ਸਿਆਸਤਖਬਰਾਂਚਲੰਤ ਮਾਮਲੇ

… ਪੁੱਤ ਪੋਤਿਆਂ, ਭਾਈ ਭਤੀਜਿਆਂ ਲਈ ਟਿਕਟਾਂ ਦੀ ਮੰਗ

ਜਲੰਧਰ-ਪੂਰੇ ਦੇਸ਼ ਦੀ ਸਿਆਸਤ ਵਿੱਚ ਪਰਿਵਾਰਵਾਦ ਭਾਰੂ ਹੈ, ਸਥਾਪਿਤ ਧਿਰਾਂ ਦੇ ਨੇਤਾ ਲੋਕ ਕਿਸੇ ਵੀ ਹਾਲ ਆਪਣਿਆਂ ਨੂੰ ਵੀ ਸਿਆਸਤ ਵਿੱਚ ਪੱਕੇ ਪੈਰੀਂ ਕਰਨ ਲਈ ਹਰ ਹਰਬਾ ਵਰਤਦੇ ਹਨ, ਅੱਜ ਜਦ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ।  ਇੱਕ ਪਾਸੇ ਜਿੱਥੇ ਕਈ ਆਗੂ ਆਪਣੀਆਂ ਟਿਕਟਾਂ ਲਈ ਹੇਰਾਫੇਰੀ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਬਜ਼ੁਰਗ ਆਗੂ ਆਪਣੇ ਪੁੱਤਰਾਂ-ਪੋਤਿਆਂ ਲਈ ਸਿਆਸੀ ਜ਼ਮੀਨ ਲੱਭਣ ਵਿਚ ਲੱਗੇ ਹੋਏ ਹਨ। ਉਨ੍ਹਾਂ ਪੰਜ ਸਾਲ ਆਪਣੇ ਬੱਚਿਆਂ ਨੂੰ ਇਲਾਕੇ ਦੀ ਸਿਆਸਤ ਵਿਚ ਸਰਗਰਮ ਰੱਖਿਆ। ਆਪਣਾ ਆਧਾਰ ਦਿਖਾ ਕੇ ਹੁਣ ਉਨ੍ਹਾਂ ਦੀ ਥਾਂ ਬੱਚਿਆਂ ਲਈ ਟਿਕਟਾਂ ਦੀ ਮੰਗ ਕਰ ਰਹੇ ਹਨ। ਇਸ ਦੇ ਲਈ ਹਾਈਕਮਾਂਡ ਕੋਲ ਵਕਾਲਤ ਕੀਤੀ ਜਾ ਰਹੀ ਹੈ।
ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਹੁਣ ਕਾਂਗਰਸ ਹਾਈਕਮਾਂਡ ਤੋਂ ਆਪਣੇ ਪੁੱਤਰ ਕਾਮਿਲ ਬੋਪਾਰਾਏ ਲਈ ਰਾਏਕੋਟ ਵਿਧਾਨ ਸਭਾ ਹਲਕੇ ਲਈ ਟਿਕਟ ਦੀ ਮੰਗ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਤੋਂ ਕਾਮਿਲ ਰਾਏਕੋਟ ਵਿਚ ਸਰਗਰਮ ਹੈ ਅਤੇ ਲੋਕਾਂ ਨਾਲ ਜੁੜ ਕੇ ਆਪਣਾ ਆਧਾਰ ਮਜ਼ਬੂਤ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿਚ ਰਾਏਕੋਟ ਵਿਚ ਰੈਲੀ ਕਰਕੇ ਕਾਮਿਲ ਦੇ ਸਮਰਥਨ ਵਿਚ ਮੋਹਰ ਲਗਾਈ। ਦੂਜੇ ਪਾਸੇ ਕਾਮਿਲ ਨੇ ਵੀ ਡਾ: ਅਮਰ ਸਿੰਘ ਦੀ ਦੇਖ-ਰੇਖ ਹੇਠ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਸ਼ੁਰੂ ਕਰ ਦਿੱਤੀਆਂ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਡਾ: ਅਮਰ ਸਿੰਘ ਰਾਏਕੋਟ ਤੋਂ ਚੋਣ ਹਾਰ ਗਏ ਸਨ।
ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਵੀ ਆਪਣੇ ਪੁੱਤਰ ਬਨਦੀਪ ਸਿੰਘ ਦੂਲੋਂ ਲਈ ਨਵੇਂ ਰਾਹ ਲੱਭ ਰਹੇ ਹਨ। 2019 ਦੀਆਂ ਲੋਕ ਸਭਾ ਚੋਣਾਂ ‘ਚ ਬਨਦੀਪ ਨੇ ‘ਆਪ’ ਦੀ ਟਿਕਟ ‘ਤੇ ਸ੍ਰੀ ਫਤਿਹਗੜ੍ਹ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਹਾਰ ਵੀ ਗਿਆ ਸੀ।ਉਸ ਤੋਂ ਬਾਅਦ ਉਹ ‘ਆਪ’ ਵਿਚ ਸਰਗਰਮ ਨਹੀਂ ਹਨ। ਸੂਤਰਾਂ ਅਨੁਸਾਰ ਦੂਲੋ ਨੇ ਹਾਲ ਹੀ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬਨਦੀਪ ਦੀ ਵਾਪਸੀ ਅਤੇ ਉਸ ਲਈ ਪਾਇਲ ਜਾਂ ਕਿਸੇ ਹੋਰ ਐਸ.ਸੀ. ਲਈ ਸੁਰੱਖਿਅਤ ਸੀਟ ਤੋਂ ਟਿਕਟ ਦੇਣ ਦੀ ਚਰਚਾ ਹੋਈ।
ਸਮਰਾਲਾ ਤੋਂ ਚਾਰ ਵਾਰ ਕਾਂਗਰਸੀ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਵੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੂੰ ਟਿਕਟ ਦੇਣ ਦੀ ਮੰਗ ਕਰ ਰਹੇ ਹਨ। ਕਰਨਵੀਰ ਇਸ ਸਮੇਂ ਸਮਰਾਲਾ ਤੋਂ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਹਨ। ਇਸ ਤੋਂ ਇਲਾਵਾ ਉਹ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਵੀ ਹਨ। ਕਰਨਵੀਰ ਪਿਛਲੇ ਪੰਜ ਸਾਲਾਂ ਤੋਂ ਇਲਾਕੇ ਦੀ ਸਿਆਸਤ ਵਿਚ ਸਰਗਰਮ ਹਨ ਅਤੇ ਇਲਾਕੇ ਦੇ ਜ਼ਿਆਦਾਤਰ ਕੰਮ ਉਨ੍ਹਾਂ ਦੀ ਦੇਖ-ਰੇਖ ਹੇਠ ਹੋ ਰਹੇ ਹਨ। ਵਿਧਾਇਕ ਢਿੱਲੋਂ ਨੇ ਇਲਾਕੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਕਰਕੇ ਪੋਤਰੇ ਲਈ ਆਵਾਜ਼ ਬੁਲੰਦ ਕੀਤੀ ਹੈ।  ਸੰਗਰੂਰ ਦੇ ਕਈ ਬਜ਼ੁਰਗ ਆਪਣੇ ਵਾਰਸਾਂ ਲਈ ਹੱਥ-ਪੈਰ ਮਾਰ ਰਹੇ ਹਨ। ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਆਪਣੇ ਬੇਟੇ ਰਾਹੁਲ ਇੰਦਰ ਸਿੰਘ ਲਈ ਯਤਨਸ਼ੀਲ ਹਨ। ਕਾਂਗਰਸ ਦੇ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਸੁਨਾਮ ਵਿਧਾਨ ਸਭਾ ਸੀਟ ਤੋਂ ਆਪਣੇ ਭਤੀਜੇ ਜਸਵਿੰਦਰ ਸਿੰਘ ਧੀਮਾਨ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਆਪਣੀ ਮਾਸੀ ਦੇ ਪੁੱਤਰ ਅਮਨਵੀਰ ਸਿੰਘ ਚੈਰੀ ਨੂੰ ਸੁਨਾਮ ਵਿਧਾਨ ਸਭਾ ਸੀਟ ਤੋਂ ਟਿਕਟ ਦਿਵਾਉਣ ਲਈ ਯਤਨਸ਼ੀਲ ਹਨ।
ਜ਼ਿਲ੍ਹਾ ਫਰੀਦਕੋਟ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਜਾਵੇਦ ਅਖਤਰ ਕਾਂਗਰਸ ਪਾਰਟੀ ਤੋਂ ਚੋਣ ਲੜੇ। ਇਹ ਰਾਖਵੀਂ ਸੀਟ ਹੈ।  ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਆਪਣੇ ਪੁੱਤਰ ਐਡਵੋਕੇਟ ਅਸ਼ੀਸ਼ ਕੁਮਾਰ ਨੂੰ ਕਾਂਗਰਸ ਦੀ ਟਿਕਟ ਦਿਵਾਉਣ ਲਈ ਜ਼ੋਰਾਂ-ਸ਼ੋਰਾਂ ਨਾਲ ਕੋਸ਼ਿਸ਼ ਕਰ ਰਹੇ ਹਨ।
ਸ੍ਰੋਮਣੀ ਅਕਾਲੀ ਦਲ ਤੋਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵੀ ਅਪਣੇ ਬੇਟੇ ਦਿਲਰਾਜ ਸਿੰਘ ਭੂੰਦੜ ਦੀ ਸੀਟ ਪੱਕੀ ਕਰਨ ਵਿਚ ਲੱਗੇ ਹੋਏ ਹਨ, ਜੋ ਸਰਦੂਲਗੜ੍ਹ ਤੋਂ ਮੌਜੂਦਾ ਵਿਧਾਇਕ ਹਨ।
ਸਾਹਨੇਵਾਲ ਤੋਂ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਭਾਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿਚ ਹਨ ਪਰ ਇਸ ਦੇ ਨਾਲ ਹੀ ਉਹ ਆਪਣੇ ਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਤੋਂ 2027 ਦੀਆਂ ਚੋਣਾਂ ਵਿਚ ਸਿਮਰਨਜੀਤ ਸਿੰਘ ਨੂੰ ਮੈਦਾਨ ਵਿਚ ਉਤਾਰਨ ਲਈ ਹਾਮੀ ਭਰਵਾ ਲਈ ਹੈ।

ਕਹਿ ਸਕਦੇ ਹਾਂ- ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾਹ..

Comment here