ਅਪਰਾਧਸਿਆਸਤਖਬਰਾਂ

ਪੈਗੰਬਰ ਮੁਹੰਮਦ ਖਿਲਾਫ ਭਾਜਪਾ ਨੇਤਾਵਾਂ ਦੀ ਟਿੱਪਣੀ ਤੇ ਭੜਕਾਹਟ ਜਾਰੀ

ਸ਼੍ਰੀਨਗਰ–ਪੈਗੰਬਰ ਮੁਹੰਮਦ ਖਿਲਾਫ ਭਾਜਪਾ ਨੇਤਾਵਾਂ ਦੀ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਦੇ ਡੋਡਾ ਅਤੇ ਕਿਸ਼ਤਵਾੜ ਜ਼ਿਲਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਜਦਕਿ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਬੰਦ ਵਰਗੀ ਸਥਿਤੀ ਰਹੀ।
ਭੀਮ ਆਰਮੀ ਚੀਫ ਸਤਪਾਲ ਤੰਵਰ ਨੇ ਨੂਪੁਰ ਸ਼ਰਮਾ ਦੀ ਜ਼ੁਬਾਨ ਕੱਟ ਕੇ ਲਿਆਉਣ ਵਾਲੇ ਨੂੰ ਇਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ। ਭੀਮ ਸੇਨਾ ਨੇ ਕਾਨਪੁਰ ਹਿੰਸਾ ਲਈ ਨੂਪੁਰ ਸ਼ਰਮਾ ਨੂੰ ਮਾਸਟਰਮਾਈਂਡ ਦੱਸਿਆ। ਤੰਵਰ ਨੇ ਨੂਪੁਰ ਸ਼ਰਮਾ ’ਤੇ ਕਈ ਗੈਰ-ਮਰਿਆਦਾ ਵਾਲੀਆਂ ਟਿੱਪਣੀਆਂ ਵੀ ਕੀਤੀਆਂ ਹਨ। ਤੰਵਰ ਨੇ ਕਿਹਾ ਕਿ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਦਾ ਅਪਮਾਨ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਜਾਣਬੁੱਝ ਕੇ ਨੂਪੁਰ ਸ਼ਰਮਾ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ। ਤੰਵਰ ਨੇ ਯੋਗੀ ਸਰਕਾਰ ’ਤੇ ਵੀ ਸਵਾਲ ਉਠਾਏ।
ਅਧਿਕਾਰੀਆਂ ਨੇ ਦੱਸਿਆ ਕਿ ਭੱਦਰਵਾਹ, ਕਿਸ਼ਤਵਾੜ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ ਵਿਚ ਮੋਬਾਇਲ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਭੱਦਰਵਾਹ ਵਿਚ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਕੁਝ ਲੋਕ ਸੜਕਾਂ ’ਤੇ ਉਤਰ ਆਏ ਅਤੇ ਨਾਅਰੇਬਾਜ਼ੀ ਦਰਮਿਆਨ ਸੁਰੱਖਿਆ ਫੋਰਸਾਂ ’ਤੇ ਪਥਰਾਅ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੱਦਰਵਾਹ ਵਿਚ ਪਥਰਾਅ ਦੀ ਮਾਮੂਲੀ ਘਟਨਾ ਵਾਪਰੀ ਸੀ ਪਰ ਇਸ ’ਤੇ ਕਾਬੂ ਪਾ ਲਿਆ ਗਿਆ। ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ।
ਭਾਜਪਾ ਤੋਂ ਮੁਅੱਤਲ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਵਲੋਂ ਕੀਤੀ ਗਈ ਟਿੱਪਣੀ ਦੇ ਵਿਰੋਧ ਵਿਚ ਵੀਰਵਾਰ ਨੂੰ ਡੋਡਾ ਦੇ ਭੱਦਰਵਾਹ ਵਿਚ ਸੈਂਕੜੇ ਲੋਕਾਂ ਨੇ ਧਰਨਾ ਦਿੱਤਾ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਪ੍ਰਦਰਸ਼ਨਕਾਰੀ ਸੜਕ ਖਾਲੀ ਕਰਨ ਲਈ ਤਿਆਰ ਹੋ ਗਏ ਅਤੇ ਨਾਲ ਦੀ ਜਾਮਾ ਮਸਜਿਦ ਵਿਚ ਦਾਖਲ ਹੋ ਗਏ। ਭੜਕਾਊ ਭਾਸ਼ਣਾਂ ਦੇ ਕਥਿਤ ਵੀਡੀਓ ਕਲਿਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਸਨ।
ਪੁਲਸ ਨੇ ਇਕ ਮਾਮਲਾ ਦਰਜ ਕਰ ਕੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿਚ ਨਾ ਲੈਣ ਲਈ ਚੌਕਸ ਕੀਤਾ ਸੀ ਪਰ ਅੱਧੀ ਰਾਤ ਦੇ ਨੇੜੇ-ਤੇੜੇ ਤਣਾਅ ਉਦੋਂ ਵਧ ਗਿਆ ਜਦੋਂ ਮਸਜਿਦ ਤੋਂ ਬਾਹਰ ਆਈਆਂ 2 ਔਰਤਾਂ ਨੇ ਦਾਅਵਾ ਕੀਤਾ ਕਿ ਸ਼ਹਿਰ ਵਿਚ ਕਰਫਿਊ ਲਾਗੂ ਕਰਵਾ ਰਹੀਆਂ ਸੁਰੱਖਿਆ ਫੋਰਸਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਭੀੜ ਨੇ ਸੁਰੱਖਿਆ ਫੋਰਸਾਂ ’ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੂੰ ਅੱਥਰੂ ਗੈਸ ਦੇ ਗੋਲੇ ਦਾਗਣੇ ਪਏ ਅਤੇ ਲਾਠੀਚਾਰਜ ਕਰਨਾ ਪਿਆ। ਏ. ਡੀ. ਸੀ. ਸਮੇਤ ਸੀਨੀਅਰ ਅਧਿਕਾਰੀਆਂ ਵਲੋਂ ਵਿਖਾਵਾਕਾਰੀਆਂ ਨੂੰ ਦਿੱਤੇ ਭਰੋਸੇ ਤੋਂ ਬਾਅਦ ਤਣਾਅ ਘੱਟ ਹੋਇਆ ਕਿ ਦੋਵਾਂ ਔਰਤਾਂ ਵਲੋਂ ਲਾਏ ਗਏ ਦੋਸ਼ਾਂ ਦੇ ਸੰਬੰਧ ਵਿਚ ਜਾਂਚ ਕੀਤੀ ਜਾਵੇਗੀ।
ਏ. ਡੀ. ਜੀ. ਪੀ. ਮੁਕੇਸ਼ ਸਿੰਘ ਨੇ ਅਧਿਕਾਰੀਆਂ ਦੇ ਨਾਲ ਭੱਦਰਵਾਹ ਦਾ ਦੌਰਾ ਕੀਤਾ ਅਤੇ ਉਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਸਥਿਤੀ ਨੂੰ ਕੰਟਰੋਲ ਵਿਚ ਕਰਨ ਲਈ ਕਦਮ ਚੁੱਕੇ ਗਏ ਹਨ ਅਤੇ ਮੀਡੀਆ ਨੂੰ ਉਨ੍ਹਾਂ ਖੇਤਰਾਂ ਵਿਚ ਨਾ ਜਾਣ ਦੀ ਬੇਨਤੀ ਕੀਤੀ ਜਿਥੇ ਪਥਰਾਅ ਹੋਇਆ ਸੀ ਕਿਉਂਕਿ ਇਸ ਨਾਲ ਸਥਿਤੀ ਵਿਗੜ ਸਕਦੀ ਸੀ। ਉਨ੍ਹਾਂi ਕਹਾ ਕਿ ਛੇਤੀ ਹੀ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਅਤੇ ਵਾਦੀ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਭਾਰੀ ਗਿਣਤੀ ਵਿਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। ਕੇਂਦਰੀ ਮੰਤਰੀ ਅਤੇ ਊਧਮਪੁਰ ਦੇ ਸੰਸਦ ਮੈਂਬਰ ਜਤਿੰਦਰ ਸਿੰਘ ਨੇ ਵਿਖਾਵਾਕਾਰੀਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਸ਼੍ਰੀਨਗਰ ਦੇ ਕੁਝ ਇਲਾਕਿਆਂ ਵਿਚ ਜਨਤਕ ਵਾਹਨ ਸੜਕਾਂ ਤੋਂ ਗੁੰਮ ਰਹੇ। ਹਾਲਾਂਕਿ ਲਾਲ ਚੌਕ, ਬਟਮਾਲੂ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਦਫਤਰ ਅਤੇ ਸਕੂਲ ਖੁੱਲ੍ਹੇ ਹੋਣ ਕਾਰਨ ਸੜਕਾਂ ’ਤੇ ਹੋਰ ਵਾਹਨ ਨਜ਼ਰ ਆਏ ਹਨ।

Comment here