ਐੱਸ. ਏ. ਐੱਸ. ਨਗਰ-ਲੰਘੀ 9 ਮਈ ਦੀ ਸ਼ਾਮ ਨੂੰ ਮੁਹਾਲੀ ਵਿਚਲੇ ਸੂਬਾ ਪੁਲਿਸ ਖ਼ੁਫ਼ੀਆ ਦਫ਼ਤਰ ‘ਵਿਚ ਧਮਾਕਾ ਕਰਨ ਦੇ ਮਾਮਲੇ ‘ਵਿਚ ਪੁਲਿਸ ਵਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਅਵਤਾਰ ਸਿੰਘ ਦੀ ਅਦਾਲਤ ‘ਵਿਚ ਨਿਸ਼ਾਨ ਸਿੰਘ, ਬਰਜਿੰਦਰ ਸਿੰਘ ਰੈਂਬੋ, ਕੰਵਰਜੀਤ ਸਿੰਘ ਉਰਫ਼ ਕੰਵਰ ਬਾਠ, ਅਨੰਤਦੀਪ ਸਿੰਘ ਸੋਨੂੰ, ਲਵਪ੍ਰੀਤ ਸਿੰਘ ਵਿੱਕੀ, ਜਗਦੀਪ ਸਿੰਘ ਜੱਗੀ ਤੇ ਬਲਜੀਤ ਕੌਰ ਸੁੱਖੀ ਦੇ ਖ਼ਿਲਾਫ਼ -ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.), ਵਿਸਫੋਟਕ ਐਕਟ ਤੇ ਆਰਮਜ਼ ਐਕਟ ਦੇ ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਗਿਆ। ਪੁਲਿਸ ਵਲੋਂ ਦਾਖ਼ਲ ਕੀਤੇ 272 ਪੰਨਿਆਂ ਦੇ ਇਸ ਦੋਸ਼ ਪੱਤਰ ‘ਵਿਚ 45 ਦੇ ਕਰੀਬ ਗਵਾਹ ਬਣਾਏ ਗਏ ਹਨ। ਇਸ ‘ਚ ਫੋਰੈਂਸਿਕ ਲੈਬ ਦੀ ਉਸ ਰਿਪੋਰਟ ਨੂੰ ਵੀ ਨੱਥੀ ਕੀਤਾ ਗਿਆ ਹੈ, ਜਿਸ ‘ਵਿਚ ਫੋਰੈਂਸਿਕ ਲੈਬ ਵਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਉਕਤ ਪੁਰਜੇ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ਤੋਂ ਮਿਲੇ ਰਾਕਟ ਲਾਂਚਰ ਦੇ ਹੀ ਹਨ। ਇਸ ਮਾਮਲੇ ‘ਵਿਚ ਇਕ ਨਾਬਾਲਗ ਸਮੇਤ ਚੜ੍ਹਤ ਸਿੰਘ, ਗੁਰਪਿੰਦਰ ਸਿੰਘ ਪਿੰਦਾ, ਲਖਬੀਰ ਸਿੰਘ ਲੰਡਾ, ਹਰਿੰਦਰ ਸਿੰਘ ਰਿੰਦਾ ਤੇ ਦੀਪਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਨਾਬਾਲਗ ਮੁਲਜ਼ਮ ਨੂੰ ਛੱਡ ਕੇ ਬਾਕੀ ਸਾਰੇ ਫ਼ਰਾਰ ਹਨ। ਜਾਣਕਾਰੀ ਅਨੁਸਾਰ ਮੁਹਾਲੀ ਪੁਲਿਸ ਮੁਹਾਲੀ ਦੇ ਹੀ ਰਹਿਣ ਵਾਲੇ ਜਗਦੀਪ ਸਿੰਘ ਕੰਗ, ਜਿਸ ਵਲੋਂ ਹਮਲੇ ਤੋਂ ਪਹਿਲਾਂ ਰੇਕੀ ਕੀਤੀ ਗਈ ਸੀ, ਨੂੰ ਵਾਰਦਾਤ ਵਾਲੀ ਜਗ੍ਹਾ ‘ਤੇ ਲਿਜਾਇਆ ਗਿਆ ਅਤੇ ਉਸ ਕੋਲੋਂ ਇੱਟਾਂ ਦੇ ਥੜ੍ਹੇ ਤੋਂ ਲੈ ਕੇ ਹਰੇਕ ਉਸ ਚੀਜ਼ ਅਤੇ ਸਾਰੇ ਰੂਟ ਦੀ ਪਛਾਣ ਪੁੱਛੀ ਗਈ, ਜਿਸ ਰੂਟ ਨੂੰ ਉਸ ਨੇ ਚੜ੍ਹਤ ਸਿੰਘ ਨਾਲ ਸਾਂਝਾ ਕੀਤਾ ਸੀ ਅਤੇ ਵਾਰਦਾਤ ਤੋਂ ਬਾਅਦ ਮੁਲਜ਼ਮ ਉਸ ਰੂਟ ਰਾਹੀਂ ਯੂ.ਪੀ. ਫ਼ਰਾਰ ਹੋ ਗਏ ਸਨ। ਉਧਰ ਪੁਲਿਸ ਵਲੋਂ ਜਗਦੀਪ ਸਿੰਘ ਕੰਗ ਦੀ ਨਿਸ਼ਾਨਦੇਹੀ ‘ਤੇ ਇਸ ਮਾਮਲੇ ‘ਚ ਵਰਤੇ ਗਏ ਤਿੰਨ ਮੋਬਾਈਲ ਫ਼ੋਨ ਤੇ ਇਕ ਫਾਰਚੂਨਰ ਕਾਰ ਬਰਾਮਦ ਕਰ ਲਈ ਹੈ। ਚੜ੍ਹਤ ਸਿੰਘ ਬਾਰੇ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਸ ਕੋਲ ਪਾਸਪੋਰਟ ਨਹੀਂ ਹੈ। ਪੁਲਿਸ ਨੂੰ ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਨਾਬਾਲਗ ਵਾਸੀ ਯੂ.ਪੀ. ਦੇ ਫ਼ੈਜ਼ਾਬਾਦ ਅਤੇ ਦੀਪਕ ਵਾਸੀ ਝੱਜਰ ਹਰਿਆਣਾ ਨੇ ਚੜ੍ਹਤ ਸਿੰਘ ਦੀ ਮਦਦ ਨਾਲ ਰਾਕਟ ਲਾਂਚਰ ਨਾਲ ਇੰਟੈਲੀਜੈਂਸ ਦੇ ਦਫ਼ਤਰ ‘ਤੇ ਹਮਲਾ ਕੀਤਾ ਸੀ। ਪੁਲਿਸ ਦੀ ਹੁਣ ਤੱਕ ਦੀ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਇਸ ਮਾਮਲੇ ‘ਚ ਗ੍ਰਿਫ਼ਤਾਰ ਜਗਦੀਪ ਸਿੰਘ ਕੰਗ, ਬਲਜਿੰਦਰ ਸਿੰਘ ਰੈਂਬੋ, ਅਨੰਤਦੀਪ ਸਿੰਘ ਸੋਨੂੰ, ਕੰਵਰਜੀਤ ਸਿੰਘ ਕੰਵਰਬਾਠ ਤੇ ਬਲਜੀਤ ਕੌਰ ਸੁੱਖੀ ਨੂੰ ਇਸ ਗੱਲ ਦਾ ਬਿਲਕੁਲ ਇਲਮ ਨਹੀਂ ਸੀ ਕਿ ਚੜ੍ਹਤ ਸਿੰਘ ਤੇ ਉਸ ਦੇ 2 ਸਾਥੀ ਇੰਟੈਲੀਜੈਂਸ ਦੇ ਦਫ਼ਤਰ ‘ਤੇ ਹਮਲਾ ਕਰਨ ਵਾਲੇ ਹਨ।
Comment here