ਅਪਰਾਧਸਿਆਸਤਖਬਰਾਂ

ਪੁਲਸ ਮੁਲਾਜ਼ਮ ਵੱਲੋਂ ਲਿਵ ਇਨ ਰਿਲੇਸ਼ਨ ਚ ਰਹਿੰਦੀ ਔਰਤ ਦੀ ਹੱਤਿਆ

ਲੁਧਿਆਣਾ  : ਹੈਬੋਵਾਲ ਦੇ ਦੁਰਗਾਪੁਰੀ ਵਿਚ ਇਕ ਪੁਲਸ ਕਾਂਸਟੇਬਲ ਵੱਲੋਂ ਆਪਣੀ ਸਰਕਾਰੀ ਏ. ਕੇ.-47 ਨਾਲ ਆਪਣੇ ਨਾਲ ਹੀ ਲਿਵ-ਇੰਨ ’ਚ ਰਹਿੰਦੀ ਔਰਤ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਔਰਤ ਦੇ ਕਤਲ ਤੋਂ ਬਾਅਦ ਕਾਂਸਟੇਬਲ ਨੇ ਖੁਦ ਨੂੰ ਵੀ 2 ਗੋਲੀਆਂ ਮਾਰ ਲਈਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਾਇਰਿੰਗ ਦੀ ਆਵਾਜ਼ ਸੁਣਨ ਨਾਲ ਮਕਾਨ ਮਾਲਿਕ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਅੰਦਰ ਔਰਤ ਅਤੇ ਕਾਂਸਟੇਬਲ ਨੂੰ ਖੂਨ ਨਾਲ ਲਿਬੜਿਆ ਵੇਖ ਕੇ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਹੈੱਡ ਕਾਂਸਟੇਬਲ ਸਿਮਰਨਜੀਤ ਸਿੰਘ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਸਰਕਾਰੀ ਹਥਿਆਰ ਏ.ਕੇ.-47 ਦੀ ਵਰਤੋਂ ਕੀਤੀ। ਉਹ ਇੱਥੇ ਪੁਲੀਸ ਲਾਈਨਜ਼ ਵਿੱਚ ਤਾਇਨਾਤ ਹੈ। ਮ੍ਰਿਤਕ ਔਰਤ ਦੀ ਪਛਾਣ ਨਿਧੀ (31) ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਜੋ 11 ਸਾਲ ਦਾ ਹੈ, ਨੇ ਦੱਸਿਆ ਕਿ ਉਸ ਦਾ ਪਿਤਾ ਅਮਨ ਪਿਛਲੇ ਛੇ ਸਾਲਾਂ ਤੋਂ ਦੱਖਣੀ ਅਫ਼ਰੀਕਾ ਵਿੱਚ ਰਹਿ ਰਿਹਾ ਹੈ। “ਸਿਮਰਨਜੀਤ ਸਿੰਘ ਮੇਰਾ ਚਾਚਾ (ਮੇਰੇ ਪਿਤਾ ਦਾ ਭਰਾ) ਹੈ। ਅੱਜ ਤਕਰਾਰ ਤੋਂ ਬਾਅਦ ਉਸ ਨੇ ਮੇਰੀ ਮਾਂ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਰ ਉਸਨੇ ਆਪਣੇ ਪੇਟ ਵਿੱਚ ਗੋਲੀ ਮਾਰ ਲਈ ਅਤੇ ਉਸਨੂੰ ਇਲਾਜ ਲਈ ਡੀਐਮਸੀ ਹਸਪਤਾਲ ਲਿਜਾਇਆ ਗਿਆ।” ਪੁਲਸ ਨੇ ਦੱਸਿਆ ਕਿ ਜ਼ਖਮੀ ਪੁਲਸ ਅਧਿਕਾਰੀ ਦੇ ਬਿਆਨ ਦਰਜ ਕੀਤੇ ਜਾਣੇ ਬਾਕੀ ਹਨ ਕਿਉਂਕਿ ਉਸ ਦੀ ਹਾਲਤ ਗੰਭੀਰ ਹੈ। ਘਰ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਨਿਧੀ ਨੇ ਉਸ ਦੇ ਮਕਾਨ ਦਾ ਕੁਝ ਹਿੱਸਾ ਕਿਰਾਏ ‘ਤੇ ਲਿਆ ਸੀ ਅਤੇ ਉਸ ਨੇ ਉਸ ਨੂੰ ਦੱਸਿਆ ਸੀ ਕਿ ਸਿਮਰਨਜੀਤ ਉਸ ਦਾ ਪਤੀ ਹੈ। ਅੱਜ ਘਟਨਾ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਸਿਮਰਨਜੀਤ ਉਸ ਦਾ ਪਤੀ ਨਹੀਂ। ਸੂਤਰਾਂ ਨੇ ਦੱਸਿਆ ਕਿ ਜਦੋਂ ਸਿਮਰਨਜੀਤ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਅੱਧਾ ਨੰਗਾ ਸੀ। ਏਸੀਪੀ ਪੱਛਮੀ ਤਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਨਿਧੀ ਨਾਲ ਸਿਮਰਨਜੀਤ ਦੇ ਸਬੰਧਾਂ ਬਾਰੇ ਏਸੀਪੀ ਨੇ ਕਿਹਾ ਕਿ ਦੋਵਾਂ ਨੇ ਆਪਣੇ ਆਪ ਨੂੰ ਪਤੀ-ਪਤਨੀ ਵਜੋਂ ਪੇਸ਼ ਕਰਕੇ ਕਿਰਾਏ ‘ਤੇ ਮਕਾਨ ਲਿਆ ਸੀ ਪਰ ਉਨ੍ਹਾਂ ਦੇ ਅਸਲ ਰਿਸ਼ਤੇ ਦੀ ਪੁਸ਼ਟੀ ਹੋਣੀ ਬਾਕੀ ਹੈ।

Comment here