ਸਿਆਸਤਖਬਰਾਂ

ਪੂਰੇ ਹੌਸਲੇ ਚ ਨੇ ਸੁਖਬੀਰ ਬਾਦਲ, ਜਿੱਤ ਦੀ ਹੈ ਆਸ

ਪਠਾਨਕੋਟ- ਪੰਜਾਬ ਚ ਅਗਲੇ ਸਾਲ ਹੋ ਰਹੀ ਵਿਧਾਨ ਸਭਾ ਚੋਣ ਲਈ ਸਭ ਤੋਂ ਪਹਿਲਾਂ ਚੋਣ ਸਰਗਰਮੀ ਮਘਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਜਿੱਤ ਨੂੰ ਲੈ ਕੇ ਪੂਰੇ ਆਸਵੰਦ ਹਨ। ਉਹਨਾਂ ਨੇ ਅੱਜ ਕਿਹਾ ਕਿ ਅਕਾਲੀ ਦਲ ਜੋ ਪੰਜਾਬੀਆਂ ਦੀ ਇਕਲੌਤੀ ਪਾਰਟੀ ਹੈ, ਉਹ ਹੀ ਤਿੰਨਾਂ ਸਰਕਾਰਾਂ ਨੂੰ ਹਰਾ ਸਕਦੀ ਹੈ ਜਿਹਨਾਂ ਖਿਲਾਫ ਉਹ ਡਟੀ ਹੈ ਭਾਵੇਂ ਉਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੋਵੇ, ਆਪ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਜਾਂ ਫਿਰ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੀ ਕਿਉਂ ਨਾ ਹੋਵੇ। ਸੁਜਾਨਪੁਰ ਵਿਚ ਰਾਜ ਕੁਮਾਰ ਗੁਪਤਾ ਦੀ ਹਮਾਇਤ ਵਿਚ ਹਿੰਦੂ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀ ਕਦੇ ਵੀ ਬਾਹਰਲਿਆਂ ਨੁੰ ਉਹਨਾਂ ’ਤੇ ਰਾਜ ਕਰਨ ਨਹੀਂ ਦੇਣਗੇ ਤੇ ਉਹ ਅਕਾਲੀ ਦਲ ’ਤੇ ਭਰੋਸਾ ਪ੍ਰਗਟਾਉਣਗੇ ਕਿ ਅਕਾਲੀ ਦਲ ਹੀ ਖੇਤਰੀ ਆਸਾਂ ਤੇ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਉਹਨਾਂ ਕਿਹਾ ਕਿ ਜਿਵੇਂ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਸਫਲ ਹੋਏ ਹਨ, ਅਸੀਂ ਵੀ ਸਾਡੇ ਖਿਲਾਫ ਡਟੀਆਂ ਤਿੰਨਾਂ ਤਾਕਤਾਂ ਨੂੰ ਮਾਤ ਦਿਆਂਗੇ ਤੇ 2022 ਵਿਚ ਜੇਤੂ ਹੋ ਕੇ ਨਿੱਤਰਾਂਗੇ। ਇਸ ਤੋਂ ਪਹਿਲਾਂ ਹਜ਼ਾਰਾਂ ਸ਼ਹਿਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਦਾ ਸੁਜਾਨਪੁਰ ਦੇ ਪ੍ਰਵੇਸ਼ ਦੁਆਰ ’ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਹਨਾਂ ਨੂੰ ਫੁੱਲਾਂ ਦੇ ਹਾਰ ਪਾਏ ਤੇ ਫੁੱਲਾਂ ਪੱਤੀਆਂ ਬਰਸਾਈਆਂ। ਇਕ  ਸਵਾਲ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਖਾਲੀ ਕੁਰਸੀਆਂ ਕਰਦੀਆਂਹ ਨ ਤੇ ਇਸ ਤੋਂ ਚੰਨੀ ਤੇ ਕਾਂਗਰਸ ਪਾਰਟੀ ਦੋਹਾਂ ਦੀ ਲੋਕਪ੍ਰਿਅਤਾ ਦਾ ਪਤਾ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇਸੇ ਲਈ ਉਹ ਨਮੋਸ਼ੀ ਵਿਚ ਹੈ ਜਿਸ ਕਾਰਨ ਪਾਰਟੀ ਵਿਚ ਖਾਨਾਜੰਗੀ ਛਿੜੀ ਹੋਈ ਹੈ। ਉਹਨਾਂ ਕਿਹਾ ਕਿ ਇਸ ਕਾਰਨ ਆਉਂਦੇ ਦਿਨਾਂ ਵਿਚ ਕਾਂਗਰਸ ਪਾਰਟੀ ਦਾ ਆਪ ਹੀ ਭੋਗ ਪੈ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੁੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਪੰਜਾਬੀਆਂ ਨੁੰ ਦੱਸਣ ਕਿ ਉਹਨਾਂ ਨੇ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਕਿਉਂ ਦਾਇਰ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਸਰਕਾਰ ਨੇ ਹਲਫੀਆ ਬਿਆਨ ਦਾਇਰ ਕਰ ਕੇ ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦੀ ਵੀ ਹਮਾਇਤ ਕੀਤੀ ਸੀ। ਉਹਨਾਂ ਕਿਹਾ ਕਿ ਇਸ ਵੇਲੇ ਕੇਜਰੀਵਾਲ ਸੂਬੇ ਦੀਆਂ ਸਾਰੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਡਰਾਮਾ ਕਰ ਰਿਹਾ ਹੈ ਤੇ ਪੰਜਾਬ ਵਿਚ ਇਹ ਪੱਤਾ ਨਹੀਂ ਚੱਲੇਗਾ। ਉਹਨਾਂ ਕਿਹਾ ਕਿ ਪੰਜਾਬੀ ਕੇਜਰੀਵਾਲ ਤੋਂ ਪੁੱਛ ਰਹੇ ਹਨ ਕਿ ਦਿੱਲੀ ਵਿਚ ਕਿਸੇ ਵੀ ਮਹਿਲਾ ਨੁੰ ਹੁਣ ਤੱਕ 1000 ਰੁਪਏ ਕਿਉਂ ਨਹੀਂ ਮਿਲੇ। ਉਹਨਾਂ ਕਿਹਾ ਕਿ ਇਸੇ ਤਰੀਕੇ ਕੇਜਰੀਵਾਲ ਪੰਜਾਬ ਦੇ ਠੇਕੇ ’ਤੇ ਕੰਮ ਕਰਦੇ ਅਧਿਆਪਕਾਂ ਨੁੰ ਪੱਕਾ ਕਰਨ ਦੀ ਗੱਲ ਕਰ ਰਹੇ ਹਨ ਪਰ ਉਹਨਾਂ ਦੀ ਆਪਣੀ ਸਰਕਾਰ ਨੇ ਦਿੱਲੀ ਵਿਚ ਹੁਣ ਤੱਕ ਕਈ ਸਾਲਾਂ ਤੋਂ 10 ਹਜ਼ਾਰ ਮੁਲਾਜ਼ਮ ਪੱਕੇ ਨਹੀਂ ਕੀਤੇ। ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਪੰਜਾਬੀਆਂ ਨੂੰ ਉਸ ਤਰੀਕੇ ਫਾਰਮ ਭਰਨ ਵਾਸਤੇ ਨਹੀਂ ਆਖੇਗਾ ਜਿਵੇਂ ਪਹਿਲਾਂ ਕਾਂਗਰਸ ਨੇ ਭਰਵਾਏ ਸਨ ਤੇ ਐਤਕੀਂ ਆਪ ਵਾਲੇ ਫਾਰਮ ਭਰਵਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ’ਤੇ ਹਮੇਸ਼ਾ ਖਰੇ ਉਤਰੇ ਹਾਂ ਭਾਵੇਂ ਉਹ ਕਿਸਾਨਾਂ ਨੂੰ ਖੇਤੀਬਾੜੀ ਲਈ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਸ਼ਗਨ ਸਕੀਮ, ਆਟਾ ਦਾਲ ਸਕੀਮ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਹੋਣ, ਇਹ ਸਾਰੀਆਂ ਸਰਕਾਰਾਂ ਬਣਦਿਆਂ ਹੀ ਸ਼ੁਰੂ ਕੀਤੀਆਂ ਗਈਆਂ ਸਨ।  ਬਾਦਲ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਲੋਕ ਅਕਾਲੀ ਦਲ ’ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਇਸਨੇ ਲੋਕਾਂ ਨਾਲ ਜੋ ਵਾਅਦੇ ਕੀਤੇ, ਉਹ ਹਮੇਸ਼ਾ ਨਿਭਾਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬੀ ਪੀ ਐਲ ਪਰਿਵਾਰਾਂ ਵਿਚੋਂ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਪਿਛਲੀ ਵਾਰ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਸੀ, ਐਤਕੀਂ ਅਸੀਂ ਹਰ ਘਰੇਲੂ ਖਪਤਕਾਰ ਨੁੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਦਿਆਂਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਗਠਜੋੜ ਸਰਕਾਰ ਸੂਬੇ ਦੇ ਕਾਲਜਾਂ ਵਿਚ ਸਰਕਾਰੀ ਸਕੂਲਾਂ ਵਿਚੋਂ ਪੜ੍ਹੇ ਬੱਚਿਆਂ ਨੁੰ 33 ਫੀਸਦੀ ਰਾਖਵਾਂਕਰਨ ਦੇਵੇਗੀ। ਉਹਨਾਂ ਕਿਹਾ ਕਿ ਵਪਾਰੀਆਂ ਨੂੰ ਯਕੀਨੀ ਜੀਵਨ ਬੀਮਾ, ਅਗਜ਼ਨੀ ਦੇ ਮਾਮਲੇ ਵਿਚ ਬੀਮਾ ਤੇ ਮੈਡੀਕਲ ਬੀਮਾ 10 ਲੱਖ ਰੁਪਏ ਹਰੇਕ ਦੀ ਸਹੂਲਤ ਦਿੱਤੀ ਜਾਵੇਗੀ ਜਦੋਂ ਕਿ ਨੌਜਵਾਨ ਉਦਮੀਆਂ ਨੂੰ 5 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਵਿਆਜ਼ ਤੋਂ ਪ੍ਰਦਾਨ ਕੀਤਾ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਉਹ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਉਸੇ ਤਰੀਕੇ ਦ੍ਰਿੜ੍ਹ ਸੰਕਲਪ ਹਨ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜ ਵਾਰ ਮੁੱਖ ਮੰਤਰੀ ਹੁੰਦਿਆਂ ਸੂਬੇ ਵਿਚ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪਾਰਟੀ ਨੇ ਸਮਾਜ ਵਿਚ ਵੰਡੀਆਂ ਪਾ ਦਿੱਤੀਆਂ ਜਿਸ ਨਾਲ ਸਮਾਜਿਕ ਤਾਣਾ ਬਾਣਾ ਲੀਰੋ ਲੀਰ ਹੋ ਗਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਤੇ ਗੈਂਗਸਟਰਾਂ ਨੇ ਵਪਾਰੀਆਂ ਤੇ ਉਦਯੋਗਪਤੀਆਂ ਤੋਂ ਫਿਰੌਤੀਆਂ ਮੰਗ ਕਰ ਕੇ ਉਹਨਾਂ ਵਿਚ ਦਹਿਸ਼ਤ ਪੈਦਾ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਪਠਾਨਕੋਟ ਤੋਂ ਸੁਜਾਨਪੁਰ ਤੱਕ ਮੋਟਰ ਸਾਈਕਲ ਰੈਲੀ ਵਿਚ ਵੀ ਸ਼ਮੂਲੀਅਤ ਕੀਤੀ। ਇਸ ਰੈਲੀ ਵਿਚ ਸੈਂਕੜੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਭਾਗ ਲਿਆ। ਉਹਨਾਂ ਨੇ ਬਟਾਲਾ ਵਿਚ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਾਰਟੀ ਦੇ ਆਗੂ ਰਮਨਦੀਪ ਸਿੰਘ ਦੀ ਰਿਹਾਇਸ਼ ’ਤੇ ਇਕੱਠ ਨੁੰ ਸੰਬੋਧਨ ਕੀਤਾ ਤੇ ਲੋਕਾਂ ਨੁੰ ਅਪੀਲ ਕੀਤੀ ਕਿ ਵੁਹ ਬਟਾਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੂੰ ਵੋਟਾਂ ਪਾਉਣ ਤੇ ਉਹਨਾਂ ਦੀ ਹਮਾਇਤ ਕਰਨ । ਸਰਦਾਰ ਬਾਦਲ ਨੇ ਦੀਨਾਨਗਰ ਵਿਚ ਬਸਪਾ ਦੇ ਉਮੀਦਵਾਰ ਕਮਲਜੀਤ ਚਾਵਲਾ ਦੀ ਹਮਾਇਤ ਵਿਚ ਪ੍ਰੋਗਰਾਮ ਕੀਤੇ। ਉਹਨਾਂ ਦੇ ਨਾਲ ਸੀਨੀਅਰ ਆਗੂ ਸ੍ਰੀ ਅਨਿਲ ਜੋਸ਼ੀ ਤੇ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਵੀ ਸਨ । ਉਹ ਸ਼ਾਹਪੁਰ ਕੰਡੀ ਵਿਖ ਸ਼੍ਰਧਾ ਆਸ਼ਰਮ ਵੀ ਗਏ।

Comment here