ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਪੂੰਜੀਵਾਦੀ ਸਮਾਜ ਤੇ ਉਦਾਸ ਮਿਡਲ ਕਲਾਸ ਲੋਕ

ਅਜੋਕਾ ਮਨੁੱਖ ਬਹੁਤ ਉਦਾਸ ਰਹਿੰਦਾ ਹੈ। ਕਿਸ਼ੋਰ ਅਵਸਥਾ ਤੋਂ ਹੀ ਲੜਕੇ-ਲੜਕੀਆਂ ਉਦਾਸ, ਮਾਯੂਸ ਅਤੇ ਚਿੰਤਤ ਰਹਿਣ ਲਗਦੇ ਹਨ। ਇਸ ਉਦਾਸੀ ਦਾ ਵੱਡਾ ਕਾਰਨ ਮੁਕਾਬਲੇਬਾਜ਼ੀ ਹੈ। ਅਜੋਕੇ ਮਾਂ-ਬਾਪ ਬਚਪਨ ਤੋਂ ਹੀ ਬੱਚਿਆਂ ਨੂੰ ਮੁਕਾਬਲੇਬਾਜ਼ੀ ਵਿਚ ਪਾ ਦਿੰਦੇ ਹਨ। ਹੁਣ ਇਹ ਤਾਂ ਸਭ ਜਾਣਦੇ ਹੀ ਹਨ ਕਿ ਅੱਵਲ ਜਾਂ ਦੋਇਮ ਤਾਂ ਜਮਾਤ ਦੇ ਦੋ ਵਿਦਿਆਰਥੀਆਂ ਨੇ ਹੀ ਆਉਣਾ ਹੁੰਦਾ ਹੈ, ਬਾਕੀ ਵਿਦਿਆਰਥੀ ਕੀ ਕਰਨ, ਕਿੱਧਰ ਜਾਣ? ਉੱਪਰੋਂ ਸਿਤਮ ਇਹ ਕਿ ਉਨ੍ਹਾਂ ਦੇ ਮਾਪਿਆਂ ਨੇ ਨਤੀਜੇ ਵਾਲੇ ਦਿਨ ਸਭ ਤੋਂ ਪਹਿਲਾਂ ਨੰਬਰਾਂ ਵਾਲਾ ਕਾਰਡ ਹੀ ਦੇਖਣਾ ਹੁੰਦਾ ਹੈ। ਬੱਚਾ ਕੀ ਚਾਹੁੰਦਾ ਹੈ, ਉਸ ਦੀ ਕੀ ਮਰਜ਼ੀ ਹੈ, ਇਹ ਸਭ ਪਵੇ, ਢੱਠੇ ਖੂਹ ਵਿਚ। ਸਿੱਟੇ ਵਜੋਂ ਕਈ ਵਾਰ ਘੱਟ ਨੰਬਰ ਲੈਣ ਵਾਲੇ ਬੱਚੇ, ਮਾਪਿਆਂ ਦੇ ਡਰ ਕਾਰਨ ਘਰ ਹੀ ਨਹੀਂ ਜਾਂਦੇ। ਘਰ ਜਾਣ ਤੋਂ ਪਹਿਲਾਂ ਹੀ ਆਤਮ-ਹੱਤਿਆ ਕਰ ਲੈਂਦੇ ਹਨ। ਬੱਚਾ ਤਾਂ ਆਪਣੀ ਜੀਵਨ-ਲੀਲ੍ਹਾ ਸਮਾਪਤ ਕਰਕੇ ਸੁਰਖ਼ਰੂ ਹੋ ਜਾਂਦਾ ਹੈ। ਬਾਅਦ ਵਿਚ ਮਾਪੇ ਰਹਿੰਦੀ ਉਮਰ ਤਿਲ-ਤਿਲ ਕਰਕੇ ਮਰਦੇ ਰਹਿੰਦੇ ਹਨ। ਅਸੀਂ ਮੱਧ ਸ਼੍ਰੇਣਿਕ ਲੋਕ ਅਜੇ ਤੱਕ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਕੁਦਰਤ ਨੇ ਹਰ ਜੀਵ ਅਤੇ ਮਨੱਖ ਨੂੰ ਵੱਖਰਾ-ਵੱਖਰਾ ਬਣਾਇਆ ਹੁੰਦਾ ਹੈ। ਕੋਈ ਵੀ ਦੋ ਜਣੇ ਇਕ-ਜੈਸੇ ਨਹੀਂ ਹੁੰਦੇ। ਨਾ ਸ਼ਕਲੋਂ-ਸੂਰਤੋਂ ਅਤੇ ਨਾ ਅਕਲੋਂ-ਦਿਮਾਗ਼ੋਂ। ਫਿਰ ਉਨ੍ਹਾਂ ਦੀ ਆਪਸ ਵਿਚ ਤੁਲਨਾ ਕਿਵੇਂ ਕਰੀਏ? ਸਾਡੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਸਾਡਾ ਬੱਚਾ ਖੁਸ਼ ਰਹੇ, ਸਮਾਜ ਅਤੇ ਦੇਸ਼ ਨੂੰ ਅੱਗੇ ਵਧਾਉਣ ਦਾ ਜਜ਼ਬਾ ਰੱਖੇ, ਬਣੇ ਉਹ ਜੋ ਚਾਹੇ, ਉਸ ਦੀ ਮਰਜ਼ੀ। ਆਈ.ਏ.ਐਸ., ਡਾਕਟਰ, ਇੰਜੀਨੀਅਰ ਜਾਂ ਪੀ.ਸੀ.ਐਸ. ਅਫ਼ਸਰ ਬਹੁਤੇ ਖੁਸ਼ ਨਹੀਂ ਹੁੰਦੇ ਅਤੇ ਬਹੁਤੀ ਵਾਰ ਤਾਂ ਇੰਜ ਵੀ ਹੁੰਦਾ ਹੈ ਕਿ ਇਹੋ ਜਿਹੇ ਉੱਚੇ ਅਹੁਦਿਆਂ ਉੱਪਰ ਲੱਗੇ ਲੋਕ ਆਪਣੇ ਮਾਤਾ-ਪਿਤਾ ਨੂੰ ਵੀ ਅੰਦਰੋ-ਅੰਦਰ ਨਾਪਸੰਦ ਕਰਦੇ ਹੁੰਦੇ ਹਨ।

ਸਾਡਾ ਰਵਾਇਤੀ ਸਮਾਜ ਬੰਦਿਆਂ ਦਾ ਮੁਲਾਂਕਣ ਕਰਨ ਸਮੇਂ ਉਨ੍ਹਾਂ ਨੂੰ ਦਰਜਾਬੰਦੀ ਵਿਚ ਪਾ ਕੇ ਉੱਪਰ-ਹੇਠ ਕਰਕੇ ਵੇਖਣ ਦਾ ਆਦੀ ਹੈ। ਮੂੰਹੋਂ-ਮੂੰਹੋਂ ਭਾਵੇਂ ਅਸੀਂ ਕੁਝ ਕਹਿੰਦੇ ਰਹੀਏ ਪਰ ਅਸੀਂ ਬਰਾਬਰੀ/ਸਮਾਨਤਾ ਦੇ ਸਿਧਾਂਤ ਨੂੰ ਨਹੀਂ ਮੰਨਦੇ। ਸਾਨੂੰ ਚਾਹੀਦਾ ਹੈ ਕਿ ਆਪਣੇ ਸਮਾਜ ਨੂੰ ਖੜ੍ਹਵੇਂ ਰੁਖ਼ (ਵਰਟੀਕਲ) ਵੇਖਣ ਦੀ ਬਜਾਏ ਲੇਟਵੇਂ ਰੁਖ਼ (ਹਾਰੀਜ਼ਾਂਟਲ) ਵੇਖੀਏ। ਰੱਬ ਨੇ ਪੂਰੀ ਪ੍ਰਕਿਰਤੀ ਨੂੰ ਇਸੇ ਪ੍ਰਕਾਰ ਬਣਾਇਆ ਹੈ। ਹਰ ਕੋਈ ਇਕ-ਦੂਜੇ ਦੇ ਸਮਾਨ ਹੈ। ਕੋਈ ਉੱਪਰੋਂ ਨਹੀਂ ਡਿਗਿਆ ਹੁੰਦਾ। ਕਿਸੇ ਨੂੰ ਚੰਗਾ ਮੌਕਾ ਮਿਲ ਜਾਂਦਾ ਹੈ, ਉਸ ਦਾ ਦਾਅ ਲੱਗ ਜਾਂਦਾ ਹੈ। ਉਹ ਆਪਣੀ ਅਤੇ ਆਪਣੇ ਮਾਪਿਆਂ ਦੀ ਚਤੁਰਾਈ ਦੁਆਰਾ ਧਨਵਾਨ ਬਣ ਜਾਂਦਾ ਹੈ ਅਤੇ ਜਿਸ ਦੇ ਮਾਪਿਆਂ ਪਾਸ ਚਤੁਰਾਈ ਨਹੀਂ ਹੁੰਦੀ, ਉਹ ਗ਼ਰੀਬੀ ਵਿਚ ਜੀਵਨ ਬਿਤਾਈ ਜਾਂਦਾ ਹੈ। ਪਰ ਅਮੀਰੀ ਅਤੇ ਗ਼ਰੀਬੀ ਚੰਗੇ-ਮਾੜੇ ਵਿਅਕਤੀ ਹੋਣ ਦੇ ਪ੍ਰਮਾਣ ਨਹੀਂ ਹਨ। ਬੇਸ਼ੱਕ ਅਜੋਕੇ ਪੂੰਜੀਵਾਦੀ ਨਿਜ਼ਾਮ ਵਿਚ ਮੁਕਾਬਲੇਬਾਜ਼ੀ ਵਿਚ ਪਛੜ ਜਾਣ ਵਾਲੇ ਵਿਅਕਤੀ ਨੂੰ ਬਹੁਤਾ ਇੱਜ਼ਤ-ਮਾਣ ਨਹੀਂ ਮਿਲਦਾ। ਬਾਹਰਲੇ ਲੋਕਾਂ ਨੇ ਤਾਂ ਉਸ ਦੀ ਕੀ ਕਦਰ ਕਰਨੀ ਹੋਈ, ਘਰ ਵਾਲੇ ਵੀ ਸਦਾ ਉਸ ਦੀ ਨੁਕਤਾਚੀਨੀ ਕਰਦੇ ਰਹਿੰਦੇ ਹਨ। ਕਾਮਯਾਬ ਵਿਅਕਤੀਆਂ ਨਾਲ ਉਸ ਦੀ ਤੁਲਨਾ ਕਰਕੇ ਉਸ ਨੂੰ ਘਟੀਆ ਸਿੱਧ ਕਰਦੇ ਰਹਿੰਦੇ ਹਨ। ਸਿੱਟੇ ਵਜੋਂ ਅਜਿਹਾ ਵਿਅਕਤੀ ‘ਘਟੀਆਪਣ ਦੀ ਗ੍ਰੰਥੀ’ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਪਛੜੇ ਹੋਏ ਵਿਅਕਤੀ ਅਸਲ ਵਿਚ ਘਟੀਆ ਨਹੀਂ ਹੁੰਦੇ। ਸਾਡਾ ਸਮਾਜ ਉਨ੍ਹਾਂ ਉੱਪਰ ਘਟੀਆਪੁਣਾ ਠੋਸ ਦਿੰਦਾ ਹੈ ਅਤੇ ਉਹ ਵਿਚਾਰੇ ਚੁੱਪ-ਚਾਪ ਇਸ ਵਿਸ਼ੇਸ਼ਣ ਨੂੰ ਸਵੀਕਾਰ ਕਰ ਲੈਂਦੇ ਹਨ। ਪਰ ਯਾਦ ਰਹੇ! ਲੋਕਾਂ ਦੀ ਪ੍ਰਸੰਸਾ ਦਾ ਪਾਤਰ ਬਣਨਾ ਵੀ ਬੰਦੇ ਨੂੰ ‘ਅਪ੍ਰਮਾਣਿਕ’ ਬਣਾ ਦਿੰਦਾ ਹੈ। ਰੱਬ ਸਾਨੂੰ ਸਾਡਾ ਜੀਵਨ ਲੋਕਾਂ ਨੂੰ ਖੁਸ਼ ਕਰਨ ਲਈ ਨਹੀਂ ਦਿੰਦਾ। ਲੋਕ ਤਾਂ ਆਪਣਾ ਕੰਮ ਕਢਵਾਉਣ ਲਈ ਤੁਹਾਡੀ ਪ੍ਰਸੰਸਾ ਕਰਦੇ ਹਨ। ਜੇ ਤੁਸੀਂ ਆਪਣਾ ਕੰਮ ਅਤੇ ਜੀਵਨ ਛੱਡ ਕੇ ਲੋਕਾਂ ਦਾ ਕੰਮ ਕਰਦੇ-ਜਿਊਂਦੇ ਰਹੋਗੇ ਤਾਂ ਆਪਣਾ ਜੀਵਨ ਕਦੋਂ ਜੀਵੋਗੇ? ਸੋ ਮਤਲਬੀ ਲੋਕਾਂ ਨੂੰ ਨਾਰਾਜ਼ ਹੋ ਜਾਣ ਦਿਉ। ਇਸੇ ਵਿਚ ਤੁਹਾਡੀ ਸੁਤੰਤਰਤਾ ਹੈ। ਆਪਣੀ ਸੁਤੰਤਰਤਾ ਨੂੰ ਕਦੇ ਨਾ ਤਿਆਗੋ। ਕਿਉਂਕਿ ਸੁਤੰਤਰ ਜੀਵਨ ਹੀ ਸਾਡਾ ਲਕਸ਼ ਹੋਣਾ ਚਾਹੀਦਾ ਹੈ।
ਇਹ ਵੀ ਯਾਦ ਰੱਖੋ ਕਿ ਹਰ ਬੰਦਾ ਆਪਣੇ ਜੀਵਨ ਵਿਚ ਜਦੋਂ ਚਾਹੇ ਬਦਲ ਸਕਦਾ ਹੈ। ਸਮੱਸਿਆ ਇਹ ਬਣਦੀ ਹੈ ਕਿ ਅਸੀਂ ਆਪਣਾ ਜੀਵਨ ਬਦਲਣ ਲਈ ਹੌਸਲਾ ਨਹੀਂ ਦਿਖਾ ਸਕਦੇ। ਦੱਬੂ ਬਣ ਕੇ ਆਪਣੇ ਹੀ ਟਿਕਾਣੇ ‘ਤੇ ਦੁਬਕੇ ਰਹਿੰਦੇ ਹਾਂ। ਬਦਲਣ ਲਈ ਹੌਸਲੇ ਦੀ ਜ਼ਰੂਰਤ ਪੈਂਦੀ ਹੈ। ਆਪਣੇ ਸੁਭਾਅ, ਆਦਤਾਂ, ਵੇਸ਼-ਭੂਸ਼ਾ ਨੂੰ ਨਿਰੰਤਰ ਬਦਲਦੇ ਰਹਿਣਾ ਚਾਹੀਦਾ ਹੈ। ਇਸ ਨਾਲ ਬੰਦੇ ਦੇ ਨਿੱਜੀ ਜੀਵਨ ਵਿਚ ਰੰਗੀਨੀ ਆ ਜਾਂਦੀ ਹੈ, ਉਸ ਦੀ ਵਿਚਾਰਧਾਰਾ ਵੀ ਯੁਗ ਅਨੁਕੂਲ ਅਤੇ ਵਧੇਰੇ ਪ੍ਰਾਸੰਗਿਕ ਬਣ ਜਾਂਦੀ ਹੈ। ਕੁਦਰਤ ਨੂੰ ਹੀ ਦੇਖੋ, ਇਹ ਵੀ ਹਰ ਵਰ੍ਹੇ ਤਿੰਨ-ਚਾਰ ਰੰਗ ਤਾਂ ਬਦਲਦੀ ਹੀ ਬਦਲਦੀ ਹੈ। ਬੰਦੇ ਨੂੰ ਕੁਦਰਤ (ਫੁੱਲਾਂ, ਰੁੱਖਾਂ, ਬੂਟਿਆਂ) ਤੋਂ ਤਬਦੀਲੀ ਦਾ ਪਾਠ ਪੜ੍ਹ ਲੈਣਾ ਚਾਹੀਦਾ ਹੈ।
ਜਿਹੜਾ ਬੰਦਾ ਸਵੈ-ਕੇਂਦਰਿਤ ਰਹਿੰਦਾ ਹੈ, ਉਹ ਬੇਸ਼ੱਕ ਕਿੰਨੀ ਵੀ ਆਰਥਿਕ-ਪਦਾਰਥਕ ਪ੍ਰਗਤੀ ਕਰ ਜਾਵੇ, ਉਹ ਖੁਸ਼ ਨਹੀਂ ਰਹਿ ਸਕਦਾ। ਖੁਸ਼ ਰਹਿਣ ਲਈ, ਪ੍ਰਫੁੱਲਿਤ ਹੋਣ ਲਈ ਪਰ-ਕੇਂਦਰਿਤ ਹੋਣ ਦੀ ਵੀ ਜ਼ਰੂਰਤ ਪੈਂਦੀ ਹੈ। ਜਿੰਨੀ ਦੇਰ ਤੱਕ ਕੋਈ ਬੰਦਾ ਆਪਣੇ ਸਮੁਦਾਇ (ਕਮਿਊਨਿਟੀ) ਅਤੇ ਸਮਾਜ ਦੇ ਕੰਮ ਨਹੀਂ ਆਉਂਦਾ, ਓਨੀ ਦੇਰ ਤੱਕ ਉਹ ਖਿਝਿਆ ਅਤੇ ਨਿਮੋਝੂਣਾ ਬਣਿਆ ਰਹਿੰਦਾ ਹੈ। ਖੁਸ਼ੀ ਸਾਨੂੰ ਦੂਸਰਿਆਂ ਦੇ ਕੰਮ ਆ ਕੇ, ਉਨ੍ਹਾਂ ਦਾ ਕੁਝ ਸੰਵਾਰ ਕੇ ਹੀ ਹਾਸਲ ਹੁੰਦੀ ਹੈ, ਆਪਣਿਆਂ ਦੀਆਂ ਲੋੜਾਂ ਪੂਰੀਆਂ ਕਰਕੇ ਨਹੀਂ ਮਿਲਦੀ। ਇਸ ਲਈ ਦੂਸਰਿਆਂ ਨੂੰ ਪਹਿਲ ਦਿਉ, ਉਨ੍ਹਾਂ ਨੂੰ ਖੁਸ਼ੀ ਦੇਵੋ। ਫਿਰ ਉਹੀ ਖੁਸ਼ੀ ਕਈ ਗੁਣਾ ਵਧ ਕੇ ਸਾਨੂੰ ਹਾਸਲ ਹੋਵੇਗੀ।
ਬੰਦੇ ਦੀ ਆਦਤ ਹੈ ਕਿ ਉਹ ਸਦਾ ਦੂਸਰਿਆਂ ਨੂੰ ਬਦਲਣ ਜਾਂ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਜ਼ਿਦ ਛੱਡ ਦੇਵੋ। ਆਪਣੇ-ਆਪ ਨੂੰ ਬਦਲੋ, ਬਦਲਦੇ ਰਹੋ, ਫਿਰ ਦੇਖਣਾ ਤੁਹਾਡਾ ਵਿਸ਼ਾਦ ਜਾਂ ਤੁਹਾਡੀ ਨਿਰਾਸ਼ਾ ਕਿਵੇਂ ਖੰਭ ਲਾ ਕੇ ਉੱਡ ਜਾਵੇਗੀ। ਮੰਜ਼ਿਲ ਉੱਪਰ ਪਹੁੰਚਣ ਦੀ ਕਾਹਲ ਜਾਂ ਜ਼ਿਦ ਨਾ ਕਰੋ। ਯਾਦ ਰੱਖੋ ਕਿ ਚੱਲਣਾ ਹੀ ਜੀਵਨ ਹੈ। ਨਿਰੰਤਰ ਚਲਦੇ ਰਹੋ।
-ਬ੍ਰਹਮ ਜਗਦੀਸ਼ ਸਿੰਘ

Comment here