ਕਾਬੁਲ- ਅਫਗਾਨਿਸਤਾਨ ਵਿੱਚ ਹਾਲਾਤ ਸਾਜ਼ਗਾਰ ਹੋਣ ਦੀ ਆਸ ਕੀਤੀ ਜਾ ਰਹੀ ਹੈ, ਪਰ ਆਏ ਦਿਨ ਕੋਈ ਨਾ ਕੋਈ ਹਿੰਸਕ ਘਟਨਾ ਵਾਪਰ ਜਾਂਦੀ ਹੈ, ਬੀਤੇ ਦਿਨੀਂ ਪੂਰਬੀ ਅਫ਼ਗਾਨਿਸਤਾਨ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੋਲ ਹੋਏ ਇਕ ਧਮਾਕੇ ’ਚ 9 ਬੱਚਿਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਵੱਲੋਂ ਨਿਯੁਕਤ ਗਵਰਨਰ ਦਫ਼ਤਰ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਧਮਾਕਾ ਉਸ ਸਮੇਂ ਹੋਇਆ, ਜਦੋਂ ਪੂਰਬੀ ਨਾਗਰਹਾਰ ਸੂਬੇ ਦੇ ਲਾਲੋਪਰ ਜ਼ਿਲੇ ’ਚ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਵਾਲੀ ਇਕ ਗੱਡੀ ਇਕ ਬਿਨਾਂ ਫਟੇ-ਪੁਰਾਣੇ ਮੋਰਟਾਰ ਦੇ ਗੋਲੇ ਨਾਲ ਟਕਰਾ ਗਈ। ਇਸ ਸੰਬੰਧ ’ਚ ਹੋਰ ਕੋਈ ਵੇਰਵਾ ਤੁਰੰਤ ਮੁਹੱਈਆ ਨਹੀਂ ਹੈ। ਇਹ ਸੂਬਾ ਤਾਲਿਬਾਨ ਦੇ ਵਿਰੋਧੀ ਇਸਲਾਮਿਕ ਸਟੇਟ ਸਮੂਹ ਦਾ ਹੈੱਡਕੁਆਰਟਰ ਹੈ, ਜਿਸ ਨੇ ਅਗਸਤ ਦੇ ਅੱਧ ਵਿਚ ਤਾਲਿਬਾਨ ਵੱਲੋਂ ਦੇਸ਼ ‘ਤੇ ਕਬਜ਼ਾ ਕਰਨ ਤੋਂ ਬਾਅਦ ਅਫ਼ਗਾਨਿਸਤਾਨ ਦੇ ਨਵੇਂ ਸ਼ਾਸਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕੀਤੇ ਹਨ। ਹਾਲਾਂਕਿ ਆਈ.ਐੱਸ. 2014 ਤੋਂ ਅਫ਼ਗਾਨਿਸਤਾਨ ਵਿਚ ਸਰਗਰਮ ਹੈ ਅਤੇ ਉਸ ਨੇ ਦਰਜਨਾਂ ਭਿਆਨਕ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿਚ ਅਕਸਰ ਦੇਸ਼ ਦੇ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਅਫ਼ਗਾਨਿਸਤਾਨ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਦਹਾਕਿਆਂ ਦੇ ਯੁੱਧ ਅਤੇ ਸੰਘਰਸ਼ ਤੋਂ ਬਾਅਦ ਸਭ ਤੋਂ ਵੱਧ ਬਿਨਾਂ ਫਟੀ ਬਾਰੂਦੀ ਸੁਰੰਗਾਂ ਅਤੇ ਗੋਲੇ ਹਨ। ਜਦੋਂ ਇਹ ਗੋਲੇ ਫਟਦੇ ਹਨ, ਤਾਂ ਅਕਸਰ ਬੱਚੇ ਜ਼ਖ਼ਮੀ ਹੁੰਦੇ ਹਨ।
Comment here