ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੂਰੇ ਭਾਰਤ ਚ ਪੱਸਰਿਆ ਹੈ ਨਸ਼ੇ ਦਾ ਮੱਕੜਜਾਲ

ਨਵੀਂ ਦਿੱਲੀ-ਪੂਰੇ ਮੁਲਕ ਵਿਚ ਨਸ਼ੇ ਦਾ ਪਰਕੋਪ ਲਗਾਤਾਰ ਵਧ ਰਿਹਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਸ਼ਨੀਵਾਰ (8 ਅਕਤੂਬਰ) ਨੂੰ 25,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਇਹ ਖੇਪ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਵੱਲੋਂ ਚਲਾਏ ਗਏ ਇੱਕ ਵੱਡੇ ਆਪ੍ਰੇਸ਼ਨ ਦੇ ਹਿੱਸੇ ਵਜੋਂ ਜ਼ਬਤ ਕੀਤੀ ਗਈ ਸੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਸ਼ਨੀਵਾਰ ਨੂੰ ਨਸ਼ਟ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਾਮ ਦੌਰਾ ਸ਼ੁੱਕਰਵਾਰ (7 ਅਕਤੂਬਰ) ਤੋਂ ਸ਼ੁਰੂ ਹੋ ਰਿਹਾ ਹੈ। ਉਹ ਉੱਤਰ ਪੂਰਬ ਦੇ ਤਿੰਨ ਦਿਨਾਂ ਦੌਰੇ ‘ਤੇ ਹੋਣਗੇ। ਅਮਿਤ ਸ਼ਾਹ ਉੱਤਰ-ਪੂਰਬੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਨੂੰ ਘਟਾਉਣ ਦੇ ਤਰੀਕਿਆਂ ‘ਤੇ ਚਰਚਾ ਕਰਨ ਲਈ ਆਸਾਮ ਵਿੱਚ ‘ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ‘ਤੇ ਇੱਕ ਖੇਤਰੀ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ। ਇਸ ਬੈਠਕ ‘ਚ ਉੱਤਰ-ਪੂਰਬ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਅਤੇ ਡੀਜੀਪੀ ਹਿੱਸਾ ਲੈਣਗੇ। NCB ਸ਼ਨੀਵਾਰ ਨੂੰ ਲਗਭਗ 11,000 ਕਿਲੋ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰੇਗਾ। ਇਸ ਤੋਂ ਇਲਾਵਾ, ਆਸਾਮ (2,531 ਕਿਲੋਗ੍ਰਾਮ) ਅਤੇ ਤ੍ਰਿਪੁਰਾ (11,144 ਕਿਲੋਗ੍ਰਾਮ) ਤੋਂ ਲਗਭਗ 13,675 ਕਿਲੋਗ੍ਰਾਮ ਜ਼ਬਤ ਕੀਤੇ ਨਸ਼ੀਲੇ ਪਦਾਰਥ (ਹੈਰੋਇਨ, ਗਾਂਜਾ, ਕੋਡੀਨ ਖੰਘ ਦੀ ਦਵਾਈ, ਨਸ਼ੀਲੀਆਂ ਗੋਲੀਆਂ) ਨੂੰ ਨਸ਼ਟ ਕੀਤਾ ਜਾਵੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਕਰੀਬ 25,000 ਕਿਲੋ ਨਸ਼ੀਲਾ ਪਦਾਰਥ ਨਸ਼ਟ ਕੀਤਾ ਜਾਵੇਗਾ। ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰ ਰਹੀ NCB 1 ਜੂਨ ਤੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਇੱਕ ਵਿਸ਼ੇਸ਼ ਮਿਸ਼ਨ ਚਲਾ ਰਹੀ ਹੈ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ, NCB ਨੇ ਫੈਸਲਾ ਕੀਤਾ ਸੀ ਕਿ 75 ਦਿਨਾਂ ਦੇ ਇਸ ਵਿਸ਼ੇਸ਼ ਆਪ੍ਰੇਸ਼ਨ ਦੌਰਾਨ NCB ਦੀਆਂ ਸਾਰੀਆਂ ਫੀਲਡ ਯੂਨਿਟਾਂ ਦੁਆਰਾ 75 ਹਜ਼ਾਰ ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇਗਾ। NCB ਨੇ ਸਮਾਂ ਸੀਮਾ ਤੋਂ ਬਹੁਤ ਪਹਿਲਾਂ ਸਿਰਫ 60 ਦਿਨਾਂ ਵਿੱਚ ਟੀਚਾ ਪ੍ਰਾਪਤ ਕਰ ਲਿਆ ਅਤੇ ਨਸ਼ੇ ਦੇ ਖਿਲਾਫ ਲੜਾਈ ਦੇ ਸਬੰਧ ਵਿੱਚ ਰਾਸ਼ਟਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਅਧਿਕਾਰੀ ਨੇ ਦੱਸਿਆ ਕਿ 30 ਜੁਲਾਈ ਤੱਕ ਕਰੀਬ 82,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ। ਇਸ ਮੁਹਿੰਮ ਤਹਿਤ 30 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਈ ਕੌਮੀ ਕਾਨਫਰੰਸ ਦੌਰਾਨ ਗ੍ਰਹਿ ਮੰਤਰੀ ਨੇ ਐੱਨ.ਸੀ.ਬੀ. ਦੀਆਂ ਵੱਖ-ਵੱਖ ਫੀਲਡ ਯੂਨਿਟਾਂ ਵੱਲੋਂ ਵਰਚੁਅਲ ਮਾਧਿਅਮ ਰਾਹੀਂ 31,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਕੋਚੀ ਤੱਟ ਤੋਂ ਨਸ਼ੇ ਦੀ ਖੇਪ ਬਰਾਮਦ

NCB ਅਤੇ ਭਾਰਤੀ ਜਲ ਸੈਨਾ ਨੇ ਕੋਚੀ ਤੱਟ ‘ਤੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਇੱਕ ਈਰਾਨੀ ਕਿਸ਼ਤੀ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਇਸ ਆਪ੍ਰੇਸ਼ਨ ‘ਚ ਵੋਟਾਂ ‘ਤੇ ਸਵਾਰ ਲੋਕਾਂ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਇੱਕ ਬਿਆਨ ਜਾਰੀ ਕਰਦੇ ਹੋਏ, NCB ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਦੁਆਰਾ, ਕੋਚੀ ਤੱਟ ਤੋਂ ਇੱਕ ਈਰਾਨੀ ਕਿਸ਼ਤੀ ਤੋਂ 200 ਕਿਲੋਗ੍ਰਾਮ ਸ਼ੱਕੀ ਹੈਰੋਇਨ ਜ਼ਬਤ ਕੀਤੀ ਗਈ ਹੈ। NCB ਮੁਤਾਬਕ ਕਿਸ਼ਤੀ ‘ਤੇ ਸਵਾਰ 6 ਚਾਲਕ ਦਲ ਦੇ ਮੈਂਬਰਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਨਸ਼ੇ ਦੀ ਖੇਪ ਮਾਮਲੇ ਚ ਸਾਬਕਾ ਪਾਇਲਟ ਗ੍ਰਿਫਤਾਰ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਮੁੰਬਈ ਅਤੇ ਗੁਜਰਾਤ ਤੋਂ 120 ਕਰੋੜ ਰੁਪਏ ਦੀ ਕੀਮਤ ਦਾ 60 ਕਿਲੋਗ੍ਰਾਮ ਮੈਫੇਡ੍ਰੋਨ (ਡਰੱਗ) ਜ਼ਬਤ ਕੀਤੀ ਹੈ ਅਤੇ ਇਸ ਮਾਮਲੇ ਵਿਚ ਏਅਰ ਇੰਡੀਆ ਦੇ ਸਾਬਕਾ ਪਾਇਲਟ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਸੀ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ ਸੰਜੇ ਸਿੰਘ ਨੇ ਮੁੰਬਈ ‘ਚ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਗੁਜਰਾਤ ਦੇ ਜਾਮਨਗਰ ‘ਚ ਜਲ ਸੈਨਾ ਖੁਫ਼ੀਆ ਇਕਾਈ ਨੂੰ ਮਿਲੀ ਇਕ ਖ਼ਾਸ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਸੀ। ਉਨ੍ਹਾਂ ਕਿਹਾ,”ਸੂਚਨਾ ਮਿਲਣ ਤੋਂ ਬਾਅਦ, ਦਿੱਲੀ ‘ਚ ਐੱਨ.ਸੀ.ਬੀ. ਹੈੱਡਕੁਆਰਟਰ ਅਤੇ ਇਸ ਦੀ ਮੁੰਬਈ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ 3 ਅਕਤੂਬਰ ਨੂੰ ਜਾਮਨਗਰ ‘ਚ ਛਾਪੇਮਾਰੀ ਕੀਤੀ ਅਤੇ 10 ਕਿਲੋ ਮੈਫੇਡ੍ਰੋਨ (ਡਰੱਗ) ਜ਼ਬਤ ਕੀਤਾ।” ਸਿੰਘ ਨੇ ਦੱਸਿਆ ਕਿ ਐੱਨ.ਸੀ.ਬੀ. ਦੇ ਦਲ ਨੇ ਇਸ ਸਿਲਸਿਲੇ ‘ਚ ਜਾਮਨਗਰ ਤੋਂ ਇਕ ਅਤੇ ਮੁੰਬਈ ਤੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ,”ਐੱਨ.ਸੀ.ਬੀ. ਦੇ ਦਲ ਨੇ ਦੱਖਣੀ ਮੁੰਬਈ ਦੇ ਫੋਰਟ ਇਲਾਕੇ ‘ਚ ਐੱਸ.ਬੀ. ਰੋਡ ਸਥਿਤ ਇਕ ਗੋਦਾਮ ‘ਚ ਵੀਰਵਾਰ ਨੂੰ ਛਾਪਾ ਮਾਰਿਆ ਅਤੇ 50 ਕਿਲੋਗ੍ਰਾਮ ਡਰੱਗ ਜ਼ਬਤ ਕੀਤੀ।” ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਐੱਨ.ਸੀ.ਬੀ. ਨੇ ਇਸ ਗਿਰੋਹ ਦੇ ਸਰਗਨਾ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਦਾ ਨਾਮ ਸੋਹੇਲ ਗਫ਼ਾਰ ਮਾਹਿਦਾ ਹੈ, ਜੋ ਏਅਰ ਇੰਡੀਆ ਦਾ ਸਾਬਕਾ ਪਾਇਲਟ ਹੈ। ਮੈਫੇਡ੍ਰੋਨ ਇਕ ਨਸ਼ੀਲਾ ਪਦਾਰਥ ਹੈ, ਜਿਸ ਨੂੰ ‘ਮਿਆਊ ਮਿਆਊ’ ਜਾਂ ਐੱਮ.ਡੀ. ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨਸ਼ੀਲਾ ਪਦਾਰਥ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਅਧੀਨ ਪਾਬੰਦੀਸ਼ੁਦਾ ਹੈ।

ਅੰਮ੍ਰਿਤਸਰ ਸਰਹੱਦ ਤੋਂ ਹੈਰੋਇਨ ਬਰਾਮਦ

ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚ ਬੀ.ਐੱਸ.ਐੱਫ. ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀ.ਓ.ਪੀ. ਰਤਨਖੁਰਦ ਇਲਾਕੇ ਵਿੱਚ ਬੀ.ਐੱਸ.ਐੱਫ. ਨੇ 945 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਨੂੰ ਬੀ.ਐੱਸ.ਐੱਫ. ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਗਾਤਾਰ ਜਾਰੀ ਹੈ। ਹਰ ਰੋਜ਼ ਕੋਈ ਨਾ ਕੋਈ ਹਥਿਆਰ ਤੇ ਨਸ਼ਾ ਪੁਲਸ ਜਾਂ ਬੀ.ਐੱਸ.ਐੱਫ. ਦੁਆਰਾ ਬਰਾਮਦ ਕੀਤਾ ਜਾ ਰਿਹਾ ਹੈ।

ਕਸ਼ਮੀਰ ਚ ਮੈਡੀਕਲ ਨਸ਼ੇ ਵਿਰੁੱਧ ਸਰਗਰਮੀ 

ਸੈਂਟਰ ਫਾਰ ਯੂਥ ਡਿਵੈੱਲਪਮੈਂਟ (ਸੀ. ਵਾਈ. ਡੀ.) ਅਤੇ ਡਾਊਨਟਾਊਨ ਕੋਆਰਡੀਨੇਸ਼ਨ ਕਮੇਟੀ ਨੇ ਸੰਗਰਮਲ ਸ਼੍ਰੀਨਗਰ ਵਿਖੇ ‘ਨਸ਼ੇ ਵਾਲੀਆਂ ਦਵਾਈਆਂ ਦੀ ਵਧ ਰਹੀ ਦੁਰਵਰਤੋਂ ਅਤੇ ਸਿਵਲ ਸੁਸਾਇਟੀ ਦੀ ਭੂਮਿਕਾ’ ਵਿਸ਼ੇ ’ਤੇ ਪ੍ਰੋਗਰਾਮ ਦਾ ਆਯੋਜਨ ਕੀਤਾ। ਗ੍ਰੈਂਡ ਮੁਫਤੀ ਨਾਸਿਰ ਉਲ ਇਸਲਾਮ, ਰਿਟਾਇਰਡ ਜਸਟਿਸ ਬਿਲਾਲ ਨਾਜ਼ਕੀ, ਪ੍ਰਸ਼ਾਸਨਿਕ ਅਧਿਕਾਰੀ ਅਬਦੁਲ ਸਲਾਮ ਮੀਰ, ਡਾ. ਅਬਦੁਲ ਵਾਹਿਦ, ਸ਼ੇਖ ਆਸ਼ਿਕ, ਓਵੈਸ ਵਾਨੀ, ਮਹਿਲਾ ਪੱਤਰਕਾਰ ਫਰਜ਼ਾਨਾ ਮੁਮਤਾਜ਼, ਡਾ. ਫਜ਼ਲ, ਡਾ. ਮਨਜ਼ੂਰ ਨਜ਼ਰ, ਸ਼ੱਬੀਰ ਅਹਿਮਦ ਉੱਘੇ ਨਸ਼ਾ ਛੁਡਾਊ ਕਾਰਕੁਨ ਹਾਜ਼ਰ ਸਨ। ਪ੍ਰੋਗਰਾਮ ’ਚ ਇਹ ਅਹਿਦ ਲਿਆ ਗਿਆ ਕਿ ਕਸ਼ਮੀਰ ’ਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਪੁੱਟ ਦਿੱਤਾ ਜਾਵੇਗਾ ਅਤੇ ਯੁਵਾ ਵਿਕਾਸ ਕੇਂਦਰ ਦੇ ਪ੍ਰਧਾਨ ਇਮਤਿਆਜ਼ ਚਸਤੀ ਨੇ ਸਾਰੇ ਸਬੰਧਿਤ ਸਟੇਕਹੋਲਡਰਾਂ ਤੋਂ ਪ੍ਰਭਾਵਸ਼ਾਲੀ ਅਤੇ ਕੁਸ਼ਲ ਭਾਈਵਾਲੀ ਨਾਲ ਨਸ਼ੇ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਸ਼ਮੀਰ ’ਚ ਅੰਦੋਲਨ ਚਲਾਉਣ ਦਾ ਅਹਿਦ ਲਿਆ।

ਸ਼ਾਹਕੋਟ ਚ ਨਕਲੀ ਸ਼ਰਾਬ ਦਾ ਧੰਦਾ ਜ਼ੋਰਾਂ ਤੇ

ਪੰਜਾਬ ਦੇ ਸ਼ਾਹਕੋਟ ਇਲਾਕੇ ’ਚ ਜਿਥੇ ਹਰ ਤਰ੍ਹਾਂ ਦੇ ਨਸ਼ੇ ਆ ਮਿਲ ਜਾਂਦੇ ਹਨ, ਉਥੇ ਹੀ ਗਰੀਬ ਲੋਕ ਕੈਮੀਕਲ ਵਾਲੀ ਸ਼ਰਾਬ ਦਾ ਸ਼ਿਕਾਰ ਹੋ ਰਹੇ ਹਨ। ਜੇ ਪੁਲਸ ਦੀ ਗੱਲ ਕਰੀਏ ਤਾਂ ਕਿਸੇ ਦੀ ਅਚਾਨਕ ਨਾਜਾਇਜ਼ ਸ਼ਰਾਬ ਪੀਣ ਜਾਂ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਜਾਵੇ ਤਾਂ ਉਸ ਦਾ ਪੋਸਟਮਾਰਟਮ ਕਰਨਾ ਵੀ ਮੁਨਾਸਬ ਨਹੀਂ ਸਮਝਿਆ ਜਾਂਦਾ ਅਤੇ ਬਿਨ੍ਹਾਂ ਪੋਸਟਮਾਰਟਮ ਹੀ ਸਸਕਾਰ ਹੋ ਜਾਂਦਾ ਹੈ, ਜਿਸ ਨਾਲ ਮਰਨ ਵਾਲੇ ਵਿਅਕਤੀ ਦੀ ਮੌਤ ਦੇ ਕਾਰਨ ਵੀ ਉਸ ਦੇ ਨਾਲ ਹੀ ਦਫ਼ਨ ਹੋ ਜਾਂਦੇ ਹਨ। ਸ਼ਾਹਕੋਟ ਇਲਾਕੇ ’ਚ ਬੀਤੇ 6 ਮਹੀਨਿਆਂ ਤੋਂ ਨਸ਼ਿਆਂ ਦੀ ਓਵਰਡੋਜ ਅਤੇ ਕੈਮੀਕਲ ਵਾਲੀ ਸ਼ਰਾਬ ਨਾਲ ਕਈ ਵਿਅਕਤੀ ਇਸ ਦੁਨੀਆ ਤੋਂ ਜਾ ਚੁੱਕੇ ਹਨ। ਵਧੇਰੇ ਕੇਸਾਂ ’ਚ ਪੋਸਟਮਾਰਟਮ ਨਾ ਹੋਣ ਕਾਰਨ ਇਲਾਕੇ ’ਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਸਾਫ਼-ਸੁਥਰਾ ਰੱਖਿਆ ਜਾਂਦਾ ਹੈ। ਇਥੇ ਨਸ਼ੇ ’ਚ ਝੂਮਦੇ ਜਾਂ ਜ਼ਮੀਨ ’ਤੇ ਡਿੱਗੇ ਨੌਜਵਾਨ ਆਮ ਦੇਖਣ ਨੂੰ ਮਿਲਦੇ ਹਨ। ਪੰਜਾਬ ’ਚ ਸਰਕਾਰ ਭਾਵੇਂ ਬਦਲ ਗਈ ਹੈ ਪਰ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਜਾਰੀ ਹੈ ਅਤੇ ਇਲਾਕੇ ’ਚ ਹਰ ਇਕ ਤਰ੍ਹਾਂ ਦਾ ਨਸ਼ਾ ਆਮ ਮਿਲ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਨਸ਼ਿਆਂ ਸਬੰਧੀ ਰੋਕਥਾਮ ਨੂੰ ਲੈ ਕੇ ਦਿੱਤੇ ਜਾਂਦੇ ਬਿਆਨਾਂ ਦੀ ਫ਼ੂਕ ਉਦੋਂ ਨਿਕਲ ਜਾਂਦੀ ਹੈ ਜਦੋਂ ਨਸ਼ਿਆਂ ’ਚ ਨੌਜਵਾਨ ਗਲੀਆਂ, ਬਾਜ਼ਾਰਾਂ ਅਤੇ ਚੌਂਕਾਂ ’ਚ ਆਮ ਝੂਮਦੇ ਨਜ਼ਰ ਆਉਂਦੇ ਹਨ। ਕੀ ਭਗਵੰਤ ਮਾਨ ਸਰਕਾਰ ਵੱਲੋਂ ਜਾਂ ਫਿਰ ਉੱਚ ਪੁਲਸ ਅਧਿਕਾਰੀਆਂ ਵੱਲੋਂ ਪੁਲਸ ਮੁਲਾਜ਼ਮਾਂ ਨੂੰ ਨੌਜਵਾਨਾਂ ਦੀਆਂ ਸ਼ੱਕੀ ਮੌਤਾਂ ਦਾ ਪੋਸਟਮਾਰਟਮ ਨਾ ਕਰਵਾਉਣ ਦੀਆਂ ਹਦਾਇਤਾਂ ਹਨ? ਸ਼ੱਕੀ ਹਾਲਤ ’ਚ ਹੁੰਦੀਆਂ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਸਮਾਚਾਰ ਪੱਤਰਾਂ ‘ਚ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ”ਤੇ ਕੋਈ ਅਸਰ ਨਹੀਂ ਪੈਂਦਾ। ਪੰਜਾਬ ਦੇ ਡੀ. ਜੀ. ਪੀ. ਵਲੋਂ ਮੁੱਖ ਮੰਤਰੀ ਦਾ ਹਵਾਲਾ ਦੇ ਕੇ ਨਸ਼ਿਆਂ ਵਿਰੁੱਧ ਵਿਢੀ ਗਈ ਮੁਹਿੰਮ ਸ਼ਾਇਦ ਇਕ ਐਲਾਨ ਬਣ ਕੇ ਹੀ ਰਹਿ ਗਿਆ ਹੈ। ਸੂਤਰਾਂ ਅਨੁਸਾਰ 20 ਲਿਟਰ ਪਾਣੀ ’ਚ ਇਕ ਲਿਟਰ ਮਿਥਾਈਲ ਅਲਕੋਹਲ ਮਿਲਾ ਕੇ ਕੈਮੀਕਲ ਸ਼ਰਾਬ ਤਿਆਰ ਹੁੰਦੀ ਹੈ। ਮਿਥਾਈਲ ਅਲਕੋਹਲ 30 ਤੋਂ 40 ਰੁਪਏ ਲਿਟਰ ਆਮ ਮਿਲ ਜਾਂਦੀ ਹੈ। ਇਸ ਤਰ੍ਹਾਂ ਇਹ ਸ਼ਰਾਬ ਜਿੱਥੇ ਬਹੁਤ ਸਸਤੀ ਬਣ ਜਾਂਦੀ ਹੈ, ਉਥੇ ਹੀ ਤਿਆਰ ਕਰਨ ’ਚ ਮਿਹਨਤ ਵੀ ਨਹੀਂ ਕਰਨੀ ਪੈਂਦੀ। ਮਿਥਾਈਲ ਅਲਕੋਹਲ ਸਰੀਰ ਦੇ ਅੰਦਰਲੇ ਅੰਗਾਂ ਕਿਡਨੀ, ਜਿਗਰ, ਦਿਲ, ਫੇਫੜੇ, ਦਿਮਾਗ ਦੀਆਂ ਨਾੜਾਂ, ਖਾਣੇ ਵਾਲੀ ਨਾਲੀ ਆਦਿ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਵਿਅਕਤੀ ਦੀ ਮੌਤ ਬਹੁਤ ਜਲਦੀ ਹੋ ਜਾਂਦੀ ਹੈ। ਨਸ਼ਿਆਂ ਦੇ ਸੌਦਾਗਰ ਚੰਦ ਰੁਪਇਆਂ ਦੀ ਖਾਤਰ ਗਰੀਬ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਨਹੀਂ ਝਿਜਕਦੇ ਅਤੇ ਪੁਲਸ ਵੱਲੋਂ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।

 

Comment here