ਸਿਆਸਤਖਬਰਾਂ

ਪੁੰਛ ਚ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ ਸੂਬਾ ਸਰਕਾਰ

ਪੁੰਛ-ਬੀਤੇ ਦਿਨ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿਚ  ਜੂਨੀਅਰ ਕਮਿਸ਼ਨਡ ਅਫ਼ਸਰ ਸਮੇਤ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ। ਜਿਹਨਾਂ ਵਿੱਚ ਤਿੰਨ ਜਵਾਨ ਪੰਜਾਬ ਦੇ ਸਨ। 2 ਜਵਾਨ ਉੱਤਰ ਪ੍ਰਦੇਸ਼ ਅਤੇ ਕੇਰਲਾ ਨਾਲ ਸਬੰਧਿਤ ਸਨ। ਨੂਰਪੁਰ ਬੇਦੀ ਬਲਾਕ ਦੇ ਪਿੰਡ ਪੰਚਰੰਡਾ ਦਾ ਸੈਨਿਕ ਨੋਜਵਾਨ ਗੱਜਣ ਸਿੰਘ ( 23 ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ ਅਤੇ ਅੱਜ-ਕੱਲ੍ਹ 16 ਆਰ ਆਰ ਰੈਜੀਮੈਂਟ ਵਿਚ ਪੁੰਛ ਵਿਖੇ ਤਾਇਨਾਤ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਫੋਜੀ ਮਨਦੀਪ ਸਿੰਘ  ਦੇ 2 ਬੇਟੇ ਹਨ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਕਰੀਬ 3 ਸਾਲ ਅਤੇ ਦੂਸਰੇ ਬੇਟੇ ਦੀ ਉਮਰ ਕਰੀਬ 1 ਮਹੀਨੇ ਦੀ ਹੈ। ਉਹ 10 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਏ ਸਨ। ਨਾਇਬ ਸੂਬੇਦਾਰ ਜਸਵਿੰਦਰ ਸਿੰਘ ਜਲੰਧਰ ਜ਼ਿਲੇ ਨਾਲ ਸੰਬੰਧਤ  ਸੀ। ਸਿਪਾਹੀ ਸਾਰਜ ਸਿੰਘ , ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਅਤੇ ਸਿਪਾਹੀ ਵੈਸਾਖ ਐਚ ਵਾਸੀ ਕੇਰਲਾ ਵੀ ਪੂੰਛ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋ ਗਏ।

5 ਜਵਾਨਾਂ ਦੀ ਸ਼ਹਾਦਤ ’ਤੇ ਦੁੱਖ ਜ਼ਾਹਰ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਸਭ ਤੋਂ ਬੁਰੇ ਡਰ ਸੱਚ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਨਾਲ ਫੈਸਲਾਕੁੰਨ ਅਤੇ ਮਜ਼ਬੂਤੀ ਨਾਲ ਨਜਿੱਠਣ ਦੀ ਲੋੜ ਹੈ। ਉਹਨਾਂ ਟਵੀਟ ਕਰਦਿਆਂ ਲਿਖਿਆ, ‘ਸਾਡਾ ਸਭ ਤੋਂ ਬੁਰਾ ਡਰ ਸੱਚ ਹੋ ਰਿਹਾ ਹੈ। ਪਾਕਿਸਤਾਨ ਸਮਰਥਕ ਤਾਲਿਬਾਨ ਵਲੋਂ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਨਾਲ ਕਸ਼ਮੀਰ ਵਿਚ ਅਤਵਾਦ ਵਧ ਰਿਹਾ ਹੈ। ਘੱਟ ਗਿਣਤੀਆਂ ਨੂੰ ਨਿਸ਼ਾਨ ਬਣਾਇਆ ਜਾ ਰਿਹਾ ਹੈ ਅਤੇ ਅੱਜ ਸਾਡੇ 5 ਸੈਨਿਕ ਮਾਰੇ ਗਏ। ਸਾਨੂੰ ਇਸ ਨਾਲ ਫੈਸਲਾਕੁੰਨ ਅਤੇ ਦ੍ਰਿੜਤਾ ਨਾਲ ਨਜਿੱਠਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਕੈਪਟਨ ਅਮਿਰੰਦਰ ਸਿੰਘ ਦਿੱਲੀ ਦੌਰੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮਿਲ ਕੇ ਇਸ ’ਤੇ ਚਿੰਤਾ ਜ਼ਾਹਰ ਕਰ ਚੁੱਕੇ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ ਜੋ ਪੁਣਛ ਸੈਕਟਰ ਵਿਚ ਅਤਿਵਾਦੀਆਂ ਦਾ ਟਾਕਰਾ ਕਰਦਿਆਂ ਦੇਸ਼ ਸੇਵਾ ਵਿਚ ਆਪਣੀਆਂ ਜਾਨਾਂ ਵਾਰ ਗਏ ਹਨ। ਚੰਨੀ ਨੇ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਨਿੰਦਣਯੋਗ ਦੱਸਿਆ ਹੈ।

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਣਛ ਇਲਾਕੇ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਨਿੰਦਾ ਕੀਤੀ, ਜਿਸ ਵਿੱਚ ਇੱਕ ਅਧਿਕਾਰੀ ਸਮੇਤ ਪੰਜ ਜਵਾਨਾਂ ਦੀ ਜਾਨ ਚਲੀ ਗਈ। ਰੰਧਾਵਾ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਗੁਆਂਢੀ ਮੁਲਕ ਉਨ੍ਹਾਂ ਘਟੀਆ ਕਾਰਵਾਈਆਂ ਦਾ ਖਹਿੜਾ ਨਹੀਂ ਛੱਡ ਰਿਹਾ, ਜਿਸਦਾ ਕਿ ਉਹ ਆਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇਸ਼ ਲਈ ਕਿਸੇ ਵੀ ਖ਼ਤਰੇ ਜਾਂ ਚੁਣੌਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਉਪ ਮੁੱਖ ਮੰਤਰੀ ਨੇ ਸ਼ਹੀਦ ਜਵਾਨਾਂ ਦੀ ਮੌਤ `ਤੇ ਦੁੱਖ ਪ੍ਰਗਟ ਕੀਤਾ ਅਤੇ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ। ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਾਸ ਕਰਕੇ ਸਰਹੱਦੀ ਖੇਤਰਾਂ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦੁਸ਼ਮਣ ਬੇਚੈਨ ਹੈ ਅਤੇ ਕਿਸੇ ਵੀ ਘਟੀਆ ਕਾਰਵਾਈ ਦਾ ਸਹਾਰਾ ਲੈ ਸਕਦਾ ਹੈ ਜਿਸਨੂੰ ਹਰ ਹਾਲ ਵਿੱਚ ਠੱਲ੍ਹਣ ਦੀ ਲੋੜ ਹੈ। ਗ੍ਰਹਿ ਮੰਤਰੀ ਨੇ ਹਰੇਕ ਪੰਜਾਬੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਉਨ੍ਹਾਂ ਸੂਬੇ ਅਤੇ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਸਰਵੋਤਮ ਹੈ ਅਤੇ ਇਸ ਲਈ ਕੋਈ ਵੀ ਕੁਰਬਾਨੀ ਵੱਡੀ ਨਹੀਂ ਹੋਵੇਗੀ।

Comment here