ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਪੁਤਿਨ ਨੂੰ ਜੰਗ ਬਾਬਤ ਮੋਦੀ ਦੀ ਸਲਾਹ ਦੀ ਹਰ ਪਾਸੇ ਸਲਾਹੁਤ

ਜਨੇਵਾ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਸੀ ਕਿ ਇਹ ਜੰਗ ਦਾ ਸਮਾਂ ਨਹੀਂ ਹੈ, ਮੋਦੀ ਦੀ ਇਸ ਸਲਾਹ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ ਇਕ ਸੈਸ਼ਨ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਗੱਲ ਬਿਲਕੁੱਲ ਠੀਕ ਸੀ। ਸੰਯੁਕਤ ਰਾਸ਼ਟਰ ਮਹਾਸਭਾ ਦੇ ਇਸ ਸੈਸ਼ਨ ਵਿਚ ਦੁਨੀਆ ਭਰ ਦੇ ਨੇਤਾਵਾਂ ਨੇ ਹਿੱਸਾ ਲਿਆ। ਮੋਦੀ ਨੇ ਹਾਲ ਹੀ ’ਚ ਉਜ਼ਬੇਕਿਸਤਾਨ ਦੇ ਸਮਰਕੰਦ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸੰਮੇਲਨ ਤੋਂ ਇਲਾਵਾ ਪੁਤਿਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ‘ਅੱਜ ਜੰਗ ਦਾ ਯੁੱਗ ਨਹੀਂ ਹੈ।’ ਇਸ ਤੋਂ ਇਲਾਵਾ ਮੋਦੀ ਨੇ ਜੰਗ ਨੂੰ ਲੈ ਕੇ ਪੁਤਿਨ ਨਾਲ ਕਈ ਵਾਰ ਫੋਨ ‘ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਤੰਤਰ, ਕੂਟਨੀਤੀ ਅਤੇ ਸੰਵਾਦ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਹੈ। ਆਪਣੇ ਸੰਬੋਧਨ ਵਿਚ ਮੈਕਰੋਨ ਨੇ ਕਿਹਾ, ‘ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੀ ਕਿਹਾ ਸੀ ਕਿ ਇਹ ਯੁੱਧ ਦਾ ਯੁੱਗ ਨਹੀਂ ਹੈ। ਇਹ ਸਮਾਂ ਪੱਛਮ ਤੋਂ ਬਦਲਾ ਲੈਣ ਅਤੇ ਇਸਨੂੰ ਪੂਰਬ ਦੇ ਵਿਰੁੱਧ ਖੜਾ ਕਰਨ ਦਾ ਨਹੀਂ ਹੈ। ਇਹ ਸਮਾਂ ਹੈ ਕਿ ਅਸੀਂ ਸਾਰੇ ਪ੍ਰਭੂਸੱਤਾ ਸੰਪੰਨ ਦੇਸ਼ ਸਾਡੇ ਸਾਹਮਣੇ ਮੌਜੂਦ ਚੁਣੌਤੀਆਂ ਦਾ ਇਕਜੁੱਟ ਹੋ ਕੇ ਸਾਹਮਣਾ ਕਰੀਏ।’

ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੇਵਰਲੀ ਨੇ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਮੰਚ ‘ਤੇ ਪ੍ਰਭਾਵਸ਼ਾਲੀ ਢੰਗ ਆਪਣੀ ਗੱਲ ਰੱਖਣ ਲਈ ਪਛਾਣੇ ਜਾਂਦੇ ਹਨ ਅਤੇ ਰੂਸੀ ਲੀਡਰਸ਼ਿਪ ਵੀ ਵਿਸ਼ਵ ਮੰਚ ‘ਤੇ ਭਾਰਤ ਦੀ ਸਥਿਤੀ ਦਾ ਸਨਮਾਨ ਕਰਦੀ ਹੈ। ਕਲੇਵਰਲੀ ਨੇ ਕਿਹਾ ਕਿ ਬ੍ਰਿਟੇਨ ਨੂੰ ਉਮੀਦ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਨ੍ਹਾਂ ਆਵਾਜ਼ਾਂ ਨੂੰ ਸੁਣਨਗੇ, ਜੋ ਯੂਕ੍ਰੇਨ ਯੁੱਧ ਦੇ ਵਿਚਕਾਰ ਸ਼ਾਂਤੀ ਦੀ ਮੰਗ ਕਰਨ ਲਈ ਉੱਠ ਰਹੀਆਂ ਹਨ। ਕਲੇਵਰਲੀ ਰੂਸ-ਯੂਕ੍ਰੇਨ ਯੁੱਧ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਰੂਸੀ ਰਾਸ਼ਟਰਪਤੀ ਨਾਲ ਗੱਲਬਾਤ ‘ਤੇ ਸਵਾਲ ਦਾ ਜਵਾਬ ਦੇ ਰਹੇ ਸਨ। ਕਲੇਵਰਲੀ ਨੇ ਇਕ ਇੰਟਰਵਿਊ ‘ਚ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਮੰਚ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਰੱਖਣ ਲਈ ਪਛਾਣੇ ਜਾਂਦੇ ਹਨ। ਅਸੀਂ ਜਾਣਦੇ ਹਾਂ ਕਿ ਰੂਸੀ ਲੀਡਰਸ਼ਿਪ ਵੀ ਵਿਸ਼ਵ ਪੱਧਰ ‘ਤੇ ਭਾਰਤ ਦੀ ਸਥਿਤੀ ਦਾ ਸਨਮਾਨ ਕਰਦੀ ਹੈ।’ ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਦਾ ਇਹ ਕਦਮ ਸਵਾਗਤਯੋਗ ਹੈ। ਅਸੀਂ ਉਮੀਦ ਕਰਦੇ ਹਾਂ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ਾਂਤੀ ਅਤੇ ਤਣਾਅ ਘੱਟ ਕਰਨ ਦੀ ਮੰਗ ਨੂੰ ਲੈ ਕੇ ਉੱਠੀਆਂ ਆਵਾਜ਼ਾਂ ਵੱਲ ਧਿਆਨ ਦੇਣਗੇ। ਇਸ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਕਦਮ ਦਾ ਸਵਾਗਤ ਕਰਦੇ ਹਾਂ।

Comment here