ਨਵੀਂ ਦਿੱਲੀ-ਹੁਣੇ ਜਿਹੇ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਨੇ ਪੈਂਡੋਰਾ ਪੇਪਰਸ ਨੇ ਹਾਈ-ਪ੍ਰੋਫਾਈਲ ਵਿਅਕਤੀਆਂ ਦੇ ਵਿੱਤੀ ਰਹੱਸਾਂ ਦਾ ਖੁਲਾਸਾ ਹੈ। ਇਨ੍ਹਾਂ ਹਸਤੀਆਂ ਨੇ ਵਿਦੇਸ਼ ਵਿਚ ਨਿਵੇਸ਼ ਕੀਤੇ ਹਨ ਪਰ ਉਸ ਦੀ ਪੂਰੀ ਜਾਣਕਾਰੀ ਸਰਕਾਰੀ ਏਜੰਸੀਆਂ ਨੂੰ ਨਹੀਂ ਦਿੱਤੀ ਹੈ।
ਪੇਪਰਸ ਵਿਚ 100 ਧਨ ਕੁਬੇਰਾਂ ਤੋਂ ਇਲਾਵਾ ਭਾਰਤ, ਪਾਕਿਸਤਾਨ, ਰੂਸ, ਯੂ. ਕੇ. ਮੈਕਸੀਕੋ ਦੇ ਸੈਲੀਬ੍ਰਿਟੀਆਂ ਦੇ ਨਾਂ ’ਤੇ ਕੰਪਨੀਆਂ ਮਿਲੀਆਂ ਹਨ। ਪੈਂਡੋਰਾ ਪੇਪਰਸ ਜਾਰਡਨ ਦੇ ਰਾਜਾ, ਯੂਕ੍ਰੇਨ, ਕੀਨੀਆ ਦੇ ਰਾਸ਼ਟਰਪਤੀਆਂ, ਚੈੱਕ ਰਿਪਬਲਿਕ ਦੇ ਪ੍ਰਧਾਨ ਮੰਤਰੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਿਯੋਗੀ ਅਤੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਸੰਬੰਧਤ ਜਾਣਕਾਰੀ ਉਜਾਗਰ ਕਰਦਾ ਹੈ। 3 ਅਕਤੂਬਰ ਨੂੰ ਜਾਰੀ ਸੰਸਥਾ ਦੀ ਰਿਪੋਰਟ ਵਿਚ ਪੀ. ਐੱਨ. ਬੀ. ਘਪਲੇ ਦੇ ਦੋਸ਼ੀ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ, ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ, ਪੌਪ ਸਿੰਗਰ ਸ਼ਕੀਰਾ, ਸੁਪਰ ਮਾਡਲ ਕਲਾਡੀਆ ਸ਼ਿਫਰ ਸਮੇਤ ਕਈ ਹੋਰ ਚੋਟੀ ਦੇ ਨੇਤਾਵਾਂ ਦੇ ਨਾਂ ਸ਼ਾਮਲ ਹਨ। ਪੈਂਡੋਰਾ ਪੇਪਰਸ ਵਿਚ 5 ਭਾਰਤੀ ਰਾਜਨੇਤਾਵਾਂ ਦੇ ਨਾਂ ਆਏ ਹਨ ਪਰ ਉਨ੍ਹਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ।
ਕੀ ਹੈ ‘ਪੰਡੋਰਾ ਪੇਪਰਜ਼’
ਦੁਨੀਆ ਭਰ ਦੀਆਂ 14 ਕੰਪਨੀਆਂ ਤੋਂ ਮਿਲੇ ਲਗਭਗ 1 ਕਰੋੜ 20 ਲੱਖ ਦਸਤਾਵੇਜ਼ਾਂ ਦੀ ਜਾਂਚ ਨਾਲ ਭਾਰਤ ਸਮੇਤ 91 ਦੇਸ਼ਾਂ ਅਤੇ ਖੇਤਰਾਂ ਦੇ ਸੈਂਕੜੇ ਨੇਤਾਵਾਂ, ਅਰਬਪਤੀਆਂ, ਮਸ਼ਹੂਰ ਹਸਤੀਆਂ, ਧਾਰਮਿਕ ਨੇਤਾਵਾਂ ਅਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਗੁਪਤ ਨਿਵੇਸ਼ਾਂ ਦਾ ਪਰਦਾਫਾਸ਼ ਹੋਇਆ ਹੈ। ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ ਨੇ ਇਹ ਰਿਪੋਰਟ ਜਾਰੀ ਕੀਤੀ, ਜੋ 117 ਦੇਸ਼ਾਂ ਦੇ 150 ਮੀਡੀਆ ਸੰਗਠਨਾਂ ਦੇ 600 ਪੱਤਰਕਾਰਾਂ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਇਨ੍ਹਾਂ ਮੀਡੀਆ ਸੰਗਠਨਾਂ ਵਿਚ ਬੀ.ਬੀ.ਸੀ., ਦਿ ਗਾਰਡੀਅਨ, ਦਿ ਵਾਸ਼ਿੰਗਟਨ ਪੋਸਟ, ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਅਤੇ ਭਾਰਤ ਦਾ ਦਿ ਇੰਡੀਅਨ ਐਕਸਪ੍ਰੈਸ ਸ਼ਾਮਲ ਹਨ। ਇਸ ਰਿਪੋਰਟ ਨੂੰ ‘ਪੰਡੋਰਾ ਪੇਪਰਜ਼’ (ਭਾਨੁਮਤੀ ਦੇ ਪਿਟਾਰੇ ’ਚੋਂ ਨਿਕਲੇ ਦਸਤਾਵੇਜ਼) ਕਰਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਇਸ ਨੇ ਪ੍ਰਭਾਵਸ਼ਾਲੀ ਅਤੇ ਭ੍ਰਿਸ਼ਟ ਲੋਕਾਂ ਦੀ ਲੁਕਾ ਕੇ ਰੱਖੀ ਦੌਲਤ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਕਿਵੇਂ ਹਜ਼ਾਰਾਂ ਅਰਬ ਡਾਲਰ ਦੀ ਗੈਰ-ਕਨੂੰਨੀ ਸੰਪਤੀ ਨੂੰ ਲੁਕਾਉਣ ਲਈ ਵਿਦੇਸ਼ ਵਿੱਚ ਖਾਤਿਆਂ ਦੀ ਵਰਤੋਂ ਕੀਤੀ। ‘ਪੰਡੋਰਾ ਪੇਪਰਜ਼’ ਵਿਚ ਸਚਿਨ ਤੇਂਦੁਲਕਰ, ਅਨਿਲ ਅੰਬਾਨੀ, ਵਿਨੋਦ ਅਡਾਨੀ, ਨੀਰਾ ਰਾਡੀਆ, ਸਤੀਸ਼ ਸ਼ਰਮਾ, ਜੈਕੀ ਸ਼ਰਾਫ, ਨੀਰਵ ਮੋਦੀ ਅਤੇ ਕਿਰਨ ਮਜ਼ੂਮਦਾਰ-ਸ਼ਾਅ ਸਮੇਤ 300 ਭਾਰਤੀ ਲੋਕਾਂ ਦੇ ਨਾਂ ਸ਼ਾਮਲ ਹਨ।
ਪਾਕਿਸਤਾਨੀਆਂ ਦੇ ਨਾਵਾਂ ਦੀ ਜ਼ਰਾ ਲੰਬੀ ਹੈ ਸੂਚੀ
ਪੈਂਡੋਰਾ ਪੇਪਰਸ ਵਿਚ ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਾਰਿਨ, ਸੀਨੇਟਰ ਫੈਸਲ ਵਾਵੜਾ, ਪੀ. ਐੱਮ. ਐੱਲ.-ਕਿਊ ਨੇਤਾ ਚੌਧਰੀ ਮੂਨਿਸ ਇਲਾਹੀ, ਇਸਹਾਕ ਡਾਰ ਦੇ ਬੇਟੇ, ਪੀ. ਪੀ. ਪੀ. ਦੇ ਸ਼ਰਜੀਲ ਮੇਮਨ, ਉਦਯੋਗ ਅਤੇ ਉਤਪਾਦਨ ਮੰਤਰੀ ਖੁਸਰੋ ਬਖਤਿਆਰ ਦਾ ਪਰਿਵਾਰ, ਪੀ. ਟੀ. ਆਈ. ਨੇਤਾ ਅਬਦੁੱਲ ਅਲੀਮ ਖਾਨ, ਐਕਸੈਕਟ ਦੇ ਸੀ. ਈ. ਓ. ਸ਼ੋਏਬ ਸ਼ੇਖ ਦੇ ਨਾਂ ਹਨ। ਕੁਝ ਸੇਵਾਮੁਕਤ ਫੌਜੀ ਅਧਿਕਾਰੀਆਂ, ਕਾਰੋਬਾਰੀਆਂ ਅਤੇ ਮੀਡੀਆ ਕੰਪਨੀ ਦੇ ਮਾਲਕਾਂ ਦੇ ਨਾਂ ਵੀ ਸਾਹਮਣੇ ਆਏ ਹਨ।
ਪੇਪਰਸ ਵਿਚ ਕੁਲ 700 ਤੋਂ ਵਧ ਪਾਕਿਸਤਾਨੀਆਂ ਦਾ ਨਾਂ ਲਿਆ ਗਿਆ ਹੈ। ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਦੇ ਅੰਦਰੂਨੀ ਸਰਕਲ ਦੇ ਪ੍ਰਮੁੱਖ ਮੈਂਬਰ, ਜਿਨ੍ਹਾਂ ਵਿਚ ਕੈਬਨਿਟ ਮੰਤਰੀ, ਉਨ੍ਹਾਂ ਦੇ ਪਰਿਵਾਰ ਅਤੇ ਪ੍ਰਮੁੱਖ ਵਿੱਤੀ ਹਮਾਇਤੀ ਸ਼ਾਮਲ ਹਨ, ਖੁਫੀਆ ਰੂਪ ਵਿਚ ਕਈ ਕੰਪਨੀਆਂ ਅਤੇ ਟਰੱਸਟਾਂ ਦੇ ਮਾਲਕੀਅਤ ਵਿਚ ਹਨ, ਜਿਨ੍ਹਾਂ ਕੋਲ ਲੱਖਾਂ ਡਾਲਰ ਦੀ ਲੁਕੀ ਹੋਈ ਜਾਇਦਾਦ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਹੈ ਕਿ ਇਮਰਾਨ ਖਾਨ ਕੋਲ ਵੀ ਅਜਿਹੀ ਕੋਈ ਜਾਇਦਾਦ ਹੈ ਜਾਂ ਨਹੀਂ।
25 ਮੌਜੂਦਾ ਤੇ ਸਾਬਕਾ ਰਾਸ਼ਟਰ ਪ੍ਰਧਾਨਾਂ, 330 ਤੋਂ ਵਧ ਰਾਜਨੇਤਾਵਾਂ ਦੀਆਂ ਫਾਈਲਾਂ
ਦੁਨੀਆ ਭਰ ਦੇ ਰਿਪੋਰਟਰਾਂ ਅਤੇ ਮੀਡੀਆ ਸੰਸਥਾਵਾਂ ਦੀ ਵਾਸ਼ਿੰਗਟਨ ਸਥਿਤ ਸੰਸਥਾ ਦੀਆਂ ਰਿਪੋਰਟਾਂ ਮੁਤਾਬਕ ਉਨ੍ਹਾਂ ਕੋਲ ਭਾਰਤ ਸਮੇਤ 91 ਦੇਸ਼ਾਂ ਦੇ ਲਗਭਗ 35 ਮੌਜੂਦਾ ਅਤੇ ਸਾਬਕਾ ਰਾਸ਼ਟਰ ਪ੍ਰਧਾਨਾਂ, 330 ਤੋਂ ਵਧ ਰਾਜਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਫਾਈਲਾਂ ਹਨ।
‘ਪੰਡੋਰਾ ਪੇਪਰਜ਼’ ’ਚ ਆਏ ਲੋਕਾਂ ਦੀ ਹੋਵੇਗੀ ਜਾਂਚ—ਇਮਰਾਨ ਖਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਮੇਰੀ ਸਰਕਾਰ ਪੰਡੋਰਾ ਪੇਪਰਸ ਵਿਚ ਦਰਜ ਦੇਸ਼ ਦੇ ਸਾਰੇ ਨਾਗਰਿਕਾਂ ਦੀ ਜਾਂਚ ਕਰੇਗੀ ਅਤੇ ਜੇ ਕੋਈ ਗਲਤੀ ਪਾਈ ਗਈ ਤਾਂ ਅਸੀਂ ਉਚਿਤ ਕਾਰਵਾਈ ਕਰਾਂਗੇ। ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਗੰਭੀਰ ਬੇਇਨਸਾਫ਼ੀ ਨੂੰ ਜਲਵਾਯੂ ਪਰਿਵਰਤਨ ਸੰਕਟ ਦੇ ਬਰਾਬਰ ਮੰਨਣ ਦੀ ਅਪੀਲ ਕਰਦਾ ਹਾਂ। ਖਾਨ ਨੇ ਕਿਹਾ ਕਿ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੇ ਭਾਰਤ ਦੀ ਸੰਪਤੀ ਨੂੰ ਲੁੱਟਿਆ, ਉਸੇ ਤਰ੍ਹਾਂ ਵਿਕਾਸਸ਼ੀਲ ਦੇਸ਼ਾਂ ਦੇ ਉੱਚ ਵਰਗ ਵੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਬਦਕਿਸਮਤੀ ਨਾਲ, ਅਮੀਰ ਦੇਸ਼ ਨਾ ਤਾਂ ਇਸ ਵੱਡੀ ਲੁੱਟ ਨੂੰ ਰੋਕਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਨਾ ਹੀ ਇਸ ਲੁੱਟੇ ਹੋਏ ਪੈਸੇ ਨੂੰ ਵਾਪਸ ਲਿਆਉਣ ਵਿਚ। ਖਾਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਵਿੱਤੀ ਜਵਾਬਦੇਹੀ, ਪਾਰਦਰਸ਼ਤਾ ਅਤੇ ਅਖੰਡਤਾ ਪੈਨਲ (ਐੱਫ.ਏ.ਸੀ.ਟੀ.ਆਈ.) ਨੇ ਗਣਨਾ ਕੀਤੀ ਹੈ ਕਿ 7 ਟ੍ਰਿਲੀਅਨ ਡਾਲਰ ਦੀ ਰਕਮ ਨੂੰ ਲੁਕਾ ਕੇ ਰੱਖਿਆ ਗਿਆ ਹੈ। ਖਾਨ ਨੇ ਕਿਹਾ ਕਿ ਉਨ੍ਹਾਂ ਦਾ ਦੋ ਦਹਾਕਿਆਂ ਤੋਂ ਵੱਧ ਦਾ ਸੰਘਰਸ਼ ਇਸ ਵਿਸ਼ਵਾਸ ’ਤੇ ਅਧਾਰਤ ਰਿਹਾ ਹੈ ਕਿ ਦੇਸ਼ ਗ਼ਰੀਬ ਨਹੀਂ ਹਨ, ਸਗੋਂ ਭ੍ਰਿਸ਼ਟਾਚਾਰ ਗ਼ਰੀਬੀ ਦਾ ਕਾਰਨ ਬਣਦਾ ਹੈ, ਕਿਉਂਕਿ ਪੈਸਾ ਸਾਡੇ ਦੇਸ਼ ਵਿਚ ਨਿਵੇਸ਼ ਕਰਨ ਤੋਂ ਰੋਕਿਆ ਜਾਂਦਾ ਹੈ।
Comment here