ਸਿਆਸਤਖਬਰਾਂਦੁਨੀਆ

ਪੀਐੱਮ ਮੋਦੀ ਨੇ ਸ਼ਿੰਜੋ ਆਬੇ ਨੂੰ ਦਿੱਤੀ ਸ਼ਰਧਾਂਜਲੀ

ਟੋਕੀਓ-ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਸੰਸਕਾਰ ਮੌਕੇ ਬਹੁਤ ਸਾਰੇ ਦੇਸ਼ ਵਿਦੇਸ਼ ਤੋਂ ਆਗੂ ਪਹੁੰਚੇ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਮੰਗਲਵਾਰ ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ‘ਤੇ ਸ਼ਰਧਾਂਜਲੀ ਦਿੱਤੀ। ਆਬੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਟੋਕੀਓ ਪਹੁੰਚੇ ਪੀਐਮ ਮੋਦੀ ਨੇ ਹੱਥ ਜੋੜ ਕੇ ਅਤੇ ਫੁੱਲਾਂ ਦਾ ਗੁੱਛਾ ਭੇਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਸ਼ਿੰਜੋ ਨੂੰ ਅੰਤਿਮ ਵਿਦਾਈ ਦੇਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਟੋਕੀਓ ਵਿੱਚ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਭਾਰਤ-ਜਾਪਾਨ ਸਬੰਧਾਂ ਨੂੰ ਲੈ ਕੇ ਗੱਲਬਾਤ ਹੋਈ। ਫੂਮਿਓ ਕਿਸ਼ਿਦਾ ਨਾਲ ਦੁਵੱਲੀ ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਤੁਹਾਡੀ ਅਗਵਾਈ ਵਿੱਚ ਭਾਰਤ-ਜਾਪਾਨ ਸਬੰਧ ਹੋਰ ਡੂੰਘੇ ਹੋਣਗੇ, ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਵੀ ਯਾਦ ਕੀਤਾ।
ਉਨ੍ਹਾਂ ਕਿਹਾ, ਅਸੀਂ ਅੱਜ ਦੁੱਖ ਦੀ ਇਸ ਘੜੀ ਵਿੱਚ ਮਿਲ ਰਹੇ ਹਾਂ। ਪਿਛਲੀ ਵਾਰ ਜਦੋਂ ਮੈਂ ਆਇਆ ਸੀ ਤਾਂ ਮੈਂ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਲੰਬੀ ਗੱਲਬਾਤ ਕੀਤੀ ਸੀ। ਭਾਰਤ ਨੇ ਸ਼ਿੰਜੋ ਆਬੇ ਨੂੰ ਯਾਦ ਕੀਤਾ। ਇਹ ਕਲਸ਼ ਇੱਕ ਲੱਕੜੀ ਦੇ ਬਕਸੇ ਵਿੱਚ ਸੀ ਜਿਸ ਵਿੱਚ ਬੈਂਗਣੀ ਅਤੇ ਸੋਨੇ ਦੀਆਂ ਧਾਰੀਆਂ ਵਿੱਚ ਲਪੇਟਿਆ ਹੋਇਆ ਸੀ। ਸਫੈਦ ਬਸਤਰ ਪਹਿਨੇ ਰੱਖਿਆ ਕਰਮਚਾਰੀਆਂ ਨੇ ਆਬੇ ਦੀਆਂ ਅਸਥੀਆਂ ਵਾਲਾ ਕਲਸ਼ ਲਿਆ ਅਤੇ ਇਸ ਨੂੰ ਚਿੱਟੇ ਅਤੇ ਪੀਲੇ ਫੁੱਲਾਂ ਨਾਲ ਸਜਾਈ ਚੌਂਕੀ ‘ਤੇ ਰੱਖਿਆ।
ਇਸ ਦੌਰਾਨ ਅਕੀ ਆਬੇ ਤੋਂ ਬਾਅਦ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਸਮੇਤ ਸਰਕਾਰ, ਸੰਸਦ ਦੇ ਕਈ ਪ੍ਰਤੀਨਿਧੀਆਂ ਨੇ ਸੋਗ ਪ੍ਰਗਟ ਕਰਦੇ ਭਾਸ਼ਣ ਦਿੱਤੇ। ਆਬੇ ਦੇ ਅੰਤਿਮ ਸੰਸਕਾਰ ‘ਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਕਈ ਵਿਸ਼ਵ ਨੇਤਾਵਾਂ ਸਮੇਤ 4,300 ਲੋਕਾਂ ਨੇ ਸ਼ਿਰਕਤ ਕੀਤੀ। ਹੈਰਿਸ ਨੂੰ ਜਾਪਾਨ ਵਿੱਚ ਅਮਰੀਕੀ ਰਾਜਦੂਤ ਰਹਿਮ ਇਮੈਨੁਅਲ ਨਾਲ ਤੀਜੀ ਕਤਾਰ ਵਿੱਚ ਬੈਠੇ ਦੇਖਿਆ ਗਿਆ। 67 ਸਾਲਾ ਆਬੇ ਦੀ 8 ਜੁਲਾਈ ਨੂੰ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਦੱਖਣੀ ਜਾਪਾਨ ਦੇ ਸ਼ਹਿਰ ਨਾਰਾ ‘ਚ ਚੋਣ ਪ੍ਰਚਾਰ ਦੌਰਾਨ ਇਕ ਜਨਤਕ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਆਬੇ ਦਾ ਅੰਤਮ ਸੰਸਕਾਰ ਜੁਲਾਈ ਵਿੱਚ ਟੋਕੀਓ ਦੇ ਇੱਕ ਮੰਦਰ ਵਿੱਚ ਬਹੁਤ ਕਰੀਬੀ ਲੋਕਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ।  ਉਨ੍ਹਾਂ ਦੇ ਸਰਕਾਰੀ ਅੰਤਿਮ ਸੰਸਕਾਰ ਦਾ ਪ੍ਰੋਗਰਾਮ ਰੱਖਿਆ ਗਿਆ ਹੈ, ਤਾਂ ਜੋ ਵਿਸ਼ਵ ਨੇਤਾ ਅਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣ। ਇਸ ਸਮਾਗਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

Comment here