾਂ ਸਿਆਸੀ ਸ਼ਕਤੀਆਂ ਨੂੰ ਮੀਡੀਆ ਮੰਚਾਂ ‘ਤੇ ਚੱਲ ਰਹੀਆਂ ਇਨ੍ਹਾਂ ਸਰਗਰਮੀਆਂ ਨਾਲ ਲਾਭ ਹੁੰਦਾ ਹੈ, ਉਹ ਕਦੇ ਚੁੱਪਚਾਪ ਅਤੇ ਕਦੇ ਸਪੱਸ਼ਟ ਅੰਦਾਜ਼ ਨਾਲ ਇਸ ਦਾ ਅਨੰਦ ਲੈਂਦੀਆਂ ਹਨ।
ਸਵਾਲ ਕੁਝ ਹੋਰ ਵੀ ਹਨ ਜੋ ਨਹੀਂ ਪੁੱਛੇ ਜਾ ਰਹੇ। ਭਾਵ ਕੀ ਸੱਤਾਧਾਰੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਦਿੱਲੀ ਰਾਜ ਦੇ ਮੀਡੀਆ ਸੈੱਲ ਦੇ ਇੰਚਾਰਜ ਨੂੰ ‘ਗ਼ੈਰ-ਸਮਾਜਿਕ ਤੱਤਾਂ’ ਦੀ ਸ਼੍ਰੇਣੀ ‘ਵਿਚ ਮੰਨਿਆ ਜਾ ਸਕਦਾ ਹੈ? ਨਿਸਚਿਤ ਤੌਰ ‘ਤੇ ਇਹ ਲੋਕ ‘ਗ਼ੈਰ-ਸਮਾਜਿਕ ਤੱਤਾਂ’ ਨਹੀਂ, ਸਗੋਂ ‘ਮੇਨਸਟ੍ਰੀਮ’ ਹਨ। ਇਸ ਦਾ ਸਬੂਤ ਖ਼ੁਦ ਭਾਰਤੀ ਜਨਤਾ ਪਾਰਟੀ ਵਲੋਂ ਮੁਹੱਈਆ ਕਰਵਾਏ ਅੰਕੜਿਆਂ ਨੇ ਦਿੱਤਾ ਹੈ। ਜਦੋਂ ਨੂਪੁਰ-ਨਵੀਨ ਮਾਮਲੇ ‘ਤੇ ਹੋਏ ਵਿਵਾਦ ਦਾ ਪੱਧਰ ਅੰਤਰਰਾਸ਼ਟਰੀ ਹੋ ਗਿਆ, ਤਾਂ ਪਾਰਟੀ ਨੇ ਆਈ.ਟੀ. ਸੈੱਲ ਮਾਹਿਰਾਂ ਦੀ ਮਦਦ ਨਾਲ ਜਾਂਚ-ਪੜਤਾਲ ਕੀਤੀ। ਸਤੰਬਰ, 2014 ਤੋਂ 3 ਮਈ, 2022 ਦਰਮਿਆਨ ਪਾਰਟੀ ਦੇ 38 ਬੁਲਾਰਿਆਂ, ਸੰਸਦ ਮੈਂਬਰਾਂ, ਵਿਧਾਇਕਾਂ, ਮੰਤਰੀਆਂ ਅਤੇ ਹੋਰ ਨੇਤਾਵਾਂ ਨੇ 5200 ਇਤਰਾਜ਼ਯੋਗ ਬਿਆਨ ਦਿੱਤੇ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ। ਭਾਵ, ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਹਰ ਮਹੀਨੇ 54 ਤੋਂ ਜ਼ਿਆਦਾ ਵਾਰ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ।
ਭਾਜਪਾ ਚਾਹੇ ਤਾਂ ਇਸ ਸੰਕਟ ਨੂੰ ਮੌਕਿਆਂ ‘ਵਿਚ ਬਦਲ ਕੇ ਆਪਣੇ ਨੇਤਾਵਾਂ ਅਤੇ ਬੁਲਾਰਿਆਂ ਦੀ ਭਾਸ਼ਾ ‘ਤੇ ਰੋਕ ਲਗਾ ਸਕਦੀ ਹੈ। ਇਸ ਨਾਲ ਮੋਦੀ ਸਰਕਾਰ ਨੂੰ ਲਾਭ ਹੀ ਹੋਵੇਗਾ।

Comment here