ਦਾਵੋਸ-ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਕਾਰਨ ਬਹੁਤ ਸਾਰੇ ਮੁਲਕ ਰੂਸ ਨਾਲ ਸਖਤ ਨਰਾਜ਼ ਹਨ, ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਤੇ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦਰਮਿਆਨ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ‘ਚ ਜੰਗ ਜਿੱਤਣ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਰੂਸੀ ਈਂਧਨ ‘ਤੇ ਕਿਸੇ ਵੀ ਤਰ੍ਹਾਂ ਦੀ ਨਿਰਭਰਤਾ ਨੂੰ ਖਤਮ ਕਰਨ ਦੀ ਵੀ ਮੰਗ ਕੀਤੀ। ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ ‘ਚ ਵਿਸ਼ਵ ਆਰਥਿਕ ਮੰਚ (ਡਬਲਯੂ.ਈ.ਐੱਫ.) ਦੀ ਸਾਲਾਨਾ ਬੈਠਕ 2022 ਦੇ ਅੰਤਿਮ ਦਿਨ ਆਪਣੇ ਵਿਸ਼ੇਸ਼ ਸੰਬੋਧਨ ‘ਚ ਸੋਲਜ਼ ਨੇ ਕਿਹਾ ਕਿ ਨਾ ਸਿਰਫ਼ ਯੂਕ੍ਰੇਨ ਦੀ ਸਾਖ ਦਾਅ ‘ਤੇ ਹੈ ਸਗੋਂ ਇਕ ਅਜਿਹੀ ਪ੍ਰਣਾਲੀ ਜੋ ਕਾਨੂੰਨ ਦੇ ਅਧੀਨ ਹੈ, ਹਿੰਸਾ ‘ਤੇ ਪਾਬੰਦੀ ਲਾਉਂਦੀ ਹੈ ਅਤੇ ਸੁਤੰਤਰਤਾ, ਸੁਰੱਖਿਆ ਅਤੇ ਖੁਸ਼ਹਾਲ ਦੀ ਗਾਰੰਟੀ ਦਿੰਦੀ ਹੈ, ਉਹ ਵੀ ਦਾਅ ‘ਤੇ ਹੈ। ਉਨ੍ਹਾਂ ਕਿਹਾ ਕਿ ਇਸ ਬਹੁਧਰੁਵੀ ਦੁਨੀਆ ‘ਚ ਵਧਦੇ ਪ੍ਰਭਾਵ ਵਾਲੇ ਦੇਸ਼ ਬਹੁਤ ਜ਼ਿਆਦਾ ਰਾਜਨੀਤਿਕ ਹਿੱਸੇਦਾਰੀ ਦੀ ਮੰਗ ਕਰ ਰਹੇ ਹਨ। ਇਹ ਕੋਈ ਖਤਰਾ ਨਹੀਂ ਹੈ। ਅਸੀਂ ਸਹਿਯੋਗ ਦੇ ਨਵੇਂ ਰਸਤੇ ਖੋਲ੍ਹਾਂਗੇ। ਯੂਕ੍ਰੇਨ ਵਿਰੁੱਧ ਰੂਸ ਦੇ ਹਮਲੇ ਦਾ ਵਿਰੋਧ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਸਪੱਸ਼ਟ ਹੈ-ਅਸੀਂ ਪੁਤਿਨ ਨੂੰ ਇਹ ਜੰਗ ਜਿੱਤਣ ਨਹੀਂ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਤਬਦੀਲੀ, ਨਵੀਨੀਕਰਨ ਅਤੇ ਮੁੜਨਿਰਮਾਣ ਦੇ ਹੋਣਗੇ ਅਤੇ ਉਹ ਯੂਰਪ ਦੇ ਬਿਹਤਰ ਭਵਿੱਖ ਦੀ ਉਮੀਦ ਕਰ ਰਹੇ ਹਨ।
Comment here