ਸਿੱਖਸ ਫਾਰ ਜਸਟਿਸ ਵੱਲੋਂ ਪੁਲਸ ਨੂੰ ਧਮਕੀ
ਨਵੀਂ ਦਿੱਲੀ– ਖੇਤੀ ਕਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਜੰਤਰ ਮੰਤਰ ‘ਤੇ ਪ੍ਰਦਰਸ਼ਨ ਕਰਨਗੇ। ਕਿਹਾ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਹੀ ਕਿਸਾਨਾਂ ਨੂੰ ਲਿਆਵੇਗੀ ਅਤੇ ਛੱਡ ਕੇ ਜਾਵੇਗੀ। ਓਧਰ ਪੁਲਸ ਅਧਿਕਾਰੀਆਂ ਵਲੋਂ ਜੰਤਰ-ਮੰਤਰ ਦਾ ਦੌਰਾ ਕੀਤਾ ਗਿਆ | ਪੁਲਿਸ ਨੇ ਪ੍ਰਦਰਸ਼ਨ ਸਬੰਧੀ ਕੁਝ ਸ਼ਰਤਾਂ ਨਾਲ ਇਜਾਜ਼ਤ ਦਿੱਤੀ ਹੈ। 200 ਕਿਸਾਨ ਭਲਕੇ ਪੁਲਸ ਦੀ ਨਿਗਰਾਨੀ ਹੇਠ ਬੱਸਾਂ ਚ ਸਾਢੇ ਗਿਆਰਾਂ ਵਜੇ ਜੰਤਰ-ਮੰਤਰ ਵਿਖੇ ਆਉਣਗੇ ਉਨ੍ਹਾਂ ਨੂੰ ਚਰਚ ਵਾਲੇ ਪਾਸੇ ਬਿਠਾਇਆ ਜਾਵੇਗਾ। ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 5 ਕੰਪਨੀਆਂ ਇਥੇ ਤਾਇਨਾਤ ਕੀਤੀਆਂ ਜਾਣਗੀਆਂ। ਹਰੇਕ ਦੇ ਸ਼ਨਾਖਤੀ ਕਾਰਡਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਬੈਰੀਕੇਡ ਦੇ ਅੰਦਰ ਜਾਣ ਦਿੱਤਾ ਜਾਵੇਗਾ। ਸ਼ਾਮ 5 ਵਜੇ ਤੱਕ ਕਿਸਾਨ ਆਪਣਾ ਵਿਰੋਧ ਖ਼ਤਮ ਕਰਕੇ ਸਿੰਘੂ ਸਰਹੱਦ ‘ਤੇ ਵਾਪਸ ਪਰਤਣਗੇ। ਇਸ ਦੌਰਾਨ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਦਿੱਲੀ ਪੁਲਿਸ ਨੂੰ ਕਿਸਾਨਾਂ ਦੇ ਅੰਦੋਲਨ ਤੋਂ ਦੂਰ ਰਹਿਣ ਦੀ ਧਮਕੀ ਦਿੱਤੀ ਹੈ। ਗੁਰਪਤਵੰਤ ਸਿੰਘ ਪੰਨੂੰ ਨੇ ਇਕ ਆਡੀਓ ਵਿੱਚ ਕਿਹਾ ਹੈ ਕਿ 40 ਪ੍ਰਤੀਸ਼ਤ ਅਪਰਾਧੀ ਸੰਸਦ ਵਿੱਚ ਬੈਠੇ ਹਨ। ਪੰਜਾਬ ਦੇ ਕਿਸਾਨ ਹੁਣ 22 ਜੁਲਾਈ ਨੂੰ ਆਪਣੇ ਹੱਕ ਲੈਣ ਲਈ ਉੱਥੇ ਜਾ ਰਹੇ ਹਨ। ਪੁਲਿਸ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਤਾਂ ਨਤੀਜਾ ਮਾੜਾ ਹੋਵੇਗਾ। ਇਸ ਤੋਂ ਪਹਿਲਾਂ ਵੀ ਪੰਨੂੰ ਨੇ ਵੀਡੀਓ ਜਾਰੀ ਕਰਕੇ 22 ਜੁਲਾਈ ਨੂੰ ਕਿਸਾਨਾਂ ਨੂੰ ਸੰਸਦ ‘ਤੇ ਕਬਜ਼ਾ ਕਰਨ ਲਈ ਉਕਸਾਇਆ ਸੀ, ਕਿਹਾ ਸੀ ਕਿ ਭਾਰਤ ਦੇ ਟੁਕੜੇ ਕਰ ਦੇਵਾਂਗੇ, ਤਿਰੰਗੇ ਨੂੰ ਜੜੋਂ ਉਖਾੜ ਦਿੱਤਾ ਜਾਵੇ ਤੇ ਸਿੱਖਾਂ ਲਈ ਵੱਖਰਾ ਖਾਲਿਸਤਾਨ ਬਣਾਇਆ ਜਾਵੇ।ਪੰਨੂੰ ਦੇ ਦੋ ਮੈਸੇਜ ਆਉਣ ਤੋਂ ਬਾਅਦ ਦਿੱਲੀ ਪੁਲਿਸ ਅਲਰਟ ਹੈ। ਗ੍ਰਹਿ ਮੰਤਰਾਲੇ ਨੂੰ ਵੀ ਸਥਿਤੀ ਬਾਰੇ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ।
Comment here