ਅਪਰਾਧਸਿਆਸਤਦੁਨੀਆ

ਪੁਜਾਰੀ ਨੂੰ ਮੰਦਰ ਦੇ ਗਹਿਣੇ ਗਿਰਵੀ ਰੱਖਣ ‘ਤੇ ਮਿਲੀ 6 ਸਾਲ ਦੀ ਸਜ਼ਾ

ਸਿੰਗਾਪੁਰ-ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਸਿੰਗਾਪੁਰ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਦੇ 39 ਸਾਲਾ ਭਾਰਤੀ ਮੁੱਖ ਪੁਜਾਰੀ ਨੂੰ ਮੰਦਰ ਦੇ 20 ਲੱਖ ਸਿੰਗਾਪੁਰ ਡਾਲਰ (15 ਲੱਖ ਡਾਲਰ) ਤੋਂ ਜ਼ਿਆਦਾ ਮੁੱਲ ਦੇ ਗਹਿਣੇ ਗਿਰਵੀ ਰੱਖਣ ਦੇ ਮਾਮਲੇ ਵਿਚ ਮੰਗਲਵਾਰ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਕੰਡਾਸਾਮੀ ਸੈਨਾਪਤੀ ਨੂੰ ਦਸੰਬਰ 2013 ਵਿਚ ਚਾਈਨਾ ਟਾਊਨ ਜ਼ਿਲ੍ਹੇ ਦੇ ਸ਼੍ਰੀ ਮਰੀਅਮਨ ਮੰਦਰ ਵਿਚ ਇਕ ਪੁਜਾਰੀ ਦੇ ਰੂਪ ਵਿਚ ਹਿੰਦੂ ਚੈਰੀਟੇਬਲ ਬੋਰਡ ਵਲੋਂ ਨਿਯੁਕਤ ਕੀਤਾ ਗਿਆ ਸੀ। ਉਸਨੇ 30 ਮਾਰਚ, 2020 ਨੂੰ ਅਸਤੀਫਾ ਦੇ ਦਿੱਤਾ ਸੀ।
ਰਿਪੋਰਟ ਮੁਤਾਬਕ ਸੈਨਾਪਤੀ ਨੇ ਗਬਨ ਕਰਕੇ ਅਪਰਾਧਿਕ ਵਿਸ਼ਵਾਸਘਾਤ ਦੇ ਦੋ ਦੋਸ਼ਾਂ ਅਤੇ ਅਪਰਾਧਕ ਕਮਾਈ ਨੂੰ ਦੇਸ਼ ਤੋਂ ਬਾਹਰ ਭੇਜਣ ਦੇ 2 ਦੋਸ਼ਾਂ ਨੂੰ ਮੰਨਿਆ ਹੈ। ਸਜ਼ਾ ਸੁਣਾਉਂਦੇ ਸਮੇਂ ਹੋਰ 6 ਦੋਸ਼ਾਂ ਨੂੰ ਧਿਆਨ ਵਿੱਚ ਰੱਖਿਆ ਗਿਆ। ਕੋਵਿਡ-19 ਮਹਾਮਾਰੀ ਦੌਰਾਨ 2020 ਵਿੱਚ ਭਾਰਤੀ ਨਾਗਰਿਕ ਸੈਨਾਪਤੀ ਦਾ ਅਪਰਾਧ ਸਾਹਮਣੇ ਆਇਆ ਸੀ। ਸੈਨਾਪਤੀ ਨੇ 2016 ਵਿਚ ਮੰਦਰ ਦੇ ਗਹਿਣਿਆਂ ਨੂੰ ਗਿਰਵੀ ਰੱਖਣਾ ਸ਼ੁਰੂ ਕੀਤਾ। ਬਾਅਦ ਵਿਚ ਮੰਦਰ ਦੇ ਹੋਰ ਗਹਿਣਿਆਂ ਨੂੰ ਗਿਰਵੀ ਰੱਖ ਕੇ ਉਸ ਤੋਂ ਪ੍ਰਾਪਤ ਪੈਸਿਆਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਛੁਡਾਇਆ।
ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਕੱਲੇ 2016 ਵਿਚ ਹੀ ਸੈਨਾਪਤੀ ਨੇ 172 ਮੌਕਿਆਂ ’ਤੇ ਮੰਦਰ ਤੋਂ ਸੋਨੇ ਦੇ 66 ਗਹਿਣੇ ਗਿਰਵੀ ਰੱਖੇ ਸਨ। ਉਸਨੇ 2016 ਅਤੇ 2020 ਵਿਚਾਲੇ ਕਈ ਵਾਰ ਇਸੇ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ। ਸੈਨਾਪਤੀ ਨੂੰ 2016 ਤੋਂ 2020 ਵਿਚਾਲੇ ਗਹਿਣੇ ਗਿਰਵੀ ਰੱਖਣ ਦੀਆਂ ਦੁਕਾਨਾਂ ਤੋਂ 2,328,760 ਸਿੰਗਾਪੁਰੀ ਡਾਲਰ ਮਿਲੇ, ਜਿਨ੍ਹਾਂ ਵਿਚੋਂ ਉਸਨੇ ਕੁਝ ਆਪਣੇ ਬੈਂਕ ਖਾਤੇ ਵਿਚ ਜਮ੍ਹਾ ਕੀਤੇ ਅਤੇ ਲਗਭਗ 1,41,000 ਸਿੰਗਾਪੁਰ ਡਾਲਰ ਭਾਰਤ ਭੇਜੇ। ਜੂਨ 2020 ਵਿਚ ਆਡਿਟ ਦੌਰਾਨ ਸੈਨਾਪਤੀ ਨੇ ਮੰਦਰ ਦੀ ਵਿੱਤ ਟੀਮ ਨੂੰ ਕਿਹਾ ਕਿ ਉਸਦੇ ਕੋਲ ਖਜਾਨੇ ਦੀ ਚਾਬੀ ਨਹੀਂ ਹੈ ਅਤੇ ਸ਼ਾਇਦ ਉਹ ਭਾਰਤ ਦੀ ਯਾਤਰਾ ਦੌਰਾਨ ਘਰ ਚਾਬੀ ਭੁੱਲ ਆਇਆ ਹੈ। ਮੈਂਬਰਾਂ ਵਲੋਂ ਆਡਿਟ ’ਤੇ ਜ਼ੋਰ ਦਿੱਤੇ ਜਾਣ ਤੋਂ ਬਾਅਦ ਸੈਨਾਪਤੀ ਨੇ ਆਪਣਾ ਅਪਰਾਧ ਕਬੂਲ ਲਿਆ ਅਤੇ ਮੰਨਿਆ ਕਿ ਉਸਨੇ ਗਹਿਣੇ ਗਿਰਵੀ ਰੱਖੇ ਹਨ। ਕੋਵਿਡ-19 ਮਹਾਮਾਰੀ ਦੌਰਾਨ 2020 ਵਿੱਚ ਭਾਰਤੀ ਨਾਗਰਿਕ ਸੈਨਾਪਤੀ ਦਾ ਅਪਰਾਧ ਸਾਹਮਣੇ ਆਇਆ ਸੀ।

Comment here