ਨਵੀਂ ਦਿੱਲੀ-ਹੁਣੇ ਜਿਹੇ ਐਮਾਜ਼ੋਨ ਈ-ਕਾਮਰਸ ਪੋਰਟਲ ਰਾਹੀਂ ਭੰਗ ਦੀ ਵਿਕਰੀ ’ਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਕਿਹਾ ਕਿ ਇਹ ਕੋਈ ਨਵਾਂ ਅਤੇ ਪਹਿਲਾ ਅਪਰਾਧ ਨਹੀਂ ਹੈ। ਇਸ ਤੋਂ ਪਹਿਲਾਂ 2019 ਵਿੱਚ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਵਰਤੇ ਗਏ ਬੰਬ ਬਣਾਉਣ ਲਈ ਰਸਾਇਣ (ਕੈਮੀਕਲ) ਵੀ ਐਮਾਜ਼ੋਨ ਦੇ ਈ-ਕਾਮਰਸ ਪੋਰਟਲ ਰਾਹੀਂ ਖ਼ਰੀਦੇ ਗਏ ਸਨ।
ਸੀਏਆਈਟੀ ਨੇ ਕਿਹਾ ਕਿ ਰਸਾਇਣਾਂ ਨਾਲ ਅਤਿਵਾਦੀ ਹਮਲਿਆਂ ਵਿੱਚ ਵਰਤੇ ਜਾਣ ਵਾਲੇ ਆਈ.ਈ.ਡੀ. ਤਿਆਰ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੱਥ ਦਾ ਖੁਲਾਸਾ ਐੱਨਆਈਏ ਨੇ ਮਾਰਚ, 2020 ਵਿੱਚ ਪੁਲਵਾਮਾ ਮਾਮਲੇ ਦੀ ਜਾਂਚ ਦੌਰਾਨ ਆਪਣੀ ਰਿਪੋਰਟ ਵਿੱਚ ਕੀਤਾ ਸੀ ਅਤੇ ਇਹ ਖ਼ਬਰ ਮਾਰਚ, 2020 ਵਿੱਚ ਮੀਡੀਆ ਵਿੱਚ ਵਿਆਪਕ ਰੂਪ ਵਿੱਚ ਸਾਹਮਣੇ ਆਈ ਸੀ। ਹੋਰ ਸਮੱਗਰੀਆਂ ਦੇ ਵਿੱਚ ਅਮੋਨੀਅਮ ਨਾਈਟ੍ਰੇਟ, ਜੋ ਕਿ ਭਾਰਤ ਵਿੱਚ ਇੱਕ ਪਾਬੰਦੀਸ਼ੁਦਾ ਵਸਤੂ ਹੈ, ਨੂੰ ਵੀ ਐਮਾਜ਼ੋਨ ਈ-ਕਾਮਰਸ ਪੋਰਟਲ ਦੁਆਰਾ ਖ਼ਰੀਦਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਸੀਏਆਈਟੀ ਦੇ ਪ੍ਰਧਾਨ ਬੀ.ਸੀ. ਭਾਰਤੀ ਤੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਜਨਤਕ ਖੇਤਰ ਵਿੱਚ ਉਪਲੱਬਧ ਕਈ ਰਿਪੋਰਟਾਂ ਅਨੁਸਾਰ, ਐੱਨਆਈਏ ਦੁਆਰਾ ਮੁੱਢਲੀ ਪੁੱਛ-ਪੜਤਾਲ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਨੇ ਖੁਲਾਸਾ ਕੀਤਾ ਸੀ ਕਿ ਬੰਬ ਬਣਾਉਣ ਲਈ ਵਰਤਿਆਂ ਜਾਂਦਾ ਰਸਾਇਣ ਬੈਟਰੀਆਂ ਅਤੇ ਹੋਰ ਚੀਜ਼ਾਂ ਨੂੰ ਐਮਾਜ਼ੋਨ ਈ-ਕਾਮਰਸ ਪੋਰਟਲ ਰਾਹੀਂ ਖ਼ਰੀਦਿਆ ਗਿਆ ਸੀ। ਫੌਰੈਂਸਿਕ ਜਾਂਚ ਰਾਹੀਂ ਇਹ ਸਾਬਤ ਹੋ ਗਿਆ ਸੀ ਕਿ ਹਮਲੇ ਵਿੱਚ ਵਰਤੇ ਗਏ ਵਿਸਫੋਟਕ ਅਮੋਨੀਅਮ ਨਾਈਟ੍ਰੇਟ, ਨਾਈਟਰੋ-ਗਲਿਸਰੀਨ ਆਦਿ ਸਨ।
ਸ੍ਰੀ ਭਾਰਤੀ ਅਤੇ ਸ੍ਰੀ ਖੰਡੇਲਵਾਲ ਨੇ ਕਿਹਾ ਕਿ ਇਹ ਧਮਾਕਾਖੇਜ਼ ਸਮੱਗਰੀ ਐਮਾਜ਼ੋਨ ਰਾਹੀਂ ਖ਼ਰੀਦੀ ਗਈ ਸੀ ਜਿਸ ਦੀ ਵਰਤੋਂ ਦੇਸ਼ ਦੇ ਸੈਨਿਕਾਂ ਵਿਰੁੱਧ ਕੀਤੀ ਗਈ ਸੀ, ਇਸ ਲਈ ਐਮਾਜ਼ੋਨ ਤੇ ਇਸ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੀਤੀ ਘਾੜਿਆਂ ਤੇ ਅਧਿਕਾਰੀਆਂ ਵੱਲੋਂ ਈ-ਕਾਮਰਸ ਪ੍ਰਤੀ ਅਪਣਾਏ ਗ਼ੈਰ-ਜ਼ਿੰਮੇਵਾਰਾਨਾ ਵਤੀਰੇ ਕਾਰਨ ਈ-ਕਾਮਰਸ ਪੋਰਟਲ ਚਲਾਉਣ ਵਾਲੀਆਂ ਕੰਪਨੀਆਂ ਖੁੱਲ੍ਹੇਆਮ ਮਨਮਾਨੀਆਂ ਕਰ ਰਹੀਆਂ ਹਨ ਤੇ ਕੋਈ ਵੀ ਇਨ੍ਹਾਂ ਨੂੰ ਰੋਕਣ ਵਾਲਾ ਨਹੀਂ ਹੈ। ਹੋਰ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੌਮੀ ਸੁਰੱਖਿਆ ਨਾਲ ਜੁੜੇ ਇਸ ਬੇਹੱਦ ਗੰਭੀਰ ਮਾਮਲੇ ਨੂੰ ਦਬਾ ਦਿੱਤਾ ਗਿਆ।
Comment here