ਫਗਵਾੜਾ-ਥਾਣਾ ਸਿਟੀ ਪੁਲਿਸ ਵੱਲੋਂ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਪੁਲਿਸ ਨਾਲ ਹੱਥੋਪਾਈ ਕਰਨ ਦੇ ਮਾਮਲੇ ’ਚ ਇਕ ਨਕਲੀ ਪੱਤਰਕਾਰ ਰੋਹਿਤ ਪੁੱਤਰ ਸਵ. ਜਰਨੈਲ ਸਿੰਘ ਵਾਸੀ ਨੂੰ ਕਾਬੂ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐੱਸਐੱਚਓ ਅਮਨਦੀਪ ਨਾਹਰ ਵੱਲੋਂ ਸਮੇਤ ਪੁਲਿਸ ਪਾਰਟੀ ਹਰਿਗੋਬਿੰਦ ਨਗਰ ਫਗਵਾੜਾ ਬਲੱਡ ਬੈਂਕ ਦੇ ਸਾਹਮਣੇ ਸਪੈਸ਼ਲ ਚੈਕਿੰਗ ਦੌਰਾਨ ਨਾਕਾਬੰਦੀ ਕੀਤੀ ਹੋਈ ਸੀ। ਜਿਥੇ ਉਨ੍ਹਾਂ ਦੀ ਸਹਾਇਤਾ ਲਈ ਏਆਰਪੀ ਟੀਮ ਦੇ ਮੁਲਾਜ਼ਮ ਵੀ ਮੌਜੂਦ ਸਨ। ਚੈਕਿੰਗ ਦੌਰਾਨ ਪੁਲਿਸ ਪਾਰਟੀ ਵੱਲੋਂ ਬੁਲਟ ਮੋਟਰਸਾਈਕਲ ’ਤੇ ਸਵਾਰ ਇਕ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਮੋਟਰਸਾਈਕਲ ਭਜਾ ਕੇ ਖਿਸਕਣ ਲੱਗਾ। ਉਸ ਨੂੰ ਪੁਲਿਸ ਪਾਰਟੀ ਵੱਲੋਂ ਜਦੋਂ ਰੋਕ ਕੇ ਮੋਟਰਸਾਈਕਲ ਦੇ ਕਾਗਜ਼ ਚੈੱਕ ਕਰਵਾਉਣ ਲਈ ਕਿਹਾ ਗਿਆ ਤਾਂ ਉਕਤ ਨੌਜਵਾਨ ਪੁਲਿਸ ਨੂੰ ਕਹਿਣ ਲੱਗਾ, ‘ਮੈਂ ਪੱਤਰਕਾਰ ਹਾਂ, ਤੁਸੀਂ ਕੌਣ ਹੁੰਦੇ ਹੋ, ਮੈਨੂੰ ਰੋਕਣ ਵਾਲੇ’। ਉਹ ਪੁਲਿਸ ਨਾਲ ਬਹਿਸ ਕਰਨ ਲੱਗ ਪਿਆ। ਇੰਨੇ ਨੂੰ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਨੇ ਮੋਟਰਸਾਈਕਲ ਤੋਂ ਉਤਰਦੇ ਹੀ ਗੁੱਸੇ ’ਚ ਆ ਕੇ ਮੁਲਾਜ਼ਮ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੁਲਾਜ਼ਮ ਦੀ ਵਰਦੀ ਦੇ ਬਟਨ ਤੋੜ ਦਿੱਤੇ। ਉਸ ਨੂੰ ਮੌਕੇ ’ਤੇ ਮੌਜੂਦ ਦੂਸਰੇ ਮੁਲਾਜ਼ਮਾਂ ਵੱਲੋਂ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਉਕਤ ਨੌਜਵਾਨ ਖ਼ਿਲਾਫ਼ ਸਿਪਾਹੀ ਹਰਮਨਵੀਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਮੌਕੇ ’ਤੇ ਉਕਤ ਨੌਜਵਾਨ ਪ੍ਰਰੈਸ ਸਬੰਧੀ ਕੋਈ ਵੀ ਆਈਡੀ ਪਰੂਫ਼ ਪੁਲਿਸ ਨੂੰ ਨਹੀਂ ਦਿਖਾ ਸਕਿਆ।
Comment here