ਅਪਰਾਧਸਿਆਸਤਖਬਰਾਂ

ਪੁਲਸ ਨੇ ਇਮਰਾਨ ਦੇ ਘਰੋਂ 20 ਪਾਰਟੀ ਵਰਕਰਾਂ ਨੂੰ ਕੀਤਾ ਗ੍ਰਿਫ਼ਤਾਰ

ਲਾਹੌਰ-ਟੀਵੀ ਨਿਊਜ਼ ਚੈਨਲ ਜੀਓ ਨਿਊਜ਼ ਦੇ ਅਨੁਸਾਰ ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਪੁਲਸ ਨੇ ਸ਼ਨੀਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਘਰ ‘ਚ ਦਾਖ਼ਲ ਹੋ ਕੇ 20 ਤੋਂ ਵੱਧ ਪਾਰਟੀ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਖਾਨ ਕਾਰਵਾਈ ਦੇ ਸਮੇਂ ਤੋਸ਼ਾਖਾਨਾ ਕੇਸ ਦੀ ਸੁਣਵਾਈ ਲਈ ਇਸਲਾਮਾਬਾਦ ਦੀ ਇੱਕ ਅਦਾਲਤ ਵਿੱਚ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਖਾਨ ਨੂੰ ਇੱਕ ਕੇਸ ਵਿੱਚ ਵਾਰੰਟ ਦੇ ਆਧਾਰ ’ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਪੰਜਾਬ ਪੁਲਸ ਨੇ ਹਾਲ ਹੀ ਵਿੱਚ ਖਾਨ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਸ ਅਤੇ ਪਾਰਟੀ ਵਰਕਰਾਂ ਦਰਮਿਆਨ ਝੜਪਾਂ ਹੋਈਆਂ ਸਨ। ਪੁਲਸ ਨੇ ਖਾਨ ਦੇ ਜ਼ਮਾਨ ਪਾਰਕ ਸਥਿਤ ਰਿਹਾਇਸ਼ ‘ਤੇ ਪਾਰਟੀ ਵੱਲੋਂ ਲਗਾਏ ਗਏ ਵਰਕਰਾਂ ਦੇ ਕੈਂਪਾਂ ਨੂੰ ਹਟਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖਾਨ ਦੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ, ਪੁਲਸ ਨੇ ਕਿਹਾ, “ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਤੁਹਾਨੂੰ ਸਾਰਿਆਂ ਨੂੰ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।’ ਜੀਓ ਨਿਊਜ਼ ਦੇ ਅਨੁਸਾਰ, ਪੁਲਸ ਮੁੱਖ ਗੇਟ ‘ਤੇ ਬੁਲਡੋਜ਼ਰ ਚਲਾ ਕੇ ਘਰ ਵਿੱਚ ਦਾਖ਼ਲ ਹੋਈ ਅਤੇ ਪੀ.ਟੀ.ਆਈ. ਦੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਸ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਾਰਵਾਈ ਦੇ ਜਵਾਬ ਵਿੱਚ ਖਾਨ ਦੀ ਰਿਹਾਇਸ਼ ਦੇ ਅੰਦਰੋਂ ਸਿੱਧੀ ਗੋਲੀਬਾਰੀ ਅਤੇ ਪੈਟਰੋਲ ਬੰਬਾਂ ਦਾ ਸਾਹਮਣਾ ਕਰਨਾ ਪਿਆ। ਜ਼ਮਾਨ ਪਾਰਕ ‘ਚ ਤਲਾਸ਼ੀ ਲੈਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਅਤੇ ਪੀ.ਟੀ.ਆਈ. ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਇਲਾਕੇ ‘ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਸੀ। ਪੁਲਸ ਨੇ ਤਲਾਸ਼ੀ ਮੁਹਿੰਮ ਦੌਰਾਨ ਮੋਲੋਟੋਵ ਕਾਕਟੇਲ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਵੀ ਬਰਾਮਦ ਕੀਤੀ ਹੈ। ਇਸ ਦੌਰਾਨ ਖਾਨ ਨੇ ਟਵੀਟ ਕੀਤਾ ਕਿ ਪੁਲਸ ਨੇ ਉਸ ਸਮੇਂ ਕਾਰਵਾਈ ਕੀਤੀ ਜਦੋਂ ਉਨ੍ਹਾਂ ਦੀ ਪਤਨੀ ਬੁਸ਼ਰਾ ਬੇਗਮ ਘਰ ਵਿੱਚ ਇਕੱਲੀ ਸੀ।
ਖਾਨ ਨੇ ਟਵੀਟ ਕੀਤਾ, “ਪੰਜਾਬ ਪੁਲਸ ਨੇ ਜ਼ਮਾਨ ਪਾਰਕ ਸਥਿਤ ਮੇਰੇ ਘਰ ‘ਤੇ ਛਾਪਾ ਮਾਰਿਆ ਹੈ, ਜਿੱਥੇ ਬੁਸ਼ਰਾ ਬੇਗਮ ਇਕੱਲੀ ਹੈ। ਉਹ ਕਿਸ ਕਾਨੂੰਨ ਤਹਿਤ ਅਜਿਹਾ ਕਰ ਰਹੇ ਹਨ? ਇਹ ‘ਲੰਡਨ ਯੋਜਨਾ’ ਦਾ ਹਿੱਸਾ ਹੈ, ਜਿੱਥੇ ਭਗੌੜੇ ਨਵਾਜ਼ ਸ਼ਰੀਫ ਨੂੰ ਇਕ ਨਿਯੁਕਤੀ ‘ਤੇ ਸਹਿਮਤ ਹੋਣ ਦੇ ਬਦਲੇ ਵਿਚ ਸੱਤਾ ਵਿਚ ਲਿਆਉਣ ਲਈ ਵਚਨਬੱਧਤਾ ਜਤਾਈ ਗਈ ਸੀ।’

Comment here