ਪੰਜਾਬੀਓ! ਅਸੀਂ ਸਭ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਡੀ ਇਕ ਪੀੜ੍ਹੀ ਖਾੜਕੂਵਾਦ ਨੇ ਨਿਗਲ ਲਈ, ਇਕ ਨੂੰ ਨਸ਼ਿਆਂ ਦਾ ਨਾਗ ਡੱਸ ਰਿਹੈ, ਜਿਹੜੇ ਘਰੋਂ ਕੁਝ ਸਹਿੰਦੇ ਨੇ-ਉਹ ਹਰ ਹਾਲ ਵਿਦੇਸ਼ ਸੈੱਟ ਹੋਣ ਦੇ ਆਹਰ ਵਿਚ ਹਨ।
ਪੰਜਾਬ ਦੀ ਜਵਾਨੀ ਦੇ ਏਦਾਂ ਹੀ ਵਹੀਰਾਂ ਘੱਤ ਕੇ ਬਾਹਰ ਤੁਰਦੀ ਰਹੀ ਤਾਂ ਪਿੱਛੇ ਪੰਜਾਬ ਬਚੇਗਾ ਕਿਵੇਂ?
ਸਾਡੇ ਵਿਦੇਸ਼ੀ ਵੀਰ/ਭਰਾ ਆਪਣੇ ਘਰ, ਜ਼ਮੀਨਾਂ ਬਿਨਾਂ ਦੂਰ ਦੀ ਸੋਚਿਆਂ ਯੂਪੀ ਤੇ ਬਿਹਾਰ ਵਾਸੀਆਂ ਦੇ ਹਵਾਲੇ ਕਰ ਕੇ ਨਿਸ਼ਚਿੰਤ ਹੋ ਚਲੇ ਜਾਂਦੇ ਰਹੇ ਹਨ ਤੇ ਕਈ ਸਾਲਾਂ ਬਾਅਦ ਜਦ ਉਹ ਵਾਪਸ ਆਉਂਦੇ ਹਨ ਤਾਂ ਇਹਨਾਂ ਪਰਵਾਸੀ ਨੌਕਰਾਂ ਨੇ ਘਰ, ਜ਼ਮੀਨਾਂ ਸਭ ’ਤੇ ਪੱਕੇ ਕਬਜ਼ੇ ਕਰ ਲਏ ਹੁੰਦੇ ਹਨ। ਅਜਿਹੇ ਵਿਚ ਸਾਡੇ ਪੰਜਾਬੀ ਵੀਰ ਕਰੋੜਾਂ ਦੇ ਨੁਕਸਾਨ ਝੱਲ ਕੇ ਪਛਤਾਵਾ ਹੀ ਕਰਦੇ ਰਹਿ ਜਾਂਦੇ ਹਨ ਕਾਰਨ ਕਿ ਕੋਰਟ ਕਚਹਿਰੀਆਂ ਦੇ ਸਾਲਾਂ ਲੰਮੇ ਚੱਕਰਾਂ ਕਰਕੇ ਉਹ ਏਥੇ ਬਹੁਤੇ ਸਮੇਂ ਲਈ ਰਹਿ ਨਹੀਂ ਸਕਦੇ। ਕੀ ਬਿਹਤਰ ਨਾ ਹੁੰਦਾ ਜੇ ਉਹ ਆਪਣਾ ਇਹ ਸਭ ਕੁਝ ਆਪਣੇ ਹੀ ਭੈਣ/ਭਰਾਵਾਂ ਨੂੰ ਸਾਂਭ ਜਾਂਦੇ? ਜੇ ਉਹ ਇਹਨਾਂ ਨਾਲ ਬੇਈਮਾਨੀ ਕਰਦੇ ਵੀ(ਜਿਸਤੋਂ ਮੈਂ ਮੁਨਕਰ ਨਹੀਂ) ਤਾਂ ਘੱਟੋ ਘੱਟ ਇਹ ਤਾਂ ਤਸੱਲੀ ਰਹਿੰਦੀ ਕਿ ਚਲੋ ਆਪਣਿਆਂ ਕੋਲ ਹੀ ਹੈ ਸਾਰਾ ਕੁਝ!
ਬਿਹਾਰ ਤੇ ਯੂਪੀ ਵਾਲਿਆਂ ਨੂੰ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਚੁੱਕੀ ਹੈ ਕਿ ਇਥੋਂ ਪੰਜਾਬੀਆਂ ਨੇ ਤਾਂ ਵਿਦੇਸ਼ ਜਾ ਵਸਣਾ ਹੈ ਤੇ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਅਸੀਂ ਹੀ ਸਾਂਭਣੀਆਂ ਹਨ। ਉਹ ਇਹ ਗੱਲ ਸਾਫ਼ ਤੌਰ ’ਤੇ ਕਹਿਣ ਵੀ ਲੱਗ ਪਏ ਹਨ ਕਿ ਪੰਜਾਬ ’ਤੇ ਇਕ ਦਿਨ ਸਾਡਾ ਪੂਰੀ ਤਰ੍ਹਾਂ ਕਬਜ਼ਾ ਹੋ ਜਾਣਾ ਹੈ!
ਵਿਚਾਰਨਾ ਅਸੀਂ ਆਪ ਹੈ ਕਿ ਕੀ ਪੰਜਾਬ, ਪੰਜਾਬ ਹੀ ਰੱਖਣਾ ਹੈ ਜਾਂ ਇਹਨੂੰ ‘‘ਭਈਆਸਤਾਨ” ਬਣਾਉਣਾ ਹੈ?
ਤੇ ਜੇ ਅਸੀਂ ਸਾਰੇ ਹੀ ਪੰਜਾਬੀ ਵਿਦੇਸ਼ ਜਾ ਵੱਸਾਂਗੇ ਤਾਂ ਏਥੇ ਕੌਣ ਰਹੇਗਾ? ਮੰਨਿਆ ਕਿ ਪੰਜਾਬ ਵਿਚ ਦਿੱਕਤਾਂ ਬਹੁਤ ਨੇ, ਪੜ੍ਹਾਈ ਦਾ ਬੁਰਾ ਹਾਲ ਹੈ, ਡਿਗਰੀਆਂ ਵਾਲਿਆਂ ਨੂੰ ਬੇਰੋਜ਼ਗਾਰੀ ਦਾ ਦੈਂਤ ਡਕਾਰ ਰਿਹੈ, ਨਿਰਾਸ਼ ਤੇ ਹਤਾਸ਼ ਲੋਕ ਨਸ਼ਿਆਂ ਵੱਲ ਜਾ ਰਹੇ ਨੇ ਜਾਂ ਫਿਰ ਬਾਹਰ ਭੱਜ ਰਹੇ ਨੇ। ਪਰ ਪੰਜਾਬੀਆਂ ਦਾ ਤਾਂ ਖ਼ਾਸਾ ਹੀ ਜੰਗਜੂ ਹੈ ! ਅਸੀਂ ਹਾਲਾਤਾਂ ਨਾਲ ਲੜ ਭਿੜ ਕੇ ਹੀ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ ਨਾ ਕਿ ਸਮੱਸਿਆਵਾਂ ਵੱਲੋਂ ਮੂੰਹ ਮੋੜ ਕੇ ! ਸੋ ਵਿਦੇਸ਼ ਭੱਜਣ ਦੀ ਜਗ੍ਹਾ ਸਾਨੂੰ ਏਥੇ ਹੀ ਰਹਿ ਕੇ ਪੰਜਾਬ ਵਾਸਤੇ ਲੜਨ ਦੀ ਲੋੜ ਹੈ।
ਫੇਰ ਜੋ ਗੱਲ ਅੱਜ ਬਹੁਤ ਦੁੱਖਦਾਈ ਹੈ, ਉਹ ਇਹ ਕਿ ਸਾਡੇ ਵਧੇਰੇ ਮੁੰਡੇ ਆਪ IELTS ਕਰਨ ਦੀ ਥਾਂ ਕਿਸੇ IELTS ਪਾਸ ਕੁੜੀ ਨਾਲ ਰਿਸ਼ਤਾ ਗੰਢ ਕੇ ਵਿਦੇਸ਼ ਜਾਣ ਦੀ ਤਾਂਘ ਰੱਖਦੇ ਹਨ। ਮਾਪਿਆਂ ਦੀ ਰੱਟ ਵੀ ਇਹੀ ਹੁੰਦੀ ਹੈ ਕਿ ਕੋਈ IELTS ਵਾਲੀ ਕੁੜੀ ਦਾ ਰਿਸ਼ਤਾ ਮਿਲ ਜਾਵੇ, ਬਾਹਰ ਭੇਜਣ ਦਾ ਸਾਰਾ ਖਰਚਾ ਅਸੀਂ ਝੱਲਾਂਗੇ, ਬੱਸ ਕੁੜੀ ਓਧਰ ਪੁੱਜ ਕੇ ਸਾਡੇ ਮੁੰਡੇ ਨੂੰ ਓਥੇ ਬੁਲਾ ਲਵੇ। ਇਹ ਸਰਾਸਰ ਗ਼ਲਤ ਰੁਝਾਨ ਹੈ। ਅੱਜ ਜਦੋਂ ਏਸ ਤਰੀਕੇ ਬਾਹਰ ਗਈਆਂ ਕੁੜੀਆਂ ਮੁੰਡਿਆਂ ਨੂੰ ਬੁਲਾਉਣ ਤੋਂ ਮੁੱਕਰ ਜਾਂਦੀਆਂ ਹਨ ਤਾਂ ਇਕ ਪਾਸੇ ਜਿੱਥੇ ਮਾਪਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਨਾਲ ਠੱਗੀ ਵੱਜਦੀ ਹੈ ਓਥੇ ਬਹੁਤੇ ਮੁੰਡੇ ਏਸ ਠੱਗੀ ਨੂੰ ਨਾ ਸਹਾਰਦੇ ਹੋਏ ਬੇ-ਇੱਜ਼ਤੀ ਮੰਨਦੇ ਹੋਏ ਆਤਮ-ਹੱਤਿਆ ਕਰ ਜਾਂਦੇ ਹਨ! ਇਉਂ ਮਾਪਿਆਂ ਦਾ ਬੁਢਾਪਾ ਰੁਲ਼ ਰਿਹਾ ਹੈ। ਪੈਸਾ ਤਾਂ ਹੱਥਾਂ ਦੀ ਮੈਲ਼ ਹੈ ਪਰ ਔਲ਼ਾਦ ਦਾ ਉਹ ਵੀ ਜੁਆਨ ਜਹਾਨ ਪੁੱਤ ਦਾ ਜੱਗ ਤੋਂ ਸਦਾ ਲਈ ਤੁਰ ਜਾਣਾ ਬੋਹੱਦ ਅਸਹਿ ਹੈ।
ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਵਿਦੇਸ਼ੀ ਲਾੜਿਆਂ ਨੇ ਜਿਹੜੀਆਂ ਲੱਖਾਂ ਧੀਆਂ ਦੀ ਜ਼ਿੰਦਗੀ ਬਰਬਾਦ ਕੀਤੀ, ਤੁਸੀਂ ਉਦੋਂ ਤਾਂ ਕੁਝ ਨਹੀਂ ਬੋਲੇ, ਹੁਣ ਪੁੱਤਾਂ ਦਾ ਬੜਾ ਹੇਜ ਜਾਗ ਪਿਆ। ‘‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ” ਕਹਾਉਤ ਵਾਂਗ ਜੇ ਹੁਣ ਧੀਆਂ ਓਦਾਂ ਹੀ ਕਰਨ ਲੱਗ ਪਈਆਂ ਤਾਂ ਇਹ ਤਾਂ ਵਾਰੀ ਦਾ ਵੱਟਾ ਸਮਝੋ !
ਹਾਂ, ਮੈਂ ਮੰਨਦੀ ਹਾਂ ਕਿ ਧੀਆਂ ਨਾਲ ਵੀ ਬਹੁਤ ਅਨਿਆਂ ਹੋਇਆ ਹੈ। ਕਈ ਤਾਂ ਕੁੱਛੜ ਜੁਆਕ ਚੁੱਕੀ ਕੋਰਟਾਂ ਦੇ ਚੱਕਰ ਲਾਉਂਦੀਆਂ ਹੀ ਕੰਮ ਚੁੱਕੀਆਂ ਹਨ ਪਰ ਉਹਨਾਂ ਨਾਲ ਵਧੀਕੀ ਕਰਨ ਵਾਲਿਆਂ ਦੀ ਸਜ਼ਾ ਆਪਾਂ ਕਿਸੇ ਹੋਰ ਨੂੰ ਕਿਵੇਂ ਦੇ ਸਕਦੇ ਹਾਂ? ਸਾਨੂੰ ਤਾਂ ਉਹਨਾਂ ਧੀਆਂ ਦੇ ਦੁੱਖ ਹੀ ਉੱਠਣ ਨਹੀਂ ਦੇ ਰਹੇ ਤੇ ਹੁਣ ਪੁੱਤਾਂ ਦੀਆਂ ਖ਼ੁਦਕੁਸ਼ੀਆਂ ਨੂੰ ਅਸੀਂ ਕਿਵੇਂ ਝੱਲੀਏ?
ਤਾਂ ਫਿਰ ਕੀਤਾ ਕੀ ਜਾਵੇ?
ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਆਪਣੇ ਪੁੱਤਰਾਂ ਦੇ ਦਿਲੋ ਦਿਮਾਗ਼ ਵਿਚ ਇਹ ਗੱਲ ਪਾਉਣ ਕਿ ਉਹ ਜੋ ਵੀ ਪ੍ਰਾਪਤੀ ਕਰਨਾ ਚਾਹੁੰਦੇ ਹਨ, ਉਹ ਆਪਣੇ ਬਲਬੂਤੇ ’ਤੇ ਹਾਸਲ ਕਰਨ! ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ। ਸਰਕਾਰਾਂ ਤਾਂ ਸ਼ਾਇਦ ਇਹੀ ਚਾਹੁੰਦੀਆਂ ਹਨ ਕਿ ਪੰਜਾਬੀ, ਪੰਜਾਬ ਵਿਚ ਰਹਿਣ ਹੀ ਨਾ ਤਾਂ ਹੀ ਤਾਂ IELTS ਵਰਗੇ ਕੋਰਸ ਸਕੂਲਾਂ ਵਿਚ ਖੋਲ੍ਹ ਦਿੱਤੇ ਗਏ ਹਨ। ਇਹਨਾਂ ਸਰਕਾਰਾਂ ਤੋਂ ਕੋਈ ਆਸ ਨਾ ਰੱਖ ਕੇ ਸਰਕਾਰੀ ਨੌਕਰੀਆਂ ਦੀ ਝਾਕ ਵੱਲੋਂ ਪੁੱਤਰਾਂ ਦਾ ਮੋਹ ਭੰਗ ਕਰਨ ਵੱਲ ਤੁਰੋ। ਪੁੱਤਰਾਂ ਨੂੰ ਸਵੈ-ਰੋਜ਼ਗਾਰ ਵਾਲੇ ਪਾਸੇ ਤੋਰੋ ਤਾਂ ਕਿ ਉਹ ਕੇਵਲ ਆਪ ਹੀ ਸਵੈ-ਨਿਰਭਰ ਨਾ ਹੋਣ ਸਗੋਂ ਆਪਣੇ ਹੋਰ ਪੰਜਾਬੀਆਂ ਨੂੰ ਵੀ ਰੋਜ਼ਗਾਰ ਦੇਣ ਦੇ ਕਾਬਲ ਬਣਨ! ਇਉਂ ਪੰਜਾਬ ਖ਼ੁਸ਼ਹਾਲੀ ਵਾਲੇ ਰਾਹ ਵੀ ਤੁਰੇਗਾ ਤੇ ਪੰਜਾਬੀ ਨੌਜਵਾਨੀ ਦੀ ਖ਼ੁਦਕੁਸ਼ੀਆਂ ਵੀ ਰੁਕਣਗੀਆਂ!
ਜੇ ਫਿਰ ਵੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਪੁੱਤਰਾਂ ਨੂੰ ਵਿਦੇਸ਼ ਸੈੱਟ ਕਰਨਾ ਹੀ ਹੈ ਤਾਂ ਉਹਨਾਂ ਵਿਚ ਅਜਿਹਾ ਸਵੈ-ਭਰੋਸਾ ਭਰੋ ਕਿ ਉਹ ਆਪ IELTS ਦਾ ਟੈਸਟ ਪਾਸ ਕਰਨ! IELTS ਪਾਸ ਕੁੜੀਆਂ ਦੇ ਸਿਰ ’ਤੇ ਬਾਹਰ ਜਾਣ ਦੀ ਖ਼ਾਮ-ਖਿਆਲੀ ਤੋਂ ਛੁਟਕਾਰਾ ਪਾਉਣ! ਜੇ ਉਹ +2 ਪਾਸ ਕਰ ਸਕਦੇ ਹਨ ਤਾਂ IELTS ਪਾਸ ਕਰਨਾ ਉਹਨਾਂ ਲਈ ਕੀ ਔਖਾ ਹੈ? ਗੱਲ ਬੱਸ ਉਹਨਾਂ ਅੰਦਰ ਸਵੈ-ਭਰੋਸਾ ਭਰਨ ਦੀ ਹੈ। ਕੁੜੀਆਂ ਦੇ ਕਿਹੜੇ ਦੋ ਦਿਮਾਗ਼ ਲੱਗੇ ਹੁੰਦੇ ਹਨ? ‘‘ਹਿੰਮਤ ਕਰੇ ਇਨਸਾਨ ਤੋ ਕਯਾ ਹੋ ਨਹੀਂ ਸਕਤਾ” ਵਾਲੀ ਕਹਾਵਤ ਚੇਤੇ ਰੱਖ ਕੇ ਆਪਣੇ ਕੰਮ ਵਿਚ ਜੁਟ ਜਾਈਏ ਤਾਂ ਲਗਨ ਤੇ ਮਿਹਨਤ ਨੂੰ ਫ਼ਲ਼ ਜ਼ਰੂਰ ਪੈਂਦਾ ਹੈ। IELTS ਵਾਲੀਆਂ ਕੁੜੀਆਂ ਉੱਤੇ ਲੱਖਾਂ ਰੁਪਏ ਖਰਚ ਕੇ ਪੈਸਾ ਵੀ ਪੱਲਿਉਂ ਗੁਆਚਦਾ ਹੈ ਤੇ ਨੌਜੁਆਨ ਪੁੱਤ ਵੀ ਸਦਾ ਲਈ ਗੁਆ ਬਹਿੰਦੇ ਹਾਂ! ਬੁੱਢੇ ਬਾਪੂ ਦੇ ਮੋਢੇ ਜਦ ਜੁਆਨ ਪੁੱਤ ਦੀ ਅਰਥੀ ਚੁੱਕਦੇ ਹਨ ਤਾਂ ਸਦਾ ਸਦਾ ਲਈ ਕੁੱਬੇ ਹੋ ਜਾਂਦੇ ਹਨ। ਅਜਿਹੇ ਮਾਪਿਆਂ ਦਾ ਜਿਉਣਾ ਕੋਈ ਜਿਉਣਾ ਨਹੀਂ ਹੁੰਦਾ। ਉਹ ਸਿਰਫ਼ ਵਕਤ ਨੂੰ ਧੱਕਾ ਦੇਣ ਜੋਗੇ ਰਹਿ ਜਾਂਦੇ ਹਨ।
ਇਸ ਲਈ ਨੌਜਵਾਨ ਪੁੱਤਰਾਂ ਨੂੰ ਮੇਰੀ ਸਲਾਹ ਹੈ ਕਿ ਉਹ ਮਾਪਿਆਂ ਨੂੰ ਜਿਉਂਦੇ ਜੀਅ ਲੋਥਾਂ ਨਾ ਬਣਾਉਣ! ਜਿਵੇਂ ਵੀ ਹੋ ਸਕੇ, ਮਾਪਿਆਂ ਦੀਆਂ ਅੱਖਾਂ ਸਾਹਵੇਂ ਰਹਿ ਕੇ ਆਪਣੇ ਸਵੈ-ਰੋਜ਼ਗਾਰ ਲਈ ਉਪਰਾਲੇ ਕਰਨ! ਜੇ ਹਰ ਹਾਲ ਬਾਹਰ ਜਾਣ ਦਾ ਤਹੱਈਆ ਕਰ ਹੀ ਬੈਠੇ ਹੋ ਤਾਂ ਆਪਣਾ ਸਿਰ ਆਪ ਗੁੰਦ ਕੇ ਜਾਓ। ਠੀਕ ਹੈ, ਤੁਹਾਡੀ Spouse ਦੀ ਵੀ IELTS ਕੀਤੀ ਹੋਵੇ ਪਰ ਤੁਸੀਂ ਕੇਵਲ ਉਸ ਦੇ ਬਲਬੂਤੇ ਬਾਹਰ ਜਾਣ ਦਾ ਵਿਚਾਰ ਹੀ ਤਿਆਗ ਦਿਓ। ‘‘ਹਿੰਮਤੇ ਮਰਦਾਂ ਮੱਦਦੇ ਖ਼ੁਦਾ” ਹਿੰਮਤ ਕਰੋਗੇ ਤਾਂ ਜ਼ਰੂਰ ਕਾਮਯਾਬ ਹੋਵੋਗੇ!
ਵਾਸਤਾ ਹੈ ਸਾਡਾ! ਮਾਪਿਆਂ ਨੂੰ ਜਿਉਂਦੇ ਜੀਅ ਮਰਨ ਤੋਂ ਬਚਾ ਲਵੋ!
ਡਾ. ਸਵਰਨਜੀਤ ਕੌਰ ਗਰੇਵਾਲ
Comment here