ਲੁਧਿਆਣਾ- ਨਸ਼ੇ ਨਾਲ ਪੰਜਾਬ ਵਿੱਚ ਅਨੇਕਾਂ ਪਰਿਵਾਰ ਉੱਜੜ ਚੁੱਕੇ ਹਨ, ਜਿਥੇ ਨਸ਼ਾ ਕਰਨ ਵਾਲੇ ਅਪਰਾਧਾਂ ਦੇ ਰਾਹ ਤੁਰੇ ਹੋਏ ਹਨ, ਓਥੇ ਨਸ਼ੇ ਦੀ ਵਜਾ ਨਾਲ ਘਰਾਂ ਚ ਹੁੰਦੇ ਕਲੇਸ਼ ਵੀ ਅਪਰਾਧਾਂ ਨੂੰ ਜਨਮ ਦੇ ਰਹੇ ਹਨ। ਇੱਕ ਮਹਿਲਾ ਨੇ ਆਪਣੇ ਨਸ਼ੇੜੀ ਪਤੀ ਦੀ ਕੁੱਟਮਾਰ ਤੇ ਕਲੇਸ਼ ਤੋਂ ਤੰਗ ਆ ਕੇ ਪੁੱਤਰ ਨਾਲ ਮਿਲ ਕੇ ਉਸ ਦਾ ਕਤਲ ਹੀ ਕਰ ਦਿੱਤਾ। ਸਤਨਾਮ ਕੌਰ (48) ਨੇ ਆਪਣੇ ਪੁੱਤਰ ਕਰਣ (18) ਨਾਲ ਰਲ ਕੇ ਆਪਣੇ ਪਤੀ ਤੇ ਚਾਕੂਆਂ ਨਾਲ ਕਰੀਬ ਦਸ ਵਾਰ ਕੀਤੇ, ਤੇ ਫੇਰ ਸਹਿਕਦੇ ਹੋਏ ਪਤੀ ਨੂੰ ਹਸਪਤਾਲ ਲੈ ਗਈ। ਉਸ ਨੇ ਡਾਕਟਰਾਂ ਨੂੰ ਆਖਿਆ ਕਿ ਡਿੱਗ ਕੇ ਉਹ ਜ਼ਖਮੀ ਹੋ ਗਿਆ ਹੈ, ਮੌਤ ਹੋ ਜਾਣ ਮਗਰੋਂ ਪੋਸਟਮਾਰਟਮ ਨੇ ਸਾਰਾ ਮਾਮਲਾ ਸਾਫ ਕਰ ਦਿੱਤਾ ਕਿ ਉਸ ਦਾ ਕਤਲ ਕੀਤਾ ਗਿਆ ਹੈ। ਤੁਰੰਤ ਕਾਰਵਾਈ ਕਰਦਿਆਂ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੁਲਜ਼ਮ ਮਾਂ ਪੁੱਤ ਨੂੰ ਸਖਤੀ ਨਾਲ ਪੁਛਗਿਛ ਮਗਰੋਂ ਹਿਰਾਸਤ ਚ ਲੈ ਲਿਆ, ਗੁਨਾਹ ਕਬੂਲ ਕੀਤੇ ਜਾਣ ਤੇ ਦੋਵਾਂ ਨੂੰ ਕੇਸ ਦਰਜ ਕਰਕੇ ਗ੍ਰਿਫਤਾਰੀ ਪਾ ਦਿੱਤੀ। ਮਹਿਲਾ ਨੇ ਕਿਹਾ ਕਿ ਉਸ ਦਾ ਪਤੀ ਕੁਲਵਿੰਦਰ ਸਿੰਘ ਮਜ਼ਦੂਰੀ ਕਰਦਾ ਸੀ। ਉਹ ਸ਼ਰਾਬ ਪੀ ਕੇ ਤੇ ਹੋਰ ਨਸ਼ਾ ਪੱਤਾ ਕਰਦਾ ਸੀ ਤੇ ਨਸ਼ੇ ਦੀ ਹਾਲਤ ਚ ਅਕਸਰ ਪਤਨੀ ਤੇ ਪੁੱਤਰ ਦੀ ਕੁੱਟਮਾਰ ਕਰਦਾ ਸੀ। ਨਿਤ ਦੇ ਕਲੇਸ਼ ਤੇ ਕੁਟਮਾਰ ਤੋਂ ਤੰਗ ਆ ਕੇ ਉਹਨਾਂ ਨੇ ਇਹ ਕਦਮ ਚੁੱਕਿਆ।


Comment here